ਅਨੰਦੁ ਸਾਹਿਬ – ਪਉੜੀ ੩੩

ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ ॥

ਹਰਿ ਜੋਤਿ ਰਖੀ ਤੁਧੁ ਵਿਚਿ ਤਾ ਤੂ ਜਗ ਮਹਿ ਆਇਆ ॥

ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ ॥

ਗੁਰ ਪਰਸਾਦੀ ਬੁਝਿਆ ਤਾ ਚਲਤੁ ਹੋਆ ਚਲਤੁ ਨਦਰੀ ਆਇਆ ॥

ਕਹੈ ਨਾਨਕੁ ਸ੍ਰਿਸਟਿ ਕਾ ਮੂਲੁ ਰਚਿਆ ਜੋਤਿ ਰਾਖੀ ਤਾ ਤੂ ਜਗ ਮਹਿ ਆਇਆ ॥੩੩॥

{ਪੰਨਾ ੯੨੧}

ਮਨੁੱਖੀ ਜਨਮ ਜੀਵਨ ਦਾ ਆਧਾਰ ਪਰਮ ਜੋਤ ਹੈ। ਮਨੁੱਖਾ ਜਨਮ ਜੀਵਨ ਦਾ ਸਾਰ ਪਰਮ ਜੋਤ ਦੀ ਪਰਮ ਸ਼ਕਤੀ ਹੀ ਹੈ। ਜਨਮ ਪਦਾਰਥ ਪਰਮ ਜੋਤ ਹੀ ਹੈ। ਜਨਮ ਪਦਾਰਥ ਦੀ ਪ੍ਰਾਪਤੀ ਪਰਮ ਜੋਤ ਦੀ ਪ੍ਰਾਪਤੀ ਹੀ ਹੈ। ਪਰਮ ਜੋਤ ਵਿੱਚ ਹੀ ਪਰਮ ਸ਼ਕਤੀ ਹੈ। ਪਰਮ ਜੋਤ ਵਿੱਚ ਹੀ ਸਤਿ ਪਾਰਬ੍ਰਹਮ ਦੇ ਨਿਰਗੁਣ ਸਰੂਪ ਦੀਆਂ ਸਾਰੀਆਂ ਪਰਮ ਸ਼ਕਤੀਆਂ ਹਨ। ਮਨੁੱਖਾ ਦੇਹੀ ਵਿੱਚ ਪਰਮ ਜੋਤ ਨੂੰ ਸਥਾਪਿਤ ਕਰ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਨੇ ਸਾਰੀਆਂ ਪਰਮ ਸ਼ਕਤੀਆਂ ਮਨੁੱਖਾ ਦੇਹੀ ਵਿੱਚ ਰੱਖ ਦਿੱਤੀਆਂ ਹਨ। ਪਰਮ ਜੋਤ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਪਰਮ ਸ਼ਕਤੀਸ਼ਾਲੀ ਹੁਕਮ ਹੈ ਜਿਸ ਹੁਕਮ ਦੇ ਅਨੁਸਾਰ ਮਨੁੱਖ ਦਾ ਜਨਮ ਹੁੰਦਾ ਹੈ। ਪਰਮ ਜੋਤ ਦੀ ਪਰਮ ਸ਼ਕਤੀ ਤੋਂ ਬਿਨਾਂ ਮਨੁੱਖ ਦਾ ਜਨਮ ਸੰਭਵ ਨਹੀਂ ਹੈ। ਮਨੁੱਖਾ ਦੇਹੀ ਦੀ ਰਚਨਾ ਪਰਮ ਜੋਤ ਦੇ ਪਰਮ ਸ਼ਕਤੀਸ਼ਾਲੀ ਹੁਕਮ ਤੋਂ ਬਿਨਾਂ ਸੰਭਵ ਨਹੀਂ ਹੈ। ਸਾਰੀਆਂ ਸੰਸਾਰਿਕ ਵਸਤੂਆਂ ਦੀ ਰਚਨਾ ਪੰਜ ਤੱਤਾਂ ਦੇ ਨਾਲ ਹੀ ਹੁੰਦੀ ਹੈ। ਮਨੁੱਖਾ ਦੇਹੀ ਵੀ ਪੰਚ ਭੂਤਕ ਹੈ। ਭਾਵ ਮਨੁੱਖਾ ਦੇਹੀ ਦੀ ਰਚਨਾ ਪੰਜ ਤੱਤਾਂ ਦੇ ਮੇਲ ਨਾਲ ਹੁੰਦੀ ਹੈ: ਹਵਾ, ਪਾਣੀ, ਧਰਤੀ, ਅਗਨੀ ਅਤੇ ਆਕਾਸ਼। ਇਹ ਪੰਜ ਤੱਤ ਇੱਕ ਦੂਜੇ ਦੇ ਵਿਰੋਧੀ ਤੱਤ ਹਨ। ਇਨ੍ਹਾਂ ਪੰਜ ਤੱਤਾਂ ਦਾ ਸੁਭਾਅ ਇੱਕ ਦੂਜੇ ਦਾ ਵਿਰੋਧੀ ਹੈ। ਉਦਾਹਰਣ ਦੇ ਤੌਰ ‘ਤੇ: ਹਵਾ ਅਗਨੀ ਨੂੰ ਪ੍ਰਜ੍ਵਲਿਤ ਕਰਦੀ ਹੈ; ਪਾਣੀ ਅਗਨੀ ਨੂੰ ਬੁਝਾਉਂਦਾ ਹੈ; ਹਵਾ ਨਾਲ ਪਾਣੀ ਉੱਡ ਜਾਂਦਾ ਹੈ; ਧਰਤੀ (ਮਿੱਟੀ) ਪਾਣੀ ਵਿੱਚ ਆਪਣਾ ਰੂਪ ਬਦਲ ਲੈਂਦੀ ਹੈ; ਆਕਾਸ਼ ਸਦਾ ਧਰਤੀ ਦੇ ਉੱਪਰ ਜਾਂ ਅੰਦਰ ਹੁੰਦਾ ਹੈ। ਇਹ ਪਰਮ ਜੋਤ ਦਾ ਪਰਮ ਸ਼ਕਤੀਸ਼ਾਲੀ ਹੁਕਮ ਹੈ ਜੋ ਕਿ ਇਨ੍ਹਾਂ ਪੰਜ ਵਿਰੋਧੀ ਤੱਤਾਂ ਨੂੰ ਇਕੱਤਰ ਕਰ ਕੇ ਮਨੁੱਖਾ ਦੇਹੀ ਦੇ ਰੂਪ ਵਿੱਚ ਪ੍ਰਗਟ ਕਰਦਾ ਹੈ। ਇਹ ਪਰਮ ਜੋਤ ਦੀ ਪਰਮ ਸ਼ਕਤੀ ਹੈ ਜੋ ਕਿ ਇਨ੍ਹਾਂ ਪੰਜ ਵਿਰੋਧੀ ਤੱਤਾਂ ਨੂੰ ਮਨੁੱਖਾ ਦੇਹੀ ਦੇ ਰੂਪ ਵਿੱਚ ਪ੍ਰਗਟ ਕਰਦੀ ਹੈ।

ਇਹ ਪਰਮ ਸਤਿ ਹੈ ਕਿ ਮਨੁੱਖਾ ਦੇਹੀ ਵਿੱਚ ਸਥਾਪਿਤ ਪਰਮ ਜੋਤ ਹੀ ਮਨੁੱਖ ਦੇ ਪ੍ਰਾਣ ਹਨ। ਸੁਆਸ ਲੈਣ ਦੀ ਸ਼ਕਤੀ ਹੀ ਪ੍ਰਾਣ ਸ਼ਕਤੀ ਹੈ। ਭਾਵ ਮਨੁੱਖ ਸੁਆਸ ਲੈਂਦਾ ਹੈ ਤਾਂ ਮਨੁੱਖਾ ਦੇਹੀ ਜੀਵਤ ਰਹਿੰਦੀ ਹੈ। ਮਨੁੱਖ ਦੀ ਸੁਆਸ ਲੈਣ ਦੀ ਸ਼ਕਤੀ ਦਾ ਆਧਾਰ ਕੇਵਲ ਪਰਮ ਜੋਤ ਹੀ ਹੈ। ਜਦ ਤੱਕ ਮਨੁੱਖਾ ਦੇਹੀ ਵਿੱਚ ਪਰਮ ਜੋਤ ਸਥਾਪਿਤ ਹੈ ਤਦ ਤੱਕ ਮਨੁੱਖਾ ਦੇਹੀ ਵਿੱਚ ਸੁਆਸ ਲੈਣ ਦੀ ਸ਼ਕਤੀ ਮੌਜੂਦ ਰਹਿੰਦੀ ਹੈ। ਜਦ ਪਰਮ ਜੋਤ ਮਨੁੱਖਾ ਦੇਹੀ ਦਾ ਤਿਆਗ ਕਰਦੀ ਹੈ ਤਾਂ ਮਨੁੱਖ ਦੀ ਸੁਆਸ ਲੈਣ ਦੀ ਸ਼ਕਤੀ ਦਾ ਅੰਤ ਹੋ ਜਾਂਦਾ ਹੈ। ਐਸਾ ਹੋਣ ਨਾਲ ਮਨੁੱਖਾ ਦੇਹੀ ਵਿੱਚੋਂ ਪ੍ਰਾਣ ਸ਼ਕਤੀ ਨਿਕਲ ਜਾਂਦੀ ਹੈ ਅਤੇ ਮਨੁੱਖ ਦੇ ਜਨਮ ਜੀਵਨ ਦਾ ਅੰਤ ਹੋ ਜਾਂਦਾ ਹੈ। ਇਸ ਲਈ ਮਨੁੱਖਾ ਦੇਹੀ ਵਿੱਚ ਜਦ ਤੱਕ ਪਰਮ ਜੋਤ ਹੈ ਤਦ ਤੱਕ ਜੀਵਨ ਹੈ ਜਦੋਂ ਪਰਮ ਜੋਤ ਮਨੁੱਖਾ ਦੇਹੀ ਦਾ ਤਿਆਗ ਕਰਦੀ ਹੈ ਤਾਂ ਮਨੁੱਖ ਦੇ ਜੀਵਨ ਜਨਮ ਦਾ ਅੰਤ ਹੋ ਜਾਂਦਾ ਹੈ। ਪੰਜ ਭੂਤਕ ਦੇਹੀ ਵਿੱਚੋਂ ਜੀਵਨ ਜੋਤ ਦੇ ਨਿਕਲ ਜਾਣ ਦੇ ਨਾਲ ਹੀ ਪੰਜ ਤੱਤ ਆਪਣੀ ਹੋਂਦ ਵਿੱਚ ਜਾ ਸਮਾਉਂਦੇ ਹਨ। ਇਹ ਪਰਮ ਸਤਿ ਹੈ ਕਿ ਪੰਜ ਤੱਤਾਂ ਦੇ ਨਾਲ ਹੋਈ ਹਰ ਇੱਕ ਰਚਨਾ ਦਾ ਅੰਤ ਨਿਸ਼ਚਿਤ ਹੈ। ਪੰਜ ਤੱਤਾਂ ਤੋਂ ਸਿਰਜੀ ਗਈ ਹਰ ਇੱਕ ਵਸਤੂ ਦਾ ਵਿਨਾਸ਼ ਨਿਸ਼ਚਿਤ ਹੈ। ਪੰਜ ਤੱਤਾਂ ਤੋਂ ਸਿਰਜੀ ਗਈ ਹਰ ਇੱਕ ਵਸਤੂ ਕਾਲ ਵਿੱਚ ਜਨਮ ਲੈਂਦੀ ਹੈ ਅਤੇ ਕਾਲ ਦੇ ਮੁਖ ਵਿੱਚ ਸਮਾ ਜਾਂਦੀ ਹੈ।

ਮਨੁੱਖਾ ਦੇਹੀ ਵਿੱਚ ਸਥਾਪਿਤ ਸਾਰੀਆਂ ਸ਼ਕਤੀਆਂ ਦਾ ਆਧਾਰ ਵੀ ਪਰਮ ਜੋਤ ਹੀ ਹੈ। ਮਨੁੱਖਾ ਦੇਹੀ ਨੂੰ ਬਖ਼ਸ਼ੀਆਂ ਗਈਆਂ ਪੰਜ ਕਲਾਵਾਂ, ਪੰਜ ਗਿਆਨ ਇੰਦਰੀਆਂ ਅਤੇ ਪੰਜ ਕਰਮ ਇੰਦਰੀਆਂ ਦਾ ਆਧਾਰ ਪਰਮ ਜੋਤ ਹੀ ਹੈ। ਮਨੁੱਖਾ ਦੇਹੀ ਵਿੱਚ ਕਰਮ ਕਰਨ ਦੀ ਸ਼ਕਤੀ ਦਾ ਆਧਾਰ ਕੇਵਲ ਪਰਮ ਜੋਤ ਦੀ ਪਰਮ ਸ਼ਕਤੀ ਹੀ ਹੈ। ਪੰਜ ਕਲਾਵਾਂ ਹਨ: ਬੋਲਣ ਦੀ ਸ਼ਕਤੀ; ਦੇਖਣ ਦੀ ਸ਼ਕਤੀ; ਸੁਣਨ ਦੀ ਸ਼ਕਤੀ; ਸੁੰਘਣ ਦੀ ਸ਼ਕਤੀ ਅਤੇ ਮਹਿਸੂਸ ਕਰਨ ਦੀ ਸ਼ਕਤੀ ਹੈ। ਇਨ੍ਹਾਂ ਪੰਜ ਕਲਾਵਾਂ ਦੇ ਨਾਲ ਹੀ ਨਰ ਅਤੇ ਨਾਰੀ ਦੇ ਮਿਲਣ ਨਾਲ ਮਨੁੱਖਾ ਦੇਹੀ ਨੂੰ ਜਨਮ ਦੇਣ ਦੀ ਸ਼ਕਤੀ ਵੀ ਨਾਰੀ ਦੇ ਵਿੱਚ ਰੱਖੀ ਗਈ ਹੈ। ਪੰਜ ਗਿਆਨ ਇੰਦਰੀਆਂ ਹਨ: ਅੱਖਾਂ; ਕੰਨ; ਨਾਸਿਕਾ; ਰਸਨਾ ਅਤੇ ਤਵਚਾ। ਪੰਜ ਕਰਮ ਇੰਦਰੀਆਂ ਹਨ: ਦੋ ਹੱਥ, ਦੋ ਪੈਰ, ਮੁਖ, ਨਿਕਾਸ ਦੁਆਰ ਅਤੇ ਲਿੰਗ। ਪੰਜ ਕਲਾਵਾਂ ਦਾ ਆਧਾਰ ਕੇਵਲ ਪਰਮ ਜੋਤ ਹੀ ਹੈ। ਪੰਜ ਗਿਆਨ ਇੰਦਰੀਆਂ ਅਤੇ ਪੰਜ ਕਰਮ ਇੰਦਰੀਆਂ ਦਾ ਆਧਾਰ ਵੀ ਕੇਵਲ ਪਰਮ ਜੋਤ ਹੀ ਹੈ। ਪੰਜ ਕਰਮ ਇੰਦਰੀਆਂ ਪੰਜ ਗਿਆਨ ਇੰਦਰੀਆਂ ਦੇ ਆਧਾਰ ‘ਤੇ ਕਰਮ ਕਰਦੀਆਂ ਹਨ। ਪੰਜ ਗਿਆਨ ਇੰਦਰੀਆਂ ਦਾ ਆਧਾਰ ਪੰਜ ਕਲਾਵਾਂ ਦੀ ਸ਼ਕਤੀ ਹੈ। ਪੰਜ ਕਲਾਵਾਂ ਦੀਆਂ ਸ਼ਕਤੀਆਂ ਦਾ ਆਧਾਰ ਪਰਮ ਜੋਤ ਹੈ। ਪੰਜ ਕਲਾਵਾਂ, ਪੰਜ ਗਿਆਨ ਇੰਦਰੀਆਂ ਅਤੇ ਪੰਜ ਕਰਮ ਇੰਦਰੀਆਂ ਦੇ ਨਾਲ ਮਨੁੱਖ ਦਾ ਸਾਰਾ ਜੀਵਨ ਚਲਦਾ ਹੈ। ਪੰਜ ਕਲਾਵਾਂ, ਪੰਜ ਗਿਆਨ ਇੰਦਰੀਆਂ ਅਤੇ ਪੰਜ ਕਰਮ ਇੰਦਰੀਆਂ ਦੇ ਨਾਲ ਮਨੁੱਖ ਸਾਰੇ ਮਾੜੇ-ਚੰਗੇ ਕਰਮਾਂ ਨੂੰ ਅੰਜਾਮ ਦਿੰਦਾ ਹੈ। ਭਾਵ ਮਨੁੱਖ ਦੀਆਂ ਸਾਰੀਆਂ ਸ਼ਕਤੀਆਂ ਦਾ ਆਧਾਰ ਕੇਵਲ ਮਨੁੱਖਾ ਦੇਹੀ ਵਿੱਚ ਸਥਾਪਿਤ ਪਰਮ ਜੋਤ ਹੀ ਹੈ।

ਮਨੁੱਖ ਦੀਆਂ ਅੱਖਾਂ ਵਿੱਚ ਸਥਾਪਿਤ, ਸੰਸਾਰ ਵਿੱਚ ਵਿਚਰ ਰਹੀ ਹਰ ਇੱਕ ਵਸਤੂ ਨੂੰ ਦੇਖਣ ਦੀ ਸ਼ਕਤੀ ਦਾ ਆਧਾਰ ਕੇਵਲ ਪਰਮ ਜੋਤ ਹੀ ਹੈ। ਅੱਖਾਂ ਦੇ ਡਾਕਟਰ ਤੋਂ ਪੁੱਛੋ ਤਾਂ ਕਹੇਗਾ ਕਿ ਅੱਖਾਂ ਔਪਟਿਕ ਨਰਵ (Optic Nerve) ਦੇ ਕਾਰਨ ਦੇਖਦੀਆਂ ਹਨ, ਔਪਟਿਕ ਨਰਵ (Optic Nerve) ਦਾ ਸੰਬੰਧ ਮਨੁੱਖੀ ਦਿਮਾਗ ਦੇ ਨਾਲ ਹੈ ਜਿੱਥੋਂ ਮਨੁੱਖ ਦੀਆਂ ਅੱਖਾਂ ਵਿੱਚ ਦੇਖਣ ਦੀ ਸ਼ਕਤੀ ਆਉਂਦੀ ਹੈ ਆਦਿ, ਪਰੰਤੂ ਜੇ ਕਰ ਤੁਸੀਂ ਡਾਕਟਰ ਤੋਂ ਇਹ ਸਵਾਲ ਕਰੋ ਕਿ ਦਿਮਾਗ ਵਿੱਚ ਜਿਹੜੀ ਦੇਖਣ ਦੀ ਸ਼ਕਤੀ ਹੈ ਉਸਦਾ ਕੀ ਆਧਾਰ ਹੈ ਤਾਂ ਉਸ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ। ਮਨੁੱਖ ਦੀ ਰਸਨਾ ਅਤੇ ਮੁਖ ਵਿੱਚ ਸਥਾਪਿਤ ਬੋਲਣ ਦੀ ਸ਼ਕਤੀ ਦਾ ਆਧਾਰ ਕੇਵਲ ਪਰਮ ਜੋਤ ਹੀ ਹੈ। ਨਾਸਿਕਾ ਨਾਲ ਸੁੰਘਣ ਦੀ ਸ਼ਕਤੀ ਦਾ ਆਧਾਰ ਵੀ ਕੇਵਲ ਪਰਮ ਜੋਤ ਹੀ ਹੈ। ਤਵਚਾ ਦੇ ਸਪਰਸ਼ ਦੁਆਰਾ ਮਹਿਸੂਸ ਕਰਨ ਦੀ ਸ਼ਕਤੀ ਦਾ ਆਧਾਰ ਵੀ ਕੇਵਲ ਪਰਮ ਜੋਤ ਹੀ ਹੈ। ਕੰਨਾਂ ਦੇ ਨਾਲ ਸੁਣਨ ਦੀ ਸ਼ਕਤੀ ਦਾ ਆਧਾਰ ਵੀ ਕੇਵਲ ਪਰਮ ਜੋਤ ਹੀ ਹੈ। ਪੰਜ ਕਲਾਵਾਂ ਦੀਆਂ ਸ਼ਕਤੀਆਂ ਹੀ ਮਨੁੱਖੀ ਜੀਵਨ ਨੂੰ ਚਲਾਉਣ ਦਾ ਕੰਮ ਕਰਦੀਆਂ ਹਨ। ਮਨੁੱਖ ਵਿੱਚ ਸਥਾਪਿਤ ਕੀਤੀਆਂ ਗਈਆਂ ਪੰਜ ਕਲਾਵਾਂ ਦੀਆਂ ਸ਼ਕਤੀਆਂ ਨਾਲ ਹੀ ਸਾਰੇ ਸੰਸਾਰ ਦੀ ਲੋਕਾਈ ਦੇ ਕਾਰ-ਵਿਹਾਰ ਚਲਦੇ ਹਨ।

ਮਨੁੱਖ ਦੀਆਂ ਰਗਾਂ ਵਿੱਚ ਜੋ ਖੂਨ ਦੌੜਦਾ ਹੈ ਉਸ ਦੇ ਪਿੱਛੇ ਕਿਹੜੀ ਸ਼ਕਤੀ ਹੈ। ਮਨੁੱਖ ਦੇ ਦਿਲ ਦੀ ਧੜਕਣ (Heart Beat) ਕਿਹੜੀ ਸ਼ਕਤੀ ਦੇ ਨਾਲ ਚਲਦੀ ਹੈ। ਜੇ ਕਰ ਮਨੁੱਖੀ ਦਿਲ ਦੇ ਮਾਹਿਰ ਡਾਕਟਰ (Cardiologist) ਤੋਂ ਇਹ ਪ੍ਰਸ਼ਨ ਪੁੱਛਿਆ ਜਾਏ ਕਿ ਮਨੁੱਖ ਦੇ ਦਿਲ ਦੀ ਧੜਕਣ ਨੂੰ ਚਲਾਉਣ ਵਾਲੀ ਕਿਹੜੀ ਸ਼ਕਤੀ ਹੈ ਤਾਂ ਉਹ ਤਰਕ ਕਰੇਗਾ ਕਿ ਮਨੁੱਖ ਦੇ ਦਿਲ ਵਿੱਚ ਬਿਜਲੀ ਦੀ ਊਰਜਾ (Electrical Impulses) ਮੌਜੂਦ ਹੁੰਦੀ ਹੈ ਜੋ ਮਨੁੱਖ ਦੇ ਦਿਲ ਦੀ ਧੜਕਣ ਨੂੰ ਕਾਇਮ ਰੱਖਦੀ ਹੈ। ਇਸ ਸ਼ਕਤੀ ਦੇ ਨਾਲ ਮਨੁੱਖ ਦਾ ਦਿਲ ਖੂਨ ਨੂੰ ਸਾਰੀ ਦੇਹੀ ਵਿੱਚ ਭੇਜਦਾ ਹੈ। ਪਰੰਤੂ ਜੇਕਰ ਡਾਕਟਰ ਤੋਂ ਇਹ ਸਵਾਲ ਪੁੱਛਿਆ ਜਾਏ ਕਿ ਜੋ ਬਿਜਲੀ ਦੀ ਊਰਜਾ ਦਿਲ ਨੂੰ ਧੜਕਾਉਣ ਦਾ ਕਾਰਜ ਕਰਦੀ ਹੈ ਉਸ ਊਰਜਾ ਦਾ ਸਰੋਤ ਕੀ ਹੈ। ਇਹ ਬਿਜਲੀ ਦੀ ਊਰਜਾ ਮਨੁੱਖ ਦੇ ਦਿਲ ਵਿੱਚ ਕਿੱਥੋਂ ਆਉਂਦੀ ਹੈ। ਤਾਂ ਉਸ ਡਾਕਟਰ ਦੇ ਕੋਲ ਇਸ ਪ੍ਰਸ਼ਨ ਦਾ ਕੋਈ ਉੱਤਰ ਨਹੀਂ ਹੋਵੇਗਾ। ਕਿਉਂਕਿ ਉਹ ਸ਼ਕਤੀ ਜੋ ਕਿ ਦਿਲ ਦੀ ਧੜਕਣ ਕਾਇਮ ਰੱਖਦੀ ਹੈ ਉਹ ਪਰਮ ਸ਼ਕਤੀ ਪਰਮ ਜੋਤ ਹੈ ਅਤੇ ਡਾਕਟਰਾਂ ਨੂੰ ਪਰਮ ਜੋਤ ਦੀ ਪਰਮ ਸ਼ਕਤੀ ਦਾ ਗਿਆਨ ਅਨੁਭਵ ਨਹੀਂ ਹੈ। ਇਸ ਲਈ ਇਸ ਪਰਮ ਸਤਿ ਨੂੰ ਜਾਣਨਾ, ਸਮਝਣਾ ਅਤੇ ਮੰਨਣਾ ਬੇਅੰਤ ਲਾਜ਼ਮੀ ਹੈ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਮਨੁੱਖੀ ਮਨਮਤਿ ਦੇ ਵਿੱਚੋਂ ਉਪਜ ਰਹੇ ਤਰਕ ਤੋਂ ਪਰੇ ਹਨ। ਸਤਿ ਪਾਰਬ੍ਰਹਮ ਪਰਮੇਸ਼ਰ ਦੇ ਪਰਮ ਸ਼ਕਤੀਸ਼ਾਲੀ ਹੁਕਮ ਦੇ ਅਨੁਸਾਰ ਮਨੁੱਖਾ ਦੇਹੀ ਵਿੱਚ ਸਥਾਪਿਤ ਸਾਰੀਆਂ ਪਰਮ ਸ਼ਕਤੀਆਂ ਨੂੰ ਉਹ ਮਨੁੱਖ ਹੀ ਅਨੁਭਵ ਕਰ ਸਕਦਾ ਹੈ ਜੋ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਅਦੁੱਤੀ ਹੋਂਦ ਉੱਪਰ ਪੂਰਨ ਭਰੋਸਾ ਕਰਦਾ ਹੈ। ਕੇਵਲ ਉਹ ਮਨੁੱਖ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ (ਜੋ ਮਨੁੱਖ ਦੀ ਦੇਹੀ ਦੇ ਅੰਦਰ ਹੀ ਸਥਾਪਿਤ ਹਨ) ਦਾ ਅਨੁਭਵ ਕਰਦਾ ਹੈ ਜੋ ਪੂਰਨ ਭਰੋਸੇ, ਪ੍ਰੀਤ ਅਤੇ ਸ਼ਰਧਾ ਦੇ ਨਾਲ ਉਸ ਦੀ ਸੇਵਾ ਕਰਦਾ ਹੈ। ਜਿੱਥੇ ਤੱਕ ਵਿਗਿਆਨ ਦੀ ਪਹੁੰਚ ਹੈ ਉੱਥੇ ਤੱਕ ਤਰਕ ਹੈ। ਬੰਦਗੀ ਤਰਕ ਤੋਂ ਪਰੇ ਹੈ। ਬੰਦਗੀ ਦਾ ਆਧਾਰ ਤਰਕ ਨਹੀਂ ਹੈ। ਬੰਦਗੀ ਦਾ ਆਧਾਰ ਕੇਵਲ ਭਰੋਸਾ, ਪ੍ਰੀਤ ਅਤੇ ਸ਼ਰਧਾ ਹੀ ਹੈ।

ਮਨੁੱਖ ਦੇ ਜਨਮ ਜੀਵਨ ਦਾ ਆਧਾਰ ਇਸ ਪਰਮ ਸ਼ਕਤੀਸ਼ਾਲੀ ਇਲਾਹੀ ਦਰਗਾਹੀ ਜੋਤ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਹੀ ਧੰਨ ਧੰਨ ਸਤਿਗੁਰੂ ਅਵਤਾਰ ਅਮਰ ਦਾਸ ਜੀ ਨੇ ਅਨੰਦ ਸਾਹਿਬ ਦੀ ਪਉੜੀ ੩੨ ਵਿੱਚ ਪ੍ਰਗਟ ਕੀਤੀ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਦੇ ਨਾਲ ਬੰਦਗੀ ਵਿੱਚ ਗਹਿਰੇ ਉਤਰ ਗਏ ਮਨੁੱਖ ਜੋ ਇਸ ਜੋਤ ਦਾ ਅਨੁਭਵ ਆਪਣੇ ਰੋਜ਼ਾਨਾ ਜੀਵਨ ਵਿੱਚ ਕਰਦੇ ਹਨ; ਉਨ੍ਹਾਂ ਮਹਾ ਪੁਰਖਾਂ ਲਈ ਇਹ ਜੋਤ ਪਰਮ ਜੋਤ ਬਣ ਕੇ ਪ੍ਰਗਟ ਹੋ ਜਾਂਦੀ ਹੈ। ਜਦੋਂ ਇਹ ਇਲਾਹੀ ਜੋਤ ਮਨੁੱਖ ਦੇ ਮਨ ਵਿੱਚ, ਹਿਰਦੇ ਵਿੱਚ ਪ੍ਰਗਟ ਹੋ ਜਾਂਦੀ ਹੈ ਤਾਂ ਇਹ ਪਰਮ ਜੋਤ ਦਾ ਰੂਪ ਧਾਰਨ ਕਰ ਲੈਂਦੀ ਹੈ। ਐਸੇ ਮਹਾ ਪੁਰਖ ਜਿਨ੍ਹਾਂ ਵਿੱਚ ਇਹ ਪਰਮ ਜੋਤ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ; ਗੁਰਬਾਣੀ ਵਿੱਚ ਉਨ੍ਹਾਂ ਮਹਾ ਪੁਰਖਾਂ ਨੂੰ ਪ੍ਰਗਟਿਓ ਜੋਤ ਕਿਹਾ ਗਿਆ ਹੈ। ਇਹ ਜੋਤ ਹਰ ਇੱਕ ਮਨੁੱਖ ਦੇ ਹਿਰਦੇ ਵਿੱਚ ਸਥਾਪਿਤ ਹੈ। ਮਨੁੱਖ ਦਾ ਹਿਰਦਾ ਹੀ ਇਹ ਜੋਤ ਹੈ। ਇਹ ਜੋਤ ਕੇਵਲ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਨਾਲ ਹੀ ਪ੍ਰਗਟ ਕੀਤੀ ਜਾ ਸਕਦੀ ਹੈ। ਸਤਿਨਾਮ ਸਿਮਰਨ ਦੀ ਕਮਾਈ ਦੇ ਗੁਰਪ੍ਰਸਾਦਿ ਨਾਲ ਇਹ ਜੋਤ ਪ੍ਰਗਟ ਹੋ ਜਾਂਦੀ ਹੈ। ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਪੂਰਨ ਸਮਰਪਣ ਕਰਨ ਦੇ ਨਾਲ ਮਨੁੱਖ ਦੇ ਹਿਰਦੇ ਵਿੱਚ ਸਥਾਪਿਤ ਇਹ ਜੋਤ ਸਹਿਜੇ ਹੀ ਪ੍ਰਗਟ ਹੋ ਜਾਂਦੀ ਹੈ। ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਪੂਰਨ ਸਮਰਪਣ ਕਰਨ ਦੇ ਨਾਲ ਹੀ ਮਨੁੱਖ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਨੂੰ ਜਿੱਤ ਸਕਦਾ ਹੈ। ਮਾਇਆ ਨੂੰ ਜਿੱਤੇ ਬਗੈਰ ਇਹ ਇਲਾਹੀ ਜੋਤ ਮਨੁੱਖ ਦੇ ਹਿਰਦੇ ਵਿੱਚ ਪਰਮ ਜੋਤ ਦੇ ਪੂਰਨ ਰੂਪ ਵਿੱਚ ਪ੍ਰਗਟ ਨਹੀਂ ਹੋ ਸਕਦੀ ਹੈ। ਤ੍ਰੈ ਗੁਣ ਮਾਇਆ ਨੂੰ ਜਿੱਤੇ ਬਗੈਰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਦੇ ਦਰਸ਼ਨ ਪ੍ਰਾਪਤ ਨਹੀਂ ਹੁੰਦੇ ਹਨ। ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਹੋਣ ਨਾਲ ਹੀ ਪਰਮ ਜੋਤ ਮਨੁੱਖ ਦੇ ਹਿਰਦੇ ਵਿੱਚ ਪ੍ਰਤੱਖ ਪ੍ਰਗਟ ਹੋ ਜਾਂਦੀ ਹੈ। ਪਰਮ ਜੋਤ ਪੂਰਨ ਪ੍ਰਕਾਸ਼ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਸਤਿਗੁਰੂ ਅਵਤਾਰਾਂ ਨੇ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹ ਕਰਵਾਈ ਹੈ:-

 

ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥

ਗੁਰ ਸਾਖੀ ਜੋਤਿ ਪਰਗਟੁ ਹੋਇ ॥ ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥

{ਪੰਨਾ ੧੩}

ਜਿਨਿ ਏਹੁ ਜਗਤੁ ਉਪਾਇਆ ਤ੍ਰਿਭਵਣੁ ਕਰਿ ਆਕਾਰੁ ॥

ਗੁਰਮੁਖਿ ਚਾਨਣੁ ਜਾਣੀਐ ਮਨਮੁਖਿ ਮੁਗਧੁ ਗੁਬਾਰੁ ॥

ਘਟਿ ਘਟਿ ਜੋਤਿ ਨਿਰੰਤਰੀ ਬੂਝੈ ਗੁਰਮਤਿ ਸਾਰੁ ॥੪॥

{ਪੰਨਾ ੧੩}

ਏਕਾ ਜੋਤਿ ਜੋਤਿ ਹੈ ਸਰੀਰਾ ॥ ਸਬਦਿ ਦਿਖਾਏ ਸਤਿਗੁਰੁ ਪੂਰਾ ॥

ਆਪੇ ਫਰਕੁ ਕੀਤੋਨੁ ਘਟ ਅੰਤਰਿ ਆਪੇ ਬਣਤ ਬਣਾਵਣਿਆ ॥੧॥

{ਪੰਨਾ ੧੨੫}

ਜਿਚਰੁ ਤੇਰੀ ਜੋਤਿ ਤਿਚਰੁ ਜੋਤੀ ਵਿਚਿ ਤੂੰ ਬੋਲਹਿ ਵਿਣੁ ਜੋਤੀ ਕੋਈ ਕਿਛੁ ਕਰਿਹੁ ਦਿਖਾ ਸਿਆਣੀਐ ॥

ਨਾਨਕ ਗੁਰਮੁਖਿ ਨਦਰੀ ਆਇਆ ਹਰਿ ਇਕੋ ਸੁਘੜੁ ਸੁਜਾਣੀਐ ॥੨॥

{ਪੰਨਾ ੧੩੮}

ਪਉੜੀ ॥

ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ ॥

ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ ॥

ਸਭੁ ਆਤਮ ਰਾਮੁ ਪਛਾਣਿਆ ਤਾਂ ਇਕੁ ਰਵਿਆ ਇਕੋ ਓਤਿ ਪੋਤਿ ॥

ਇਕੁ ਦੇਖਿਆ ਇਕੁ ਮੰਨਿਆ ਇਕੋ ਸੁਣਿਆ ਸ੍ਰਵਣ ਸਰੋਤਿ ॥

ਜਨ ਨਾਨਕ ਨਾਮੁ ਸਲਾਹਿ ਤੂ ਸਚੁ ਸਚੇ ਸੇਵਾ ਤੇਰੀ ਹੋਤਿ ॥੧੬॥

{ਪੰਨਾ ੩੦੯}

ਮਨੁੱਖ ਨੂੰ ਜਨਮ ਪਦਾਰਥ ਨਾਲ ਨਿਵਾਜਣ ਵਾਲਾ ਸਤਿ ਪਾਰਬ੍ਰਹਮ ਪਰਮੇਸ਼ਰ ਆਪ ਹੈ। ਇਲਾਹੀ ਜੋਤ ਨੂੰ ਮਨੁੱਖਾ ਦੇਹੀ ਵਿੱਚ ਸਥਾਪਿਤ ਕਰਨ ਵਾਲਾ ਸਤਿ ਪਾਰਬ੍ਰਹਮ ਪਰਮੇਸ਼ਰ ਆਪ ਹੈ। ਇਲਾਹੀ ਜੋਤ ਮਨੁੱਖ ਦੇ ਜਨਮ ਜੀਵਨ ਦਾ ਆਧਾਰ ਬਣਾਉਣ ਵਾਲਾ ਪਰਮ ਸ਼ਕਤੀਸ਼ਾਲੀ ਹੁਕਮ ਕੇਵਲ ਸਤਿ ਪਾਰਬ੍ਰਹਮ ਦਾ ਹੀ ਹੈ। ਸਤਿ ਪਾਰਬ੍ਰਹਮ ਦੁਆਰਾ ਸਿਰਜੇ ਗਏ ਇਲਾਹੀ ਦਰਗਾਹੀ ਨਿਯਮਾਂ ਦੇ ਹੁਕਮ ਅਨੁਸਾਰ ਹੀ ਮਨੁੱਖਾ ਜਨਮ ਪਦਾਰਥ ਦੀ ਪ੍ਰਾਪਤੀ ਹੁੰਦੀ ਹੈ। ਸੰਸਾਰਿਕ ਮਾਤਾ-ਪਿਤਾ ਦਾ ਸੰਬੰਧ ਅਸਥਾਈ ਸੰਬੰਧ ਹੈ। ਸੰਸਾਰਿਕ ਮਾਤਾ-ਪਿਤਾ ਦਾ ਸੰਬੰਧ ਕਰਮ-ਕਾਂਡ ਦਾ ਸੰਬੰਧ ਹੈ। ਸੰਸਾਰਿਕ ਮਾਤਾ-ਪਿਤਾ ਦਾ ਸੰਬੰਧ ਬਿਨਸਣਹਾਰ ਹੈ। ਕਰਮ-ਕਾਂਡ ਦਾ ਲੇਖਾ-ਜੋਖਾ ਭੁਗਤਣ ਲਈ ਸੰਸਾਰਿਕ ਮਾਤਾ-ਪਿਤਾ ਦਾ ਸੰਬੰਧ ਬਣਦਾ ਹੈ ਅਤੇ ਟੁੱਟਦਾ ਹੈ। ਇਸ ਲਈ ਸੰਸਾਰਿਕ ਮਾਤਾ-ਪਿਤਾ ਦਾ ਸੰਬੰਧ ਝੂਠਾ ਹੈ। ਇਲਾਹੀ ਜੋਤ ਦਾ ਸੰਬੰਧ ਸੱਚਾ ਸੰਬੰਧ ਹੈ। ਜੋਤ ਦਾ ਸੰਬੰਧ ਸਦਾ-ਸਦਾ ਦਾ ਸੰਬੰਧ ਹੈ। ਜੋਤ ਦਾ ਸੰਬੰਧ ਬਿਨਸਦਾ ਨਹੀਂ ਹੈ। ਜੋਤ ਦਾ ਸੰਬੰਧ ਸਦੀਵੀ ਹੈ। ਜੋਤ ਦਾ ਸੰਬੰਧ ਪੂਰਨ ਸਤਿ ਦਾ ਸੰਬੰਧ ਹੈ। ਜੋਤ ਦਾ ਸੰਬੰਧ ਆਦਿ ਤੋਂ ਅੰਤ ਦਾ ਸੰਬੰਧ ਹੈ। ਜੋਤ ਦਾ ਸੰਬੰਧ ਸਾਰੇ ਜਨਮਾਂ ਦਾ ਸੰਬੰਧ ਹੈ। ਜੋਤ ਹੈ ਤਾਂ ਮਨੁੱਖ ਦਾ ਜਨਮ ਜੀਵਨ ਹੈ। ਜੋਤ ਨਹੀਂ ਤਾਂ ਕੋਈ ਜਨਮ ਜੀਵਨ ਨਹੀਂ ਹੈ। ਇਸ ਲਈ ਹਰ ਇੱਕ ਮਨੁੱਖ ਕੇਵਲ ਜੋਤ ਹੀ ਹੈ। ਇਹ ਜੋਤ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਅੰਸ ਹੈ। ਜੋਤ ਹੀ ਸਤਿ ਪਾਰਬ੍ਰਹਮ ਪਰਮੇਸ਼ਰ da ਤੱਤ ਹੈ ਜੋ ਕਿ ਹਰ ਇੱਕ ਜੀਵ ਵਿੱਚ ਵਰਤ ਰਿਹਾ ਹੈ। ਇਸ ਲਈ ਜੋਤ ਹੀ ਸੱਚੀ ਮਾਤਾ ਹੈ ਅਤੇ ਜੋਤ ਹੀ ਸੱਚਾ ਪਿਤਾ ਹੈ। ਕੇਵਲ ਇਤਨਾ ਹੀ ਨਹੀਂ ਬਲਕਿ ਸੰਸਾਰ ਵਿੱਚ ਵਿਚਰ ਰਹੇ ਹਰ ਇੱਕ ਪ੍ਰਾਣੀ ਦੇ ਜਨਮ ਜੀਵਨ ਦਾ ਆਧਾਰ ਇਹ ਇਲਾਹੀ ਜੋਤ ਹੀ ਹੈ। ਸਾਰੀ ਦੀ ਸਾਰੀ ੮੪ ਲੱਖ ਮੇਦਨੀ ਦੇ ਜਨਮ ਜੀਵਨ ਦਾ ਆਧਾਰ ਕੇਵਲ ਜੋਤ ਹੀ ਹੈ। ਸਾਰੇ ਸੰਸਾਰ ਨੂੰ ਦ੍ਰਿਸ਼ਟਮਾਨ ਕਰਨ ਵਾਲੀ ਇਲਾਹੀ ਜੋਤ ਹੀ ਹੈ। ਸਾਰੀ ਸ੍ਰਿਸ਼ਟੀ ਦੀ ਰਚਨਾ ਵੀ ਇਲਾਹੀ ਜੋਤ ਵਿੱਚੋਂ ਹੀ ਹੁੰਦੀ ਹੈ। ਜੋਤ ਹੀ ਸਰਬ ਕਲਾ ਭਰਪੂਰ ਹੈ। ਜੋਤ ਹੀ ਪਰਮ ਸ਼ਕਤੀਸ਼ਾਲੀ ਇਲਾਹੀ ਹਸਤੀ ਹੈ। ਜੋਤ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਹੈ।

ਗੁਰਪ੍ਰਸਾਦੀ ਗੁਰ-ਕਿਰਪਾ ਦੇ ਨਾਲ ਜਿਸ ਮਨੁੱਖ ਵਿੱਚ ਜੋਤ ਪ੍ਰਗਟ ਹੋ ਜਾਂਦੀ ਹੈ ਉਹ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਅਭੇਦ ਹੋ ਜਾਂਦਾ ਹੈ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਦਾ ਹੀ ਰੂਪ ਬਣ ਜਾਂਦਾ ਹੈ। ਗੁਰਪ੍ਰਸਾਦੀ ਗੁਰ-ਕਿਰਪਾ ਦੇ ਨਾਲ ਜਿਸ ਮਨੁੱਖ ਵਿੱਚ ਜੋਤ ਪ੍ਰਗਟ ਹੋ ਜਾਂਦੀ ਹੈ ਉਸ ਮਨੁੱਖ ਨੂੰ ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰਪ੍ਰਸਾਦੀ ਗੁਰ-ਕਿਰਪਾ ਦੇ ਨਾਲ ਜਿਸ ਮਨੁੱਖ ਵਿੱਚ ਜੋਤ ਪ੍ਰਗਟ ਹੋ ਜਾਂਦੀ ਹੈ ਉਸ ਨੂੰ ਪਰਮ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰਪ੍ਰਸਾਦੀ ਗੁਰ ਕਿਰਪਾ ਦੇ ਨਾਲ ਜਿਸ ਮਨੁੱਖ ਵਿੱਚ ਜੋਤ ਪ੍ਰਗਟ ਹੋ ਜਾਂਦੀ ਹੈ ਉਹ ਮਨੁੱਖ ਪੂਰਨ ਸੰਤ ਸਤਿਗੁਰੂ ਬਣ ਜਾਂਦਾ ਹੈ। ਐਸੀ ਪਰਮ ਸ਼ਕਤੀਸ਼ਾਲੀ ਅਵਸਥਾ ਵਿੱਚ ਪਹੁੰਚਣ ਵਾਲੇ ਪੂਰਨ ਸੰਤ, ਪੂਰਨ ਸਤਿਗੁਰੂ, ਪੂਰਨ ਬ੍ਰਹਮ ਗਿਆਨੀ, ਪੂਰਨ ਖ਼ਾਲਸੇ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਕੋਈ ਅੰਤਰ ਜਾਂ ਭੇਦ ਨਹੀਂ ਰਹਿ ਜਾਂਦਾ ਹੈ। ਐਸੀ ਪਰਮ ਸ਼ਕਤੀਸ਼ਾਲੀ ਅਵਸਥਾ ਵਿੱਚ ਪਹੁੰਚਣ ਵਾਲੇ ਪੂਰਨ ਸੰਤ, ਪੂਰਨ ਸਤਿਗੁਰੂ, ਪੂਰਨ ਬ੍ਰਹਮ ਗਿਆਨੀ, ਪੂਰਨ ਖ਼ਾਲਸੇ ਜਦੋਂ ਇਸ ਪਰਮ ਜੋਤ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਅਨੁਭਵ ਕਰਦੇ ਹਨ ਤਾਂ ਉਹ ਇਸ ਪਰਮ ਸਤਿ ਨੂੰ ਉਜਾਗਰ ਕਰਦੇ ਹਨ ਕਿ ਉਨ੍ਹਾਂ ਦਾ ਮਾਤਾ-ਪਿਤਾ ਕੇਵਲ ਪੂਰਨ ਸਤਿਗੁਰੂ ਹੀ ਹੈ। ਐਸੀ ਪੂਰਨ ਅਵਸਥਾ ਵਿੱਚ ਪਹੁੰਚਣ ਵਾਲੇ ਪੂਰਨ ਸੰਤ, ਪੂਰਨ ਸਤਿਗੁਰੂ, ਪੂਰਨ ਬ੍ਰਹਮ ਗਿਆਨੀ, ਪੂਰਨ ਖ਼ਾਲਸੇ ਜਦੋਂ ਪਰਮ ਜੋਤ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਅਨੁਭਵ ਕਰਦੇ ਹਨ ਤਾਂ ਉਹ ਇਸ ਪਰਮ ਸਤਿ ਨੂੰ ਪ੍ਰਗਟ ਕਰਦੇ ਹਨ ਕਿ ਉਨ੍ਹਾਂ ਦਾ ਮਾਤਾ-ਪਿਤਾ ਕੇਵਲ ਸਤਿ ਪਾਰਬ੍ਰਹਮ ਪਰਮੇਸ਼ਰ ਹੀ ਹੈ। ਐਸੀ ਪਰਮ ਸ਼ਕਤੀਸ਼ਾਲੀ ਅਵਸਥਾ ਵਿੱਚ ਪਹੁੰਚਣ ਵਾਲੇ ਪੂਰਨ ਸੰਤ, ਪੂਰਨ ਸਤਿਗੁਰੂ, ਪੂਰਨ ਬ੍ਰਹਮ ਗਿਆਨੀ, ਪੂਰਨ ਖ਼ਾਲਸੇ ਜਦੋਂ ਇਸ ਪਰਮ ਜੋਤ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਅਨੁਭਵ ਕਰਦੇ ਹਨ ਤਾਂ ਉਹ ਇਸ ਪਰਮ ਸਤਿ ਨੂੰ ਪ੍ਰਗਟ ਕਰਦੇ ਹਨ ਕਿ ੮੪ ਲੱਖ ਮੇਦਨੀ ਦੇ ਪ੍ਰਾਣੀਆਂ ਦਾ ਜਨਮ ਜੀਵਨ ਕੇਵਲ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਜੋਤ ਹੀ ਹੈ। ਇਸ ਲਈ ਸਾਰੇ ਸਤਿਗੁਰੂਆਂ, ਅਵਤਾਰਾਂ, ਸੰਤਾਂ, ਭਗਤਾਂ ਨੇ ਇਸ ਪਰਮ ਸਤਿ ਨੂੰ ਅਨੁਭਵ ਕੀਤਾ ਹੈ ਅਤੇ ਸਾਰੀ ਗੁਰਬਾਣੀ ਵਿੱਚ ਬਾਰ-ਬਾਰ ਪ੍ਰਗਟ ਕੀਤਾ ਹੈ:

ਮੇਰਾ ਪਿਆਰਾ ਪ੍ਰੀਤਮੁ ਸਤਿਗੁਰੁ ਰਖਵਾਲਾ ॥

ਹਮ ਬਾਰਿਕ ਦੀਨ ਕਰਹੁ ਪ੍ਰਤਿਪਾਲਾ ॥

ਮੇਰਾ ਮਾਤ ਪਿਤਾ ਗੁਰੁ ਸਤਿਗੁਰੁ ਪੂਰਾ ਗੁਰ ਜਲ ਮਿਲਿ ਕਮਲੁ ਵਿਗਸੈ ਜੀਉ ॥

{ਪੰਨਾ ੯੪}

ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥

ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥੧॥

ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ ॥ ਤੂੰ ਮੇਰੀ ਓਟ ਤੂੰਹੈ ਮੇਰਾ ਮਾਣਾ ॥

ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ ॥

{ਪੰਨਾ ੧੦੩}

ਮੇਰੈ ਹਰਿ ਪ੍ਰਭਿ ਲੇਖੁ ਲਿਖਾਇਆ ਧੁਰਿ ਮਸਤਕਿ ਪੂਰਾ ॥

ਹਰਿ ਹਰਿ ਨਾਮੁ ਧਿਆਇਆ ਭੇਟਿਆ ਗੁਰੁ ਸੂਰਾ ॥

ਮੇਰਾ ਪਿਤਾ ਮਾਤਾ ਹਰਿ ਨਾਮੁ ਹੈ ਹਰਿ ਬੰਧਪੁ ਬੀਰਾ ॥

ਹਰਿ ਹਰਿ ਬਖਸਿ ਮਿਲਾਇ ਪ੍ਰਭ ਜਨੁ ਨਾਨਕੁ ਕੀਰਾ ॥

{ਪੰਨਾ ੧੬੨-੧੬੩}

ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰੁ ਬੋਲਹ ਤਬ ਬਿਸਮੁ ਹੋਇ ਜਾਇ ॥

ਹਮ ਜੈਸੇ ਅਪਰਾਧੀ ਅਵਰੁ ਕੋਈ ਰਾਖੈ ਜੈਸੇ ਹਮ ਸਤਿਗੁਰਿ ਰਾਖਿ ਲੀਏ ਛਡਾਇ ॥

ਤੂੰ ਗੁਰੁ ਪਿਤਾ ਤੂੰਹੈ ਗੁਰੁ ਮਾਤਾ ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ ॥

{ਪੰਨਾ ੧੬੭}

ਮਾਤ ਪਿਤਾ ਸੁਤ ਬੰਧਪੋ ਤੂੰ ਮੇਰੇ ਪ੍ਰਾਣ ਅਧਾਰ ॥

ਸਾਧਸੰਗਿ ਨਾਨਕੁ ਭਜੈ ਬਿਖੁ ਤਰਿਆ ਸੰਸਾਰੁ ॥

{ਪੰਨਾ ੨੦੩}

ਆਸਾ ਮਹਲਾ ੫ ॥

ਪੁਰਖ ਪਤੇ ਭਗਵਾਨ ਤਾ ਕੀ ਸਰਣਿ ਗਹੀ ॥

ਨਿਰਭਉ ਭਏ ਪਰਾਨ ਚਿੰਤਾ ਸਗਲ ਲਹੀ ॥

ਮਾਤ ਪਿਤਾ ਸੁਤ ਮੀਤ ਸੁਰਿਜਨ ਇਸਟ ਬੰਧਪ ਜਾਣਿਆ ॥

ਗਹਿ ਕੰਠਿ ਲਾਇਆ ਗੁਰਿ ਮਿਲਾਇਆ ਜਸੁ ਬਿਮਲ ਸੰਤ ਵਖਾਣਿਆ ॥

ਬੇਅੰਤ ਗੁਣ ਅਨੇਕ ਮਹਿਮਾ ਕੀਮਤਿ ਕਛੂ ਨ ਜਾਇ ਕਹੀ ॥

ਪ੍ਰਭ ਏਕ ਅਨਿਕ ਅਲਖ ਠਾਕੁਰ ਓਟ ਨਾਨਕ ਤਿਸੁ ਗਹੀ ॥੧॥

{ਪੰਨਾ ੪੫੮}

ਧੰਨ ਧੰਨ ਸਤਿਗੁਰੂਆਂ ਨੇ ਗੁਰਬਾਣੀ ਵਿੱਚ ਇਸ ਪਰਮ ਸਤਿ ਨੂੰ ਪ੍ਰਗਟ ਕੀਤਾ ਹੈ ਕਿ ੮੪ ਲੱਖ ਮੇਦਨੀ ਦੇ ਪ੍ਰਾਣੀਆਂ ਦਾ ਖਸਮ ਕੇਵਲ ਸਤਿ ਪਾਰਬ੍ਰਹਮ ਪਰਮੇਸ਼ਰ ਹੀ ਹੈ। ਸਾਰੀ ਸ੍ਰਿਸ਼ਟੀ ਦੇ ਪ੍ਰਾਣੀਆਂ ਦਾ ਪ੍ਰਾਣ ਆਧਾਰ, ਖਸਮ, ਮਾਤਾ, ਪਿਤਾ, ਬੰਧਪ, ਮੀਤ ਆਦਿ ਕੇਵਲ ਸਤਿ ਪਾਰਬ੍ਰਹਮ ਪਰਮੇਸ਼ਰ ਹੀ ਹੈ। ਜੋ ਇਸ ਪਰਮ ਸਤਿ ਨੂੰ ਮੰਨ ਲੈਂਦੇ ਹਨ ਕਿ ਉਨ੍ਹਾਂ ਦਾ ਖਸਮ, ਮਾਤਾ, ਪਿਤਾ, ਭਾਈ, ਬੰਧਪ, ਆਦਿ ਸਤਿਗੁਰੂ ਪੂਰਾ ਹੀ ਹੈ; ਉਨ੍ਹਾਂ ਦੀ ਬੰਦਗੀ ਸੌਖੀ ਹੋ ਜਾਂਦੀ ਹੈ। ਜੋ ਇਸ ਪਰਮ ਸਤਿ ਨੂੰ ਮੰਨ ਲੈਂਦੇ ਹਨ ਕਿ ਉਨ੍ਹਾਂ ਦਾ ਖਸਮ, ਮਾਤਾ, ਪਿਤਾ, ਭਾਈ, ਬੰਧਪ, ਆਦਿ ਸਤਿ ਪਾਰਬ੍ਰਹਮ ਪਰਮੇਸ਼ਰ ਹੀ ਹੈ ਉਨ੍ਹਾਂ ਦਾ ਸਤਿਗੁਰੂ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਉੱਪਰ ਭਰੋਸਾ ਬੱਝ ਜਾਂਦਾ ਹੈ ਜਿਸ ਦੇ ਨਾਲ ਉਨ੍ਹਾਂ ਦੇ ਹਿਰਦੇ ਵਿੱਚ ਸੱਚੀ ਪ੍ਰੀਤ ਅਤੇ ਸ਼ਰਧਾ ਜਨਮ ਲੈਂਦੀ ਹੈ। ਸਤਿਗੁਰੂ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਲਈ ਪੂਰਨ ਭਰੋਸੇ, ਪ੍ਰੀਤ ਅਤੇ ਸ਼ਰਧਾ ਦੇ ਨਾਲ ਉਨ੍ਹਾਂ ਦੀ ਬੰਦਗੀ ਸਹਿਜੇ ਹੀ ਪੂਰਨ ਹੋ ਜਾਂਦੀ ਹੈ। ਜੋ ਮਨੁੱਖ ਇਸ ਪਰਮ ਸਤਿ ਨੂੰ ਮੰਨ ਲੈਂਦੇ ਹਨ ਕਿ ਉਨ੍ਹਾਂ ਦੇ ਪ੍ਰਾਣਾਂ ਦਾ ਆਧਾਰ ਕੇਵਲ ਇਲਾਹੀ ਜੋਤ ਹੀ ਹੈ; ਉਨ੍ਹਾਂ ਦਾ ਸਤਿਗੁਰੂ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਉੱਪਰ ਭਰੋਸਾ ਬੱਝ ਜਾਂਦਾ ਹੈ ਅਤੇ ਉਨ੍ਹਾਂ ਦੇ ਹਿਰਦੇ ਵਿੱਚੋਂ ਸੱਚੀ ਪ੍ਰੀਤ ਅਤੇ ਸ਼ਰਧਾ ਫੁੱਟ ਪੈਂਦੀ ਹੈ ਜਿਸ ਦੇ ਨਾਲ ਉਨ੍ਹਾਂ ਦੀ ਬੰਦਗੀ ਸੌਖੀ ਹੋ ਜਾਂਦੀ ਹੈ।

ਸਤਿਗੁਰੂ ਉੱਪਰ ਪੂਰਨ ਭਰੋਸਾ, ਪ੍ਰੀਤ ਅਤੇ ਸ਼ਰਧਾ ਹੀ ਪੂਰਨ ਬੰਦਗੀ ਦਾ ਆਧਾਰ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਉੱਪਰ ਪੂਰਨ ਭਰੋਸਾ, ਪ੍ਰੀਤ ਅਤੇ ਸ਼ਰਧਾ ਹੀ ਪੂਰਨ ਬੰਦਗੀ ਦਾ ਆਧਾਰ ਹੈ। ਭਰੋਸੇ, ਪ੍ਰੀਤ ਅਤੇ ਸ਼ਰਧਾ ਵਿੱਚ ਉਹ ਪਰਮ ਸ਼ਕਤੀ ਹੈ ਜੋ ਮਨੁੱਖ ਨੂੰ ਸਤਿਨਾਮ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਪ੍ਰਾਪਤ ਕਰਵਾਉਣ ਦੀ ਸਮਰੱਥਾ ਰੱਖਦੀ ਹੈ। ਭਰੋਸੇ, ਪ੍ਰੀਤ ਅਤੇ ਸ਼ਰਧਾ ਵਿੱਚ ਉਹ ਪਰਮ ਸ਼ਕਤੀ ਹੈ ਜੋ ਮਨੁੱਖ ਦੀ ਬੰਦਗੀ ਨੂੰ ਸਹਿਜੇ ਹੀ ਸੰਪੂਰਨ ਕਰਵਾਉਣ ਦੀ ਸਮਰੱਥਾ ਰੱਖਦੀ ਹੈ। ਭਰੋਸੇ, ਪ੍ਰੀਤ ਅਤੇ ਸ਼ਰਧਾ ਵਿੱਚ ਉਹ ਪਰਮ ਸ਼ਕਤੀ ਹੈ ਜੋ ਮਨੁੱਖ ਦੇ ਸਾਰੇ ਬਜਰ ਕਪਾਟ ਖੋਲ੍ਹਣ, ਸਤਿ ਸਰੋਵਰਾਂ ਨੂੰ ਜਾਗਰਿਤ ਕਰ ਕੇ ਰੋਮ-ਰੋਮ ਵਿੱਚ ਸਤਿਨਾਮ ਦਾ ਪ੍ਰਕਾਸ਼ ਕਰ ਦਿੰਦੀ ਹੈ। ਭਰੋਸੇ, ਪ੍ਰੀਤ ਅਤੇ ਸ਼ਰਧਾ ਵਿੱਚ ਉਹ ਪਰਮ ਸ਼ਕਤੀ ਹੈ ਜੋ ਮਨੁੱਖ ਦਾ ਮਨ ਚਿੰਦ ਦਿੰਦੀ ਹੈ ਅਤੇ ਮਨੁੱਖ ਆਪਣਾ ਮਨ ਜਿੱਤਣ ਵਿੱਚ ਸਫਲ ਹੋ ਜਾਂਦਾ ਹੈ। ਭਰੋਸੇ, ਪ੍ਰੀਤ ਅਤੇ ਸ਼ਰਧਾ ਵਿੱਚ ਉਹ ਪਰਮ ਸ਼ਕਤੀ ਹੈ ਜੋ ਮਨੁੱਖ ਨੂੰ ਤ੍ਰੈ ਗੁਣ ਮਾਇਆ ਉੱਪਰ ਜਿੱਤ ਪ੍ਰਾਪਤ ਕਰਵਾਉਣ ਦੀ ਸਮਰੱਥਾ ਰੱਖਦੀ ਹੈ। ਭਰੋਸੇ, ਪ੍ਰੀਤ ਅਤੇ ਸ਼ਰਧਾ ਵਿੱਚ ਉਹ ਪਰਮ ਸ਼ਕਤੀ ਹੈ ਜੋ ਸਤਿ ਪਾਰਬ੍ਰਹਮ ਪਰਮੇਸ਼ਰ ਨੂੰ ਮਨੁੱਖ ਦੇ ਹਿਰਦੇ ਵਿੱਚ ਪ੍ਰਗਟ ਹੋਣ ਲਈ ਮਜਬੂਰ ਕਰ ਦਿੰਦੀ ਹੈ। ਭਰੋਸੇ, ਪ੍ਰੀਤ ਅਤੇ ਸ਼ਰਧਾ ਵਿੱਚ ਉਹ ਪਰਮ ਸ਼ਕਤੀ ਹੈ ਜੋ ਮਨੁੱਖ ਨੂੰ ਸਾਰੇ ਦਰਗਾਹੀ ਖ਼ਜ਼ਾਨੇ ਪ੍ਰਾਪਤ ਕਰਵਾਉਣ ਦੀ ਸਮਰੱਥਾ ਰੱਖਦੀ ਹੈ। ਭਰੋਸੇ, ਪ੍ਰੀਤ ਅਤੇ ਸ਼ਰਧਾ ਵਿੱਚ ਉਹ ਪਰਮ ਸ਼ਕਤੀ ਹੈ ਜੋ ਮਨੁੱਖ ਨੂੰ ਮਹਾ ਪਰਉਪਕਾਰੀ ਜੀਵਨ ਬਖਸ਼ਣ ਦੀ ਸਮਰੱਥਾ ਰੱਖਦੀ ਹੈ। ਭਰੋਸੇ, ਪ੍ਰੀਤ ਅਤੇ ਸ਼ਰਧਾ ਵਿੱਚ ਉਹ ਪਰਮ ਸ਼ਕਤੀ ਹੈ ਜੋ ਮਨੁੱਖ ਨੂੰ ਸਤਿ ਪਾਰਬ੍ਰਹਮ ਵਿੱਚ ਅਭੇਦ ਕਰਾ ਦੇਣ ਦੀ ਸਮਰੱਥਾ ਰੱਖਦੀ ਹੈ। ਭਰੋਸੇ, ਪ੍ਰੀਤ ਅਤੇ ਸ਼ਰਧਾ ਵਿੱਚ ਉਹ ਪਰਮ ਸ਼ਕਤੀ ਹੈ ਜੋ ਮਨੁੱਖ ਨੂੰ ਜੀਵਨ ਮੁਕਤ ਕਰਵਾਉਣ ਦੀ ਸਮਰੱਥਾ ਰੱਖਦੀ ਹੈ। ਭਰੋਸੇ, ਪ੍ਰੀਤ ਅਤੇ ਸ਼ਰਧਾ ਵਿੱਚ ਉਹ ਪਰਮ ਸ਼ਕਤੀ ਹੈ ਜੋ ਮਨੁੱਖ ਨੂੰ ਪੂਰਨ ਬ੍ਰਹਮ ਗਿਆਨ ਪ੍ਰਾਪਤ ਕਰਵਾਉਣ ਦੀ ਸਮਰੱਥਾ ਰੱਖਦੀ ਹੈ।

ਬੰਦਗੀ ਇੱਕ ਗੁਰਪ੍ਰਸਾਦੀ ਖੇਲ ਹੈ। ਮਨੁੱਖ ਦੀ ਬੰਦਗੀ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਗਾਹੀ ਹੁਕਮ ਦੇ ਅਨੁਸਾਰ ਰਚਿਆ ਹੋਇਆ ਖੇਲ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਹੀ ਮਨੁੱਖ ਨੂੰ ਇਸ ਗੁਰਪ੍ਰਸਾਦੀ ਖੇਲ ਵਿੱਚ ਸ਼ਾਮਿਲ ਕਰਦੀ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਹੀ ਮਨੁੱਖ ਨੂੰ ਇਸ ਗੁਰਪ੍ਰਸਾਦੀ ਖੇਲ ਵਿੱਚ ਸਫਲ ਕਰਦੀ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਜਿਸ ਮਨੁੱਖ ਨੂੰ ਚਾਹੁੰਦਾ ਹੈ ਉਸ ਨੂੰ ਬੰਦਗੀ ਦੇ ਗੁਰਪ੍ਰਸਾਦੀ ਖੇਲ ਵਿੱਚ ਆਪ ਹੀ ਸ਼ਾਮਿਲ ਕਰਦਾ ਹੈ ਅਤੇ ਫਿਰ ਉਸ ਮਨੁੱਖ ਨੂੰ ਆਪਣੀ ਨਿਗਰਾਨੀ ਹੇਠ ਬੰਦਗੀ ਪੂਰਨ ਕਰਵਾਉਂਦਾ ਹੈ। ਜਿਸ ਮਨੁੱਖ ਉੱਪਰ ਸਤਿ ਪਾਰਬ੍ਰਹਮ ਪਰਮੇਸ਼ਰ ਤੁੱਠਦਾ ਹੈ ਉਸ ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਆਪਣੀ ਬੰਦਗੀ ਦਿੰਦਾ ਹੈ। ਜਿਸ ਮਨੁੱਖ ਉੱਪਰ ਸਤਿ ਪਾਰਬ੍ਰਹਮ ਪਰਮੇਸ਼ਰ ਬਖਸ਼ਿਸ਼ ਕਰਦਾ ਹੈ ਉਸ ਮਨੁੱਖ ਨੂੰ ਆਪਣੀ ਚਰਨ-ਸ਼ਰਨ ਵਿੱਚ ਲੈ ਕੇ ਗੁਰਪ੍ਰਸਾਦਿ ਦਿੰਦਾ ਹੈ। ਜਿਸ ਮਨੁੱਖ ਉੱਪਰ ਸਤਿ ਪਾਰਬ੍ਰਹਮ ਪਰਮੇਸ਼ਰ ਨਦਰ ਕਰਦਾ ਹੈ ਉਸ ਮਨੁੱਖ ਨੂੰ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦਾ ਗੁਰਪ੍ਰਸਾਦਿ ਦਿੰਦਾ ਹੈ। ਜਿਸ ਮਨੁੱਖ ਉੱਪਰ ਸਤਿ ਪਾਰਬ੍ਰਹਮ ਪਰਮੇਸਰ ਮਹਿਰਾਮਤ ਕਰਦਾ ਹੈ ਉਸ ਨੂੰ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਲੈ ਜਾਂਦਾ ਹੈ। ਜਿਸ ਮਨੁੱਖ ਉੱਪਰ ਸਤਿ ਪਾਰਬ੍ਰਹਮ ਪਰਮੇਸ਼ਰ ਮਿਹਰਬਾਨ ਹੁੰਦਾ ਹੈ ਉਸ ਮਨੁੱਖ ਦੀ ਸੁਰਤਿ ਵਿੱਚ ਆਪਣਾ ਨਾਮ ਉੱਕਰਾ ਦਿੰਦਾ ਹੈ। ਐਸੇ ਭਾਗਾਂ ਵਾਲੇ ਮਨੁੱਖ ਦੀ ਸੁਰਤਿ ਦਾ ਸ਼ਬਦ ਨਾਲ ਸੁਮੇਲ ਹੋ ਜਾਂਦਾ ਹੈ। ਸ਼ਬਦ ਦਾ ਸੁਰਤਿ ਵਿੱਚ ਉੱਕਰਿਆ ਜਾਣਾ, ਸ਼ਬਦ ਦਾ ਸੁਰਤਿ ਵਿੱਚ ਉਤਰ ਜਾਣਾ, ਸੁਰਤਿ ਦਾ ਸ਼ਬਦ ਨਾਲ ਸੁਮੇਲ ਗੁਰਪ੍ਰਸਾਦਿ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਦੇ ਨਾਲ ਹੀ ਮਨੁੱਖ ਦੀ ਸੁਰਤਿ ਦਾ ਸ਼ਬਦ ਨਾਲ ਸੁਮੇਲ ਹੋ ਜਾਂਦਾ ਹੈ। ਭਾਵ ਸਤਿਨਾਮ ਮਨੁੱਖ ਦੀ ਸੁਰਤਿ ਵਿੱਚ ਟਿਕ ਜਾਂਦਾ ਹੈ ਅਤੇ ਮਨੁੱਖ ਦੀ ਸਮਾਧੀ ਲੱਗ ਜਾਂਦੀ ਹੈ। ਮਨੁੱਖੀ ਮਨ ਦੀ ਭਟਕਣਾ ਖ਼ਤਮ ਹੋ ਜਾਂਦੀ ਹੈ। ਮਨੁੱਖ ਦਾ ਮਨ ਸ਼ਾਂਤ ਹੋ ਜਾਂਦਾ ਹੈ। ਮਨੁੱਖ ਦੀ ਸੁਰਤਿ ਵਿੱਚ ਅਜਪਾ ਜਾਪ ਸ਼ੁਰੂ ਹੋ ਜਾਂਦਾ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਦੀ ਮਹਿਮਾ ਨੂੰ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ੍ਹਾਇਆ ਹੈ:

ਸਚਾ ਸਾਹਿਬੁ ਸੇਵੀਐ ਸਚੁ ਵਡਿਆਈ ਦੇਇ ॥

ਗੁਰ ਪਰਸਾਦੀ ਮਨਿ ਵਸੈ ਹਉਮੈ ਦੂਰਿ ਕਰੇਇ ॥

ਇਹੁ ਮਨੁ ਧਾਵਤੁ ਤਾ ਰਹੈ ਜਾ ਆਪੇ ਨਦਰਿ ਕਰੇਇ ॥

{ਪੰਨਾ ੩੦}

ਬਿਨੁ ਗੁਰ ਰੋਗੁ ਨ ਤੁਟਈ ਹਉਮੈ ਪੀੜ ਨ ਜਾਇ ॥

ਗੁਰ ਪਰਸਾਦੀ ਮਨਿ ਵਸੈ ਨਾਮੇ ਰਹੈ ਸਮਾਇ ॥

ਗੁਰ ਸਬਦੀ ਹਰਿ ਪਾਈਐ ਬਿਨੁ ਸਬਦੈ ਭਰਮਿ ਭੁਲਾਇ ॥

{ਪੰਨਾ ੩੬}

ਜੀਉ ਪਿੰਡੁ ਸਭੁ ਤਿਸ ਦਾ ਤਿਸੈ ਦਾ ਆਧਾਰੁ ॥

ਗੁਰ ਪਰਸਾਦੀ ਬੁਝੀਐ ਤਾ ਪਾਏ ਮੋਖ ਦੁਆਰੁ ॥

ਨਾਨਕ ਨਾਮੁ ਸਲਾਹਿ ਤੂੰ ਅੰਤੁ ਨ ਪਾਰਾਵਾਰੁ ॥

{ਪੰਨਾ ੩੬}

ਗੁਰ ਪਰਸਾਦੀ ਜਿਨਿ ਬੁਝਿਆ ਤਿਨਿ ਪਾਇਆ ਮੋਖ ਦੁਆਰੁ ॥

{ਪੰਨਾ ੯੦}

ਸਭ ਕਿਛੁ ਘਰ ਮਹਿ ਬਾਹਰਿ ਨਾਹੀ ॥ ਬਾਹਰਿ ਟੋਲੈ ਸੋ ਭਰਮਿ ਭੁਲਾਹੀ ॥

ਗੁਰ ਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ ॥

{ਪੰਨਾ ੧੦੨}

ਹਰਣੀ ਹੋਵਾ ਬਨਿ ਬਸਾ ਕੰਦ ਮੂਲ ਚੁਣਿ ਖਾਉ ॥

ਗੁਰ ਪਰਸਾਦੀ ਮੇਰਾ ਸਹੁ ਮਿਲੈ ਵਾਰਿ ਵਾਰਿ ਹਉ ਜਾਉ ਜੀਉ ॥

{ਪੰਨਾ ੧੫੭}

ਹਰਿ ਜੀਉ ਰਾਖਹੁ ਅਪਨੀ ਸਰਣਾਈ ॥

ਗੁਰ ਪਰਸਾਦੀ ਹਰਿ ਰਸੁ ਪਾਇਆ ਨਾਮੁ ਪਦਾਰਥੁ ਨਉ ਨਿਧਿ ਪਾਈ ॥

{ਪੰਨਾ ੩੫੨-੩੫੩}

ਨਾਨਕ ਨਦਰਿ ਕਰੇ ਸੋ ਬੂਝੈ ਸੋ ਜਨੁ ਨਾਮੁ ਧਿਆਏ ॥ ਗੁਰ ਪਰਸਾਦੀ ਏਕੋ ਬੂਝੈ ਏਕਸੁ ਮਾਹਿ ਸਮਾਏ ॥

{ਪੰਨਾ ੭੩੨}

ਗੁਰ ਪਰਸਾਦੀ ਨਾਮੁ ਮਨਿ ਵਸਿਆ ਅਨਦਿਨੁ ਨਾਮੁ ਧਿਆਇਆ ॥

{ਪੰਨਾ ੮੫੨}

ਸਾਸਨਿ ਸਾਸਿ ਸਾਸਿ ਬਲੁ ਪਾਈ ਹੈ ਨਿਹਸਾਸਨਿ ਨਾਮੁ ਧਿਆਵੈਗੋ ॥

ਗੁਰ ਪਰਸਾਦੀ ਹਉਮੈ ਬੂਝੈ ਤੌ ਗੁਰਮਤਿ ਨਾਮਿ ਸਮਾਵੈਗੋ ॥

{ਪੰਨਾ ੧੩੦੯-੧੩੧੦}

ਮਨੁੱਖ ਦੇ ਆਪਣੇ ਹੱਥ ਵੱਸ ਵਿੱਚ ਕੁਝ ਨਹੀਂ ਹੈ। ਜੋ ਕੁਝ ਵੀ ਮਨੁੱਖੀ ਜੀਵਨ ਵਿੱਚ ਵਾਪਰਦਾ ਹੈ ਉਹ ਸਭ ਕੁਝ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਹੁਕਮ ਅਨੁਸਾਰ ਹੀ ਵਾਪਰਦਾ ਹੈ। ਮਨੁੱਖ ਦਾ ਜੀਵਨ ਅਤੇ ਸਾਰੇ ਸੰਸਾਰਿਕ ਕਾਰ-ਵਿਹਾਰ ਦਰਗਾਹੀ ਹੁਕਮ ਅਨੁਸਾਰ ਹੀ ਚਲਦੇ ਹਨ। ਸਾਰੇ ਦਰਗਾਹੀ ਵਿਧਾਨਾਂ ਅਨੁਸਾਰ ਹੀ ਸਾਰੀ ਸ੍ਰਿਸ਼ਟੀ ਚਲਦੀ ਹੈ। ਮਨੁੱਖ ਦੇ ਸਾਰੇ ਕਰਮ ਵੀ ਕਰਮ ਦੇ ਵਿਧਾਨ ਅਨੁਸਾਰ ਹੀ ਵਾਪਰਦੇ ਹਨ। ਜਿਸ ਮਨੁੱਖ ਨੂੰ ਕਰਮ ਦੇ ਵਿਧਾਨ ਦਾ ਗਿਆਨ ਹੋ ਜਾਂਦਾ ਹੈ ਉਹ ਮਨੁੱਖ ਮਾੜੇ ਕਰਮ ਕਰਨਾ ਬੰਦ ਕਰ ਦਿੰਦਾ ਹੈ। ਜਿਸ ਮਨੁੱਖ ਨੂੰ ਇਹ ਗਿਆਨ ਹੋ ਜਾਂਦਾ ਹੈ ਕਿ ਜੋ ਕੁਝ ਉਸ ਦੇ ਜੀਵਨ ਵਿੱਚ ਵਾਪਰ ਰਿਹਾ ਹੈ ਉਹ ਸਭ ਕੁਝ ਉਸ ਦੇ ਆਪਣੇ ਹੀ ਕਰਮਾਂ ਦਾ ਫਲ਼ ਹੈ ਤਾਂ ਉਸ ਦੀ ਬਿਰਤੀ ਸਤਿ ਕਰਮਾਂ ਵਾਲੀ ਹੋਣੀ ਸ਼ੁਰੂ ਹੋ ਜਾਂਦੀ ਹੈ। ਮਨੁੱਖ ਦੇ ਜੀਵਨ ਵਿੱਚ ਵਾਪਰ ਰਹੇ ਸਾਰੇ ਦੁੱਖਾਂ, ਕਲੇਸ਼ਾਂ, ਮੁਸੀਬਤਾਂ, ਸਮੱਸਿਆਵਾਂ ਦਾ ਕਾਰਨ ਕੇਵਲ ਉਸ ਦੇ ਆਪਣੇ ਕਰਮ ਹੀ ਹਨ। ਜਦੋਂ ਮਨੁੱਖ ਨੂੰ ਇਸ ਪਰਮ ਸਤਿ ਦੀ ਸੋਝੀ ਪੈ ਜਾਂਦੀ ਹੈ ਤਾਂ ਉਸ ਦੀ ਬਿਰਤੀ ਸਤਿ ਕਰਮਾਂ ਉੱਪਰ ਟਿਕਣੀ ਸ਼ੁਰੂ ਹੋ ਜਾਂਦੀ ਹੈ। ਸਤੋ ਬਿਰਤੀ ਉੱਪਰ ਕਾਇਮ ਹੋ ਰਹੇ ਮਨੁੱਖਾਂ ਉੱਪਰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਨਦਰ ਵਰਤਦੀ ਹੈ। ਜਿਸ ਦੇ ਫਲ਼ ਸਰੂਪ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਲਈ ਸਾਰੀ ਲੋਕਾਈ ਦੇ ਚਰਨਾਂ ‘ਤੇ ਸਨਿਮਰ ਬੇਨਤੀ ਹੈ ਕਿ ਆਪਣਾ ਧਿਆਨ ਸਤਿ ਕਰਮ ਕਰਨ ‘ਤੇ ਕੇਂਦਰਿਤ ਕਰੋ। ਆਪਣੀ ਰੋਜ਼ਾਨਾ ਕਰਨੀ ਨੂੰ ਸਤਿ ਦੀ ਕਰਨੀ ਵਿੱਚ ਤਬਦੀਲ ਕਰਨ ਦਾ ਯਤਨ ਕਰੋ। ਸਤਿ ਕਰਮ ਮਨੁੱਖ ਦੀ ਬੰਦਗੀ ਦਾ ਆਧਾਰ ਬਣ ਜਾਂਦੇ ਹਨ ਅਤੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿ ਦੀ ਕਰਨੀ ਵਿੱਚ ਉਹ ਪਰਮ ਸ਼ਕਤੀ ਹੈ ਜੋ ਸਤਿ ਪਾਰਬ੍ਰਹਮ ਪਰਮੇਸ਼ਰ ਨੂੰ ਤੁਹਾਡੇ ਉੱਪਰ ਆਪਣੀ ਮਹਿਰਾਮਤ ਦੀ ਨਦਰ ਕਰਨ ਲਈ ਮਜਬੂਰ ਕਰ ਦਿੰਦੀ ਹੈ। ਇਸ ਲਈ ਸਤਿ ਦੀ ਸੇਵਾ ਕਰੋ, ਸਤਿ ਬੋਲੋ, ਸਤਿ ਸੁਣੋ, ਸਤਿ ਦੀ ਕਰਨੀ ਕਰੋ ਅਤੇ ਸਤਿ ਦੀ ਕਮਾਈ ਕਰੋ। ਆਪਣੇ ਰੋਜ਼ਾਨਾ ਕਾਰ-ਵਿਹਾਰ ਵਿੱਚ ਸਤਿ ਦੀ ਸੇਵਾ ਕਰੋ ਤਾਂ ਜੋ ਤੁਹਾਡਾ ਹਰ ਇੱਕ ਕਰਮ ਤੁਹਾਡੀ ਬੰਦਗੀ ਦਾ ਆਧਾਰ ਬਣ ਜਾਏ। ਸਤਿ ਦੀ ਕਰਨੀ ਕਰੋ ਤਾਂ ਜੋ ਤੁਹਾਡਾ ਹਰ ਇੱਕ ਕਰਮ ਯੋਗ ਬਣ ਜਾਏ। ਝੂਠ ਕਰਮਾਂ ਦਾ ਤਿਆਗ ਕਰੋ। ਸਤਿ ਦੀ ਕਰਨੀ ਨੂੰ ਆਪਣਾ ਆਚਰਨ ਬਣਾਓ। ਸਤੋ ਬਿਰਤੀ ਨੂੰ ਧਾਰਨ ਕਰੋ ਜਿਸ ਦੇ ਨਾਲ ਤੁਹਾਡੇ ਸਤਿ ਕਰਮ ਇਕੱਤਰ ਹੋਣ ਅਤੇ ਤੁਹਾਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਜਾਏ ਅਤੇ ਤੁਹਾਡਾ ਮਨੁੱਖਾ ਜਨਮ ਜੀਵਨ ਸਫਲ ਹੋ ਜਾਏ।

ਗੁਰਪ੍ਰਸਾਦਿ ਦੀ ਪ੍ਰਾਪਤੀ ਦੇ ਨਾਲ ਹੀ ਮਨੁੱਖ ਦੀ ਬੰਦਗੀ ਸ਼ੁਰੂ ਹੁੰਦੀ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਹੀ ਮਨੁੱਖ ਨੂੰ ਸਿਮਰਨ ਵਿੱਚ ਲੈ ਜਾਂਦੀ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਜਦ ਮਨੁੱਖ ਉੱਪਰ ਵਰਤਦੀ ਹੈ ਤਾਂ ਉਸ ਨੂੰ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦੀ ਪ੍ਰਾਪਤੀ ਹੁੰਦੀ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਜਦ ਮਨੁੱਖ ਉੱਪਰ ਵਰਤਦੀ ਹੈ ਤਾਂ ਉਸ ਦੀ ਸੁਰਤਿ ਵਿੱਚ ਸ਼ਬਦ ਉੱਕਰਿਆ ਜਾਂਦਾ ਹੈ ਅਤੇ ਅਜਪਾ ਜਾਪ ਸ਼ੁਰੂ ਹੋ ਜਾਂਦਾ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਜਦ ਮਨੁੱਖ ਉੱਪਰ ਵਰਤਦੀ ਹੈ ਤਾਂ ਉਸ ਨੂੰ ਸਮਾਧੀ ਅਤੇ ਸੁੰਨ ਸਮਾਧੀ ਦੀ ਪ੍ਰਾਪਤੀ ਹੁੰਦੀ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਜਦ ਮਨੁੱਖ ਉੱਪਰ ਵਰਤਦੀ ਹੈ ਤਾਂ ਉਸ ਦੇ ਸਾਰੇ ਬਜਰ ਕਪਾਟ ਖੁੱਲ੍ਹ ਜਾਂਦੇ ਹਨ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਜਦ ਮਨੁੱਖ ਉੱਪਰ ਵਰਤਦੀ ਹੈ ਤਾਂ ਸਤਿਨਾਮ ਸਿਮਰਨ ਉਸ ਦੇ ਰੋਮ-ਰੋਮ ਵਿੱਚ ਚਲਾ ਜਾਂਦਾ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਜਦ ਮਨੁੱਖ ਉੱਪਰ ਵਰਤਦੀ ਹੈ ਤਾਂ ਉਸ ਦੇ ੭ ਸਤਿ ਸਰੋਵਰ ਜਾਗਰਿਤ ਹੋ ਜਾਂਦੇ ਹਨ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਜਦ ਮਨੁੱਖ ਉੱਪਰ ਵਰਤਦੀ ਹੈ ਤਾਂ ਮਨ ਚਿੰਦਿਆ ਜਾਂਦਾ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਜਿਸ ਮਨੁੱਖ ਉੱਪਰ ਵਰਤਦੀ ਹੈ ਉਸ ਮਨੁੱਖ ਦਾ ਮਨ ਜੋਤ ਰੂਪ ਵਿੱਚ ਪ੍ਰਗਟ ਹੋ ਜਾਂਦਾ ਹੈ ਅਤੇ ਮਨ ਜਿੱਤਿਆ ਜਾਂਦਾ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਜਿਸ ਮਨੁੱਖ ਉੱਪਰ ਵਰਤਦੀ ਹੈ ਉਸ ਮਨੁੱਖ ਦੀ ਤ੍ਰਿਸ਼ਣਾ ਬੁਝ ਜਾਂਦੀ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਜਿਸ ਮਨੁੱਖ ਉੱਪਰ ਵਰਤਦੀ ਹੈ ਉਹ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਨੂੰ ਜਿੱਤ ਲੈਂਦਾ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਜਿਸ ਮਨੁੱਖ ਉੱਪਰ ਵਰਤਦੀ ਹੈ ਉਹ ਮਨੁੱਖ ਮਹਾ ਵਿਨਾਸ਼ਕਾਰੀ ਮਾਇਕੀ ਸ਼ਕਤੀਆਂ ਉੱਪਰ ਜਿੱਤ ਪ੍ਰਾਪਤ ਕਰਦਾ ਹੈ ਅਤੇ ਉਸ ਦੀ ਹਉਮੈ ਦਾ ਅੰਤ ਹੋ ਜਾਂਦਾ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਜਦ ਮਨੁੱਖ ਉੱਪਰ ਵਰਤਦੀ ਹੈ ਤਾਂ ਉਹ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਕਰਦਾ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਜਦ ਮਨੁੱਖ ਉੱਪਰ ਵਰਤਦੀ ਹੈ ਤਾਂ ਉਹ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਸਦਾ-ਸਦਾ ਲਈ ਅਭੇਦ ਹੋ ਜਾਂਦਾ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਜਦ ਮਨੁੱਖ ਉੱਪਰ ਵਰਤਦੀ ਹੈ ਤਾਂ ਉਸ ਮਨੁੱਖ ਨੂੰ ਜੀਵਨ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਜਦ ਮਨੁੱਖ ਉੱਪਰ ਵਰਤਦੀ ਹੈ ਤਾਂ ਉਸ ਮਨੁੱਖ ਨੂੰ ਪਰਮ ਪਦਵੀ ਦੀ ਪ੍ਰਾਪਤੀ ਹੁੰਦੀ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਜਦ ਮਨੁੱਖ ਉੱਪਰ ਵਰਤਦੀ ਹੈ ਤਾਂ ਉਸ ਨੂੰ ਪੂਰਨ ਬ੍ਰਹਮ ਗਿਆਨ ਦੀ ਅਤੇ ਤੱਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਜਦ ਮਨੁੱਖ ਉੱਪਰ ਵਰਤਦੀ ਹੈ ਤਾਂ ਉਸ ਨੂੰ ਦਰਗਾਹ ਤੋਂ ਗੁਰਪ੍ਰਸਾਦਿ ਵਰਤਾਉਣ ਦੀ ਸੇਵਾ ਪ੍ਰਾਪਤ ਹੁੰਦੀ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਜਦ ਮਨੁੱਖ ਉੱਪਰ ਵਰਤਦੀ ਹੈ ਤਾਂ ਉਸ ਮਨੁੱਖ ਨੂੰ ਸਤਿਨਾਮ ਦਾ ਵਪਾਰ ਕਰਨ ਦੀ ਪਰਮ ਸ਼ਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਜਦ ਮਨੁੱਖ ਉੱਪਰ ਵਰਤਦੀ ਹੈ ਤਾਂ ਉਸ ਮਨੁੱਖ ਨੂੰ ਮਹਾ ਪਰਉਪਕਾਰ ਕਰਨ ਦੀ ਪਰਮ ਸ਼ਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ।

ਇਹ ਪਰਮ ਸਤਿ ਹੈ ਕਿ ਸਾਰੀ ਸ੍ਰਿਸ਼ਟੀ ਦਾ ਮੂਲ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਜੋਤ ਹੈ। ੮੪ ਲੱਖ ਮੇਦਨੀ ਦੇ ਜਨਮ ਜੀਵਨ ਦਾ ਆਧਾਰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਜੋਤ ਹੈ। ੮੪ ਲੱਖ ਮੇਦਨੀ ਦਾ ਜਨਮ ਦਾਤਾ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਜੋਤ ਹੀ ਹੈ। ੮੪ ਲੱਖ ਮੇਦਨੀ ਦੇ ਜੀਵਾਂ ਦਾ ਖਸਮ, ਮਾਤਾ, ਪਿਤਾ, ਭਾਈ ਅਤੇ ਬੰਧਪ ਕੇਵਲ ਸਤਿ ਪਾਰਬ੍ਰਹਮ ਪਰਮੇਸ਼ਰ ਆਪ ਹੀ ਹੈ। ਇਸ ਲਈ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਜੋਤ ਦਾ ਸੰਬੰਧ ਹੀ ਸੱਚਾ ਸੰਬੰਧ ਹੈ। ਬਾਕੀ ਸਾਰੇ ਸੰਬੰਧ ਕਰਮ-ਕਾਂਡੀ ਹਨ ਅਤੇ ਬਿਨਸਣਹਾਰ ਹਨ। ਬਾਕੀ ਸਾਰੇ ਸੰਬੰਧ ਮਾਇਕੀ ਹਨ ਅਤੇ ਕਰਮ-ਕਾਂਡ ਦਾ ਲੇਖਾ-ਜੋਖਾ ਦੇਣ ਲਈ ਬਣਦੇ ਅਤੇ ਮਿਟਦੇ ਹਨ। ਜੋਤ ਦਾ ਸੰਬੰਧ ਕਦੇ ਮਿਟਦਾ ਨਹੀਂ ਹੈ ਅਤੇ ਸਦੀਵੀ ਹੈ। ਜੋਤ ਦਾ ਸਤਿ ਪਾਰਬ੍ਰਹਮ ਪਰਮੇਸ਼ਰ ਵਿੱਚ ਸਦਾ-ਸਦਾ ਲਈ ਸਮਾ ਜਾਣਾ ਹੀ ਮਨੁੱਖਾ ਜੀਵਨ ਜਨਮ ਦਾ ਟੀਚਾ ਹੈ। ਮਨੁੱਖ ਵਿੱਚ ਸਥਿਤ ਜੋਤ ਦਾ ਸਤਿ ਪਾਰਬ੍ਰਹਮ ਵਿੱਚ ਅਭੇਦ ਹੋਣਾ ਇੱਕ ਗੁਰਪ੍ਰਸਾਦੀ ਖੇਲ ਹੈ। ਜਿਸ ਮਨੁੱਖ ਉੱਪਰ ਸਤਿ ਪਾਰਬ੍ਰਹਮ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਉਸ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ। ਜੋ ਮਨੁੱਖ ਸਤੋ ਬਿਰਤੀ ਦੇ ਧਾਰਨੀ ਬਣ ਜਾਂਦੇ ਹਨ ਉਨ੍ਹਾਂ ਉੱਪਰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਨਦਰ ਹੋ ਜਾਂਦੀ ਹੈ।