ਅਨੰਦੁ ਸਾਹਿਬ – ਪਉੜੀ ੧੭

 

ਪਵਿਤੁ ਹੋਏ ਸੇ ਜਨਾ ਜਿਨੀ ਹਰਿ ਧਿਆਇਆ

ਹਰਿ ਧਿਆਇਆ ਪਵਿਤੁ ਹੋਏ ਗੁਰਮੁਖਿ ਜਿਨੀ ਧਿਆਇਆ

ਪਵਿਤੁ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿਤੁ ਸੰਗਤਿ ਸਬਾਈਆ

ਕਹਦੇ ਪਵਿਤੁ ਸੁਣਦੇ ਪਵਿਤੁ ਸੇ ਪਵਿਤੁ ਜਿਨੀ ਮੰਨਿ ਵਸਾਇਆ

ਕਹੈ ਨਾਨਕੁ ਸੇ ਪਵਿਤੁ ਜਿਨੀ ਗੁਰਮੁਖਿ ਹਰਿ ਹਰਿ ਧਿਆਇਆ ੧੭

(ਪੰਨਾ ੯੧੯)

ਮਨੁੱਖ ਦਾ ਜੀਵਨ ਪਵਿੱਤਰ ਕਿਵੇਂ ਹੁੰਦਾ ਹੈ? ਮਨੁੱਖੀ ਜੀਵਨ ਵਿੱਚ ਪਵਿੱਤਰਤਾ ਦਾ ਕੀ ਭਾਵ ਹੈ? ਕਿਹੜੀ ਰਹਿਤ ਦੀ ਕਮਾਈ ਮਨੁੱਖੀ ਜੀਵਨ ਨੂੰ ਪਵਿੱਤਰ ਬਣਾਉਂਦੀ ਹੈ? ਕਿਹੜੀ ਕਰਨੀ ਮਨੁੱਖ ਨੂੰ ਪਵਿੱਤਰ ਬਣਾਉਂਦੀ ਹੈ? ਕਿਹੜੀ ਰਹਿਤ ਦੀ ਕਮਾਈ ਮਨੁੱਖੀ ਜੀਵਨ ਨੂੰ ਸਦਾ ਸੁਖ ਦੀ ਪ੍ਰਾਪਤੀ ਕਰਵਾਉਂਦੀ ਹੈ? ਕਿਹੜੀ ਕਰਨੀ ਦੀ ਕਮਾਈ ਮਨੁੱਖੀ ਜੀਵਨ ਵਿੱਚ ਸਤਿ ਚਿੱਤ ਆਨੰਦ ਦੀ ਪ੍ਰਾਪਤੀ ਕਰਵਾਉਂਦੀ ਹੈ? ਕਿਹੜੀ ਕਰਨੀ ਮਨੁੱਖੀ ਜੀਵਨ ਵਿੱਚੋਂ ਦੁੱਖਾਂ, ਕਲੇਸ਼ਾਂ, ਮੁਸੀਬਤਾਂ, ਵਿਕਟ ਸਮੱਸਿਆਵਾਂ ਆਦਿ ਦਾ ਅੰਤ ਕਰ ਕੇ ਮਨੁੱਖੀ ਜੀਵਨ ਨੂੰ ਪਾਵਨ ਕਰ ਦਿੰਦੀ ਹੈ? ਕਿਹੜੀ ਕਮਾਈ ਮਨੁੱਖੀ ਜੀਵਨ ਵਿੱਚ ਪਰਮ ਆਨੰਦ ਨੂੰ ਸਦਾ-ਸਦਾ ਲਈ ਸਥਾਪਿਤ ਕਰਦੀ ਹੈ? ਇਨ੍ਹਾਂ ਸਾਰਿਆਂ ਪ੍ਰਸ਼ਨਾਂ ਦੇ ਉੱਤਰ ਗੁਰਬਾਣੀ ਵਿੱਚ ਪ੍ਰਤੱਖ ਪ੍ਰਗਟ ਕੀਤੇ ਗਏ ਹਨ। ਮਨੁੱਖ ਦੀ ਇਸ ਪਵਿੱਤਰਤਾ ਦੀ ਪਰਮ ਸ਼ਕਤੀਸ਼ਾਲੀ ਕਥਾ ਇਸ ਪਾਵਨ ਬਾਣੀ ਵਿੱਚ ਪ੍ਰਗਟ ਕੀਤੀ ਗਈ ਹੈ। ਜੋ ਮਨੁੱਖ ‘ਸਤਿ’ ਦੀ ਕਮਾਈ ਕਰਦੇ ਹਨ ਉਨ੍ਹਾਂ ਨੂੰ ਇਸ ਪਵਿੱਤਰਤਾ ਦੀ ਪ੍ਰਾਪਤੀ ਹੁੰਦੀ ਹੈ ਜਿਸ ਨਾਲ ਉਨ੍ਹਾਂ ਦਾ ਹਿਰਦਾ ਪਾਵਨ ਹੋ ਜਾਂਦਾ ਹੈ ਜਿਸ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਆਪ ਪ੍ਰਗਟ ਹੋ ਜਾਂਦਾ ਹੈ। ‘ਸਤਿ’ ਦੀ ਕਮਾਈ ਤੋਂ ਭਾਵ ਹੈ: ‘ਸਤਿ’ ਦੀ ਰਹਿਤ ਦੀ ਕਮਾਈ; ਜੋ ਐਸੀ ਪਰਮ ਸ਼ਕਤੀਸ਼ਾਲੀ ਕਮਾਈ ਹੈ ਜੋ ਮਨੁੱਖ ਦਾ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਲੈ ਜਾਂਦੀ ਹੈ। ਜਿਸ ਮਨੁੱਖ ਦਾ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ ਉਸ ਮਨੁੱਖ ਦੇ ਹਿਰਦੇ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪਰਮ ਜੋਤ ਅਤੇ ਪੂਰਨ ਪ੍ਰਕਾਸ਼ ਪ੍ਰਤੱਖ ਪ੍ਰਗਟ ਹੋ ਜਾਂਦੇ ਹਨ। ਜੋ ਮਨੁੱਖ ‘ਸਤਿ’ ਦੀ ਕਮਾਈ ਕਰਦੇ ਹਨ ਉਨ੍ਹਾਂ ਦਾ ਰੋਮ-ਰੋਮ ‘ਸਤਿ ਰੂਪ’ ਹੋ ਜਾਂਦਾ ਹੈ। ਪੂਰਨ ਸਚਿਆਰੀ ਰਹਿਤ ਦੀ ਕਮਾਈ ਤੋਂ ਭਾਵ ਹੈ ਮਾਇਆ ਨੂੰ ਜਿੱਤਣ ਦੀ ਰਹਿਤ ਦੀ ਕਮਾਈ। ਪੂਰਨ ਸਚਿਆਰੀ ਰਹਿਤ ਤੋਂ ਭਾਵ ਹੈ ਤ੍ਰਿਸ਼ਣਾ ਦਾ ਬੁਝ ਜਾਣਾ ਅਤੇ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਨੂੰ ਜਿੱਤ ਲੈਣਾ ਹੈ। ਪੂਰਨ ਸਚਿਆਰੀ ਰਹਿਤ ਦੀ ਕਮਾਈ ਉਸ ਪਰਮ ਸ਼ਕਤੀਸ਼ਾਲੀ ਰਹਿਤ ਦੀ ਕਮਾਈ ਹੈ ਜਿਸ ਦੇ ਨਾਲ ਮਨੁੱਖ ਮਾਇਆ ਦੀ ਮਹਾ ਵਿਨਾਸ਼ਕਾਰੀ ਸ਼ਕਤੀਆਂ ਉੱਪਰ ਜਿੱਤ ਹਾਸਲ ਕਰ ਕੇ ਤ੍ਰਿਹ ਗੁਣ ਮਾਇਆ ਤੋਂ ਪਰੇ ਚਉਥੇ ਪਦ ਵਿੱਚ ਅੱਪੜ ਜਾਂਦਾ ਹੈ ਜਿਸ ਅਵਸਥਾ ਵਿੱਚ ਉਸ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਦੇ ਦਰਸ਼ਨ ਹੋ ਜਾਂਦੇ ਹਨ ਅਤੇ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ।

ਜੋ ਸਤਿ ਪਾਰਬ੍ਰਹਮ ਪਰਮੇਸ਼ਰ ਨੂੰ ਧਿਆਉਂਦੇ ਹਨ ਉਨ੍ਹਾਂ ਨੂੰ ‘ਪਵਿਤ’ ਅਵਸਥਾ ਵਿੱਚ ਪਹੁੰਚਣ ਦੀ ਪਰਮ ਸ਼ਕਤੀਸ਼ਾਲੀ ਬਖਸ਼ਿਸ਼ ਦੀ ਪ੍ਰਾਪਤੀ ਹੋ ਜਾਂਦੀ ਹੈ। ਸੁਭਾਵਿਕ ਪ੍ਰਸ਼ਨ ਉੱਠਦਾ ਹੈ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਨੂੰ ਧਿਆਉਣ ਦਾ ਕੀ ਭਾਵ ਹੈ? ਸਤਿ ਪਾਰਬ੍ਰਹਮ ਪਰਮੇਸ਼ਰ ਨੂੰ ਕਿਵੇਂ ਧਿਆਇਆ ਜਾਂਦਾ ਹੈ? ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਕੇਵਲ ਸਤਿ ਦੀ ਕਰਨੀ ਵਿੱਚ ਹੀ ਲੁਕੇ ਹੋਏ ਹਨ। ਕਿਵੇਂ? ਸਤਿ ਦੀ ਕਰਨੀ ਵਿੱਚ ਧਿਆਨ ਕੇਂਦਰਿਤ ਕਰਨ ਨਾਲ ਹੌਲੀ-ਹੌਲੀ ਮਨੁੱਖ ਦੇ ਸਾਰੇ ਕਰਮ ਸਤਿ ਕਰਮਾਂ ਵਿੱਚ ਪਰਿਵਰਤਿਤ ਹੋ ਜਾਂਦੇ ਹਨ। ਸਤਿ ਕਰਮ ਕੀ ਹਨ? ਜੋ ਕਰਮ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੇ ਅਧੀਨ ਹੋ ਕੇ ਕੀਤੇ ਜਾਂਦੇ ਹਨ ਉਹ ਕਰਮ ਅਸਤਿ ਹੁੰਦੇ ਹਨ। ਜੋ ਕਰਮ ਸਤਿ, ਸੰਤੋਖ, ਦਇਆ, ਧਰਮ, ਸੰਜਮ ਦੇ ਅਧੀਨ ਕੀਤੇ ਜਾਂਦੇ ਹਨ ਉਹ ਕਰਮ ਸਤਿ ਹੁੰਦੇ ਹਨ। ਜੋ ਕਰਮ ਮਨਮਤਿ ਦੇ ਅਧੀਨ ਕੀਤੇ ਜਾਂਦੇ ਹਨ ਉਹ ਕਰਮ ਅਸਤਿ ਕਰਮ ਹੁੰਦੇ ਹਨ। ਜੋ ਕਰਮ ਗੁਰਮਤਿ ਦੇ ਅਧੀਨ ਕੀਤੇ ਜਾਂਦੇ ਹਨ ਉਹ ਕਰਮ ਸਤਿ ਕਰਮ ਹੁੰਦੇ ਹਨ। ਜੋ ਕਰਮ ਭਰਮਾਂ ਨੂੰ ਜਨਮ ਦਿੰਦੇ ਹਨ ਉਹ ਕਰਮ ਅਸਤਿ ਕਰਮ ਹੁੰਦੇ ਹਨ। ਜੋ ਕਰਮ ਦੁਬਿਧਾ ਵਿੱਚ ਕੀਤੇ ਜਾਂਦੇ ਹਨ ਉਹ ਕਰਮ ਅਸਤਿ ਕਰਮ ਹੁੰਦੇ ਹਨ। ਜੋ ਕਰਮ ਸਤਿਗੁਰੂ ਦੇ ਹੁਕਮ ਵਿੱਚ ਹੁੰਦੇ ਹਨ ਉਹ ਕਰਮ ਸਤਿ ਕਰਮ ਹੁੰਦੇ ਹਨ। ਜੋ ਕਰਮ ਮਨੁੱਖ ਆਪਣੀ ਤ੍ਰਿਸ਼ਣਾ ਨੂੰ ਬੁਝਾਉਣ ਲਈ ਕਾਮ ਚੰਡਾਲ, ਕ੍ਰੋਧ ਚੰਡਾਲ, ਲੋਭ ਚੰਡਾਲ, ਮੋਹ ਚੰਡਾਲ ਅਤੇ ਅਹੰਕਾਰ ਚੰਡਾਲ ਦੇ ਵੱਸ ਆ ਕੇ ਕਰਦਾ ਹੈ ਉਹ ਕਰਮ ਅਸਤਿ ਕਰਮ ਹੁੰਦੇ ਹਨ।

ਇਸ ਲਈ ਮਨੁੱਖ ਦੇ ਰੋਜ਼ਾਨਾ ਜੀਵਨ ਵਿੱਚ ਇਹ ਚੇਤਨਾ ਦਾ ਹੋਣਾ ਬੇਅੰਤ ਜ਼ਰੂਰੀ ਹੈ ਕਿ ਉਸ ਨੂੰ ਕਰਮ ਕਰਨ ਤੋਂ ਪਹਿਲਾਂ ਇਹ ਸੋਝੀ ਹੋ ਜਾਏ ਕਿ ਜੋ ਕਰਮ ਉਹ ਕਰਨ ਜਾ ਰਿਹਾ ਹੈ ਉਹ ਕਰਮ ਅਸਤਿ ਨਾ ਹੋਵੇ। ਜਦੋਂ ਮਨੁੱਖ ਨੂੰ ਇਸ ਪਰਮ ਸਤਿ ਦੀ ਸੋਝੀ ਪੈਂਦੀ ਹੈ ਕਿ ਉਸ ਨੂੰ ਆਪਣੀ ਸਤੋ ਬਿਰਤੀ ਨੂੰ ਜਗਾਉਣਾ ਹੈ ਅਤੇ ਸਤਿ ਕਰਮਾਂ ਦੀ ਕਮਾਈ ਕਰਨੀ ਹੈ ਤਾਂ ਉਹ ਸਤਿ ਦੀ ਕਰਨੀ ਉੱਪਰ ਆਪਣਾ ਧਿਆਨ ਕੇਂਦਰਿਤ ਕਰਦਾ ਹੈ। ਜਦ ਮਨੁੱਖ ਸਤਿ ਦੀ ਕਰਨੀ ਉੱਪਰ ਆਪਣਾ ਧਿਆਨ ਕੇਂਦਿਰਤ ਕਰਨ ਦਾ ਯਤਨ ਕਰਦਾ ਹੈ ਤਾਂ ਸ਼ੁਰੂ-ਸ਼ੁਰੂ ਵਿੱਚ ਬਹੁਤ ਦਿੱਕਤ ਪੇਸ਼ ਆਉਂਦੀ ਹੈ। ਜਾਣੇ-ਅਣਜਾਣੇ ਮਨੁੱਖ ਤੋਂ ਅਸਤਿ ਕਰਮ ਹੋ ਜਾਂਦੇ ਹਨ। ਮਨ ਵਿੱਚ ਕਈ ਵਿਨਾਸ਼ਕਾਰੀ ਅਤੇ ਵਿਕਾਰੀ ਫੁਰਨੇ ਆਉਂਦੇ ਹਨ। ਇਨ੍ਹਾਂ ਵਿਨਾਸ਼ਕਾਰੀ ਅਤੇ ਵਿਕਾਰੀ ਫੁਰਨਿਆਂ ਵਿੱਚੋਂ ਕਈ ਮਨੁੱਖ ਦੇ ਕਰਮਾਂ ਦਾ ਰੂਪ ਧਾਰਨ ਕਰ ਲੈਂਦੇ ਹਨ। ਕਾਮ ਚੰਡਾਲ, ਕ੍ਰੋਧ ਚੰਡਾਲ, ਲੋਭ ਚੰਡਾਲ, ਮੋਹ ਚੰਡਾਲ ਅਤੇ ਅਹੰਕਾਰ ਚੰਡਾਲ ਮਨੁੱਖ ਦਾ ਧਿਆਨ ਵਿਨਾਸ਼ਕਾਰੀ ਕਰਮਾਂ ਵੱਲ ਨੂੰ ਲੈ ਜਾਉਣ ਦਾ ਭਰਪੂਰ ਜ਼ੋਰ ਲਗਾਉਂਦੇ ਹਨ। ਜਦ ਮਨੁੱਖ ਦੀ ਦੇਹੀ ਵਿੱਚ ਸਥਿਤ ਕਾਮ ਚੰਡਾਲ, ਕ੍ਰੋਧ ਚੰਡਾਲ, ਲੋਭ ਚੰਡਾਲ, ਮੋਹ ਚੰਡਾਲ ਅਤੇ ਅਹੰਕਾਰ ਚੰਡਾਲ ਨੂੰ ਇਹ ਗਿਆਨ ਹੁੰਦਾ ਹੈ ਕਿ ਮਨੁੱਖ ਨੂੰ ਮਾਇਆ ਦੇ ਵਿਨਾਸ਼ਕਾਰੀ ਜਾਲ ਵਿੱਚੋਂ ਨਿਕਲਣ ਦੀ ਸੋਝੀ ਪੈ ਗਈ ਹੈ ਅਤੇ ਮਨੁੱਖ ਸਤਿ ਦੀ ਸੇਵਾ ਵੱਲ ਨੂੰ ਵਧਣ ਦਾ ਯਤਨ ਕਰ ਰਿਹਾ ਹੈ ਤਾਂ ਇਹ ਪੰਜ ਚੰਡਾਲ ਪੂਰੇ ਸਕ੍ਰਿਅ ਹੋ ਜਾਂਦੇ ਹਨ ਅਤੇ ਆਪਣੇ ਪੂਰੇ ਜ਼ੋਰ ਨਾਲ ਮਨੁੱਖ ਦਾ ਧਿਆਨ ਭਟਕਾਉਣ ਦਾ ਯਤਨ ਕਰਦੇ ਹਨ ਅਤੇ ਕਾਫੀ ਹੱਦ ਤੱਕ ਕਾਮਯਾਬ ਵੀ ਹੁੰਦੇ ਹਨ। ਇਸ ਕਾਰਨ ਸਤੋ ਬਿਰਤੀ ਦੀ ਕਮਾਈ ਵਿੱਚ ਧਿਆਨ ਕੇਂਦਰਿਤ ਕਰਨ ਵਾਲੇ ਮਨੁੱਖ ਦੀ ਬਿਰਤੀ ਦੀ ਅਸਤਿ ਕਰਮਾਂ ਵਾਲੇ ਪਾਸੇ ਨੂੰ ਡੋਲ ਜਾਣ ਦੀ ਸੰਭਾਵਨਾ ਪ੍ਰਬਲ ਹੁੰਦੀ ਹੈ। ਪਰੰਤੂ ਜੇਕਰ ਐਸੇ ਮਨੁੱਖਾਂ ਦੇ ਹਿਰਦੇ ਵਿੱਚ ਸਤਿ ਪਾਬ੍ਰਹਮ ਪਰਮੇਸ਼ਰ ਦੇ ਲਈ ਦ੍ਰਿੜ੍ਹ ਭਰੋਸਾ, ਪ੍ਰੀਤ ਅਤੇ ਸ਼ਰਧਾ ਹੋਵੇ ਤਾਂ ਉਨ੍ਹਾਂ ਉੱਪਰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਕਿਰਪਾ ਦੀ ਪਰਮ ਸ਼ਕਤੀ ਵਰਤਦੀ ਹੈ ਅਤੇ ਉਹ ਇਨ੍ਹਾਂ ਮੁਢਲੀਆਂ ਪਰੇਸ਼ਾਨੀਆਂ ਨੂੰ ਸਹਿਜੇ ਹੀ ਪਾਰ ਕਰ ਲੈਂਦੇ ਹਨ। ਇਸ ਲਈ ਇਸ ਪਰਮ ਸਤਿ ਤੱਤ ਨੂੰ ਸਮਝਣਾ ਬੇਅੰਤ ਜ਼ਰੂਰੀ ਹੈ ਕਿ ਸਤੋ ਬਿਰਤੀ ਦੀ ਕਮਾਈ ਕਰਨ ਲਈ ਸਤਿ ਪਾਰਬ੍ਰਹਮ ਪਰਮੇਸ਼ਰ ਉੱਪਰ ਬੇਅੰਤ ਸ਼ਰਧਾ, ਪ੍ਰੀਤ ਅਤੇ ਭਰੋਸਾ ਹੋਣਾ ਬੇਅੰਤ ਜ਼ਰੂਰੀ ਹੈ।

ਸ਼ਰਧਾ, ਪ੍ਰੀਤ ਅਤੇ ਭਰੋਸਾ ਉਹ ਪਰਮ ਸ਼ਕਤੀਆਂ ਹਨ ਜੋ ਕਿ ਸਤਿ ਪਾਰਬ੍ਰਹਮ ਪਰਮੇਸ਼ਰ ਨੂੰ ਮਨੁੱਖ ਦੇ ਹਿਰਦੇ ਵਿੱਚ ਪ੍ਰਗਟ ਹੋਣ ਲਈ ਮਜਬੂਰ ਕਰ ਦਿੰਦੀਆਂ ਹਨ। ਸ਼ਰਧਾ ਦੀ ਕੋਈ ਸੀਮਾ ਨਹੀਂ ਹੁੰਦੀ ਹੈ। ਸ਼ਰਧਾ ਦੀ ਗਹਿਰਾਈ ਨਾਪੀ ਨਹੀਂ ਜਾ ਸਕਦੀ ਹੈ। ਨਾ ਹੀ ਸ਼ਰਧਾ ਦੀ ਗਹਿਰਾਈ ਦਾ ਕੋਈ ਅੰਤ ਹੈ। ਪ੍ਰੀਤ ਦੀ ਵੀ ਕੋਈ ਸੀਮਾ ਨਹੀਂ ਹੁੰਦੀ ਹੈ। ਪ੍ਰੀਤ ਦੀ ਗਹਿਰਾਈ ਵੀ ਨਾਪੀ ਨਹੀਂ ਜਾ ਸਕਦੀ ਹੈ ਅਤੇ ਨਾ ਹੀ ਪ੍ਰੀਤ ਦੀ ਗਹਿਰਾਈ ਦਾ ਕੋਈ ਅੰਤ ਹੈ। ਭਰੋਸੇ ਦੀ ਵੀ ਕੋਈ ਸੀਮਾ ਨਹੀਂ ਹੁੰਦੀ ਹੈ। ਨਾ ਹੀ ਭਰੋਸੇ ਦੀ ਗਹਿਰਾਈ ਦਾ ਕੋਈ ਅੰਤ ਹੈ। ਇਸ ਲਈ ਸ਼ਰਧਾ, ਭਰੋਸਾ ਅਤੇ ਪ੍ਰੀਤ ਬੇਅੰਤ ਪਰਮ ਸ਼ਕਤੀਆਂ ਹਨ ਜੋ ਕਿ ਮਨੁੱਖ ਦੇ ਅੰਦਰ ਹੀ ਰੱਖੀਆਂ ਹੋਈਆਂ ਹਨ। ਜੋ ਮਨੁੱਖ ਸ਼ਰਧਾ, ਪ੍ਰੀਤ ਅਤੇ ਭਰੋਸੇ ਦੀਆਂ ਇਨ੍ਹਾਂ ਪਰਮ ਸ਼ਕਤੀਆਂ ਦੀ ਵਰਤੋਂ ਕਰਦੇ ਹਨ ਉਨ੍ਹਾਂ ਦਾ ਧਿਆਨ ਸਤੋ ਬਿਰਤੀ ਵਿੱਚ ਸਹਿਜੇ ਹੀ ਚਲਾ ਜਾਂਦਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਕੇਵਲ ਮਨੁੱਖ ਦੀ ਪ੍ਰੀਤ, ਸ਼ਰਧਾ ਅਤੇ ਭਰੋਸਾ ਦੇਖਦਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਕੇਵਲ ਮਨੁੱਖ ਦੀ ਉਸ ਪ੍ਰਤੀ ਪ੍ਰੀਤ, ਭਰੋਸਾ ਅਤੇ ਸ਼ਰਧਾ ਦਾ ਭੁੱਖਾ ਹੈ। ਸਤਿ ਪਾਰਬ੍ਰਹਮ ਪਰਮੇਸ਼ਰ ਲਈ ਸ਼ਰਧਾ, ਪ੍ਰੀਤ ਅਤੇ ਭਰੋਸਾ ਹੀ ਬੰਦਗੀ ਦਾ ਆਧਾਰ ਹੈ। ਜਿਨ੍ਹਾਂ ਮਨੁੱਖਾਂ ਦਾ ਜੀਵਨ ਸਤਿ ਪਾਰਬ੍ਰਹਮ ਪਰਮੇਸ਼ਰ ਲਈ ਸ਼ਰਧਾ, ਪ੍ਰੀਤ ਅਤੇ ਭਰੋਸੇ ਨਾਲ ਭਰਪੂਰ ਹੋ ਜਾਂਦਾ ਹੈ, ਉਨ੍ਹਾਂ ਮਨੁੱਖਾਂ ਦਾ ਜੀਵਨ ਸਤਿ ਦੀ ਕਰਨੀ ਵਿੱਚ ਤਬਦੀਲ ਹੋ ਜਾਂਦਾ ਹੈ। ਜਿਨ੍ਹਾਂ ਮਨੁੱਖਾਂ ਦੀ ਕਰਨੀ ਸਤਿ ਬੋਲਣਾ, ਸਤਿ ਸੁਣਨਾ, ਸਤਿ ਦੀ ਸੇਵਾ ਕਰਨਾ ਅਤੇ ਸਤਿ ਵਰਤਾਉਣਾ ਬਣ ਜਾਂਦੀ ਹੈ ਉਨ੍ਹਾਂ ਮਨੁੱਖਾਂ ਉੱਪਰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਗੁਰਕਿਰਪਾ ਵਰਤਦੀ ਹੈ।

ਜਿਨ੍ਹਾਂ ਮਨੁੱਖਾਂ ਦੀ ਕਰਨੀ ਸਤਿ ਦੀ ਕਰਨੀ ਬਣ ਜਾਂਦੀ ਹੈ ਉਨ੍ਹਾਂ ਮਨੁੱਖਾਂ ਉੱਪਰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਕਿਰਪਾ ਦੀ ਪਰਮ ਸ਼ਕਤੀ ਵਰਤਦੀ ਹੈ। ਗੁਰਕਿਰਪਾ ਦੀ ਇਸ ਪਰਮ ਸ਼ਕਤੀ ਦਾ ਸਦਕਾ ਐਸੇ ਮਨੁੱਖਾਂ ਨੂੰ ਪੂਰਨ ਸੰਤ ਸਤਿਗੁਰੂ ਦੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਜੋ ਮਨੁੱਖ ਐਸੇ ਪੂਰਨ ਸੰਤ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਚਲੇ ਜਾਂਦੇ ਹਨ ਅਤੇ ਪੂਰਨ ਸਮਰਪਣ ਕਰ ਦਿੰਦੇ ਹਨ, ਉਨ੍ਹਾਂ ਨੂੰ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੋ ਜਾਂਦੀ ਹੈ। ਪੂਰਨ ਸਮਰਪਣ ਤੋਂ ਭਾਵ ਹੈ ਤਨ, ਮਨ, ਧਨ ਸਤਿਗੁਰੂ ਦੇ ਚਰਨਾਂ ‘ਤੇ ਅਰਪਣ ਕਰ ਦੇਣਾ। ਤਨ ਸਮਰਪਣ ਕਰਨ ਤੋਂ ਭਾਵ ਹੈ ਸਿਮਰਨ ਅਤੇ ਸੇਵਾ ਵਿੱਚ ਲੱਗ ਜਾਣਾ। ਮਨ ਸਮਰਪਣ ਤੋਂ ਭਾਵ ਹੈ ਸਤਿਗੁਰੂ ਦੇ ਬਚਨਾਂ ਦੀ ਕਮਾਈ ਕਰਨੀ। ਧਨ ਸਮਰਪਣ ਤੋਂ ਭਾਵ ਹੈ ਆਪਣੇ ਦਸਾਂ ਨਹੁੰਆਂ ਦੀ ਕਮਾਈ ਵਿਚੋਂ ਸਤਿਗੁਰੂ ਦੇ ਚਰਨਾਂ ‘ਤੇ ਦਸਵੰਧ ਸਮਰਪਣ ਕਰਨਾ। ਪੂਰਨ ਬੰਦਗੀ ਉਨ੍ਹਾਂ ਮਨੁੱਖਾਂ ਨੂੰ ਪ੍ਰਾਪਤ ਹੁੰਦੀ ਹੈ ਜੋ ਮਨੁੱਖ ਸਤਿਗੁਰੂ ਦੇ ਚਰਨਾਂ ‘ਤੇ ਪੂਰਨ ਸਮਰਪਣ ਕਰਦੇ ਹਨ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਉਨ੍ਹਾਂ ਮਨੁੱਖਾਂ ‘ਤੇ ਵਰਤਦੀ ਹੈ ਜੋ ਮਨੁੱਖ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਜਾਂਦੇ ਹਨ ਅਤੇ ਪੂਰਨ ਸਮਰਪਣ ਕਰਦੇ ਹਨ। ਜੋ ਮਨੁੱਖ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਨਾਲ ਨਿਵਾਜੇ ਜਾਂਦੇ ਹਨ ਉਨ੍ਹਾਂ ਦੀ ਸੁਰਤਿ ਦਾ ਸ਼ਬਦ ਨਾਲ ਸੁਮੇਲ ਹੋ ਜਾਂਦਾ ਹੈ। ਉਨ੍ਹਾਂ ਦੀ ਸੁਰਤਿ ਵਿੱਚ ਸਤਿਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਉਨ੍ਹਾਂ ਮਨੁੱਖਾਂ ਦੀ ਸੁਰਤਿ ਵਿੱਚ ਸਤਿਨਾਮ ਦਾ ਸਿਮਰਨ ਸ਼ੁਰੂ ਹੋ ਜਾਂਦਾ ਹੈ ਅਤੇ ਉਨ੍ਹਾਂ ਦੀ ਸਮਾਧੀ ਲੱਗ ਜਾਂਦੀ ਹੈ। ਉਨ੍ਹਾਂ ਮਨੁੱਖਾਂ ਨੂੰ ਸੁਹਾਗ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਦਰਗਾਹ ਵਿੱਚ ਸਤਿਨਾਮ ਦਾ ਖ਼ਾਤਾ ਖੁੱਲ੍ਹ ਜਾਂਦਾ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਐਸੇ ਮਨੁੱਖਾਂ ਨੂੰ ਅਜਪਾ-ਜਾਪ ਦੀ ਅਵਸਥਾ ਵਿੱਚ ਲੈ ਜਾਂਦੀ ਹੈ। ਜਦ ਸੁਹਾਗਣ ਸਤਿਨਾਮ ਸਿਮਰਨ ਦਾ ਲੰਬਾ ਅਭਿਆਸ ਕਰਦੀ ਹੈ ਤਾਂ ਉਹ ਸੁੰਨ ਸਮਾਧੀ ਦੀ ਪ੍ਰਾਪਤੀ ਕਰਦੀ ਹੈ। ਸੁੰਨ ਸਮਾਧੀ ਵਿੱਚ ਸਥਿਤ ਹੋ ਕੇ ਮਨ ਚਿੰਦਿਆ ਜਾਂਦਾ ਹੈ। ਤ੍ਰਿਕੁਟੀ ਖੁੱਲ੍ਹ ਜਾਂਦੀ ਹੈ। ਸਾਰੇ ਬਜਰ ਕਪਾਟ ਖੁੱਲ੍ਹ ਜਾਂਦੇ ਹਨ। ਸਤਿ ਸਰੋਵਰ ਜਾਗਰਤ ਹੋ ਜਾਂਦੇ ਹਨ। ਹਿਰਦਾ ਕਮਲ ਪਰਮ ਜੋਤ ਨਾਲ ਪ੍ਰਕਾਸ਼ਮਾਨ ਹੋ ਜਾਂਦਾ ਹੈ। ਸਤਿਨਾਮ ਰੋਮ-ਰੋਮ ਵਿੱਚ ਪ੍ਰਕਾਸ਼ਮਾਨ ਹੋ ਜਾਂਦਾ ਹੈ। ਰੋਮ-ਰੋਮ ਸਿਮਰਨ ਵਿੱਚ ਚਲਾ ਜਾਂਦਾ ਹੈ। ਦੇਹੀ ਅੰਮ੍ਰਿਤ ਨਾਲ ਭਰਪੂਰ ਹੋ ਜਾਂਦੀ ਹੈ। ਤ੍ਰਿਸ਼ਣਾ ਬੁੱਝ ਜਾਂਦੀ ਹੈ। ਪੰਜ ਚੰਡਾਲ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਮਨੁੱਖ ਦੇ ਚਰਨਾਂ ਹੇਠ ਆ ਜਾਂਦੇ ਹਨ। ਤ੍ਰਿਹ ਗੁਣ ਮਾਇਆ ਨੂੰ ਜਿੱਤ ਕੇ ਮਨੁੱਖ ਚਉਥੇ ਪਦਿ ਵਿੱਚ ਪਹੁੰਚ ਜਾਂਦਾ ਹੈ। ਚਉਥੇ ਪਦਿ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਹੋ ਜਾਂਦੇ ਹਨ ਅਤੇ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਤੱਤ ਗਿਆਨ ਅਤੇ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ ਹੈ। ਸੁਹਾਗਣ ਸਦਾ ਸੁਹਾਗਣ ਬਣ ਜਾਂਦੀ ਹੈ। ਰੋਮ-ਰੋਮ ਪਾਵਨ ਪਵਿੱਤਰ ਹੋ ਜਾਂਦਾ ਹੈ।

ਐਸੀ ਪਰਮ ਸ਼ਕਤੀਸ਼ਾਲੀ ਪਵਿੱਤਰ ਅਵਸਥਾ ਨੂੰ ਪ੍ਰਾਪਤ ਕਰਨ ਵਾਲੇ ਮਨੁੱਖ ਨੂੰ ਸਤਿਗੁਰੂ ਸਾਹਿਬਾਨ ਨੇ ‘ਗੁਰਮੁਖਿ’ ਕਹਿ ਕੇ ਨਿਵਾਜਿਆ ਹੈ। ‘ਗੁਰਮੁਖਿ’ ਉਹ ਮਨੁੱਖ ਬਣਦਾ ਹੈ ਜੋ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਪੂਰਨ ਸਮਰਪਣ ਕਰਦਾ ਹੈ। ਕੇਵਲ ਉਸ ਮਨੁੱਖ ਦਾ ਮੁਖ ਸਤਿਗੁਰੂ ਵੱਲ ਹੈ ਜਿਸ ਨੇ ਸਤਿਗੁਰੂ ਦੇ ਚਰਨਾਂ ‘ਤੇ ਪੂਰਨ ਸਮਰਪਣ ਕਰ ਦਿੱਤਾ ਹੈ। ‘ਗੁਰਮੁਖਿ’ ਬਣਨਾ ਹੈ ਤਾਂ ਆਪਣੇ ਸਤਿਗੁਰੂ ਨੂੰ ਮੁੱਖ ਰੱਖੋ। ਭਾਵ ਆਪਣੇ ਸਤਿਗੁਰੂ ਦੇ ਬਚਨਾਂ ਦਾ ਸਤਿਕਾਰ ਕਰੋ। ਸਤਿਗੁਰੂ ਦੇ ਬਚਨਾਂ ਨੂੰ ਸਤਿ ਸਤਿ ਕਰ ਜਾਣੋ। ਸਤਿਗੁਰੂ ਦੇ ਬਚਨਾਂ ਨੂੰ ਦਰਗਾਹੀ ਹੁਕਮ ਕਰ ਕੇ ਜਾਣੋ। ਸਤਿਗੁਰੂ ਵਿੱਚ ਨਿਰੰਕਾਰ ਦੇ ਦਰਸ਼ਨ ਕਰੋ। ਸਤਿਗੁਰੂ ਦੇ ਸਾਰੇ ਕਰਮ ਅਤੇ ਬਚਨ ਪੂਰਨ ਹੁਕਮ ਵਿੱਚ ਹੁੰਦੇ ਹਨ। ਸਤਿਗੁਰੂ ਦੀ ਬਾਣੀ ਨਿਰੰਕਾਰ ਦੇ ਬਚਨ ਹੁੰਦੇ ਹਨ। ਸਤਿਗੁਰੂ ਦੇ ਬਚਨ ਦਰਗਾਹੀ ਹੁਕਮ ਹੁੰਦਾ ਹੈ। ਸਤਿਗੁਰੂ ਦੇ ਬਚਨਾਂ ਵਿੱਚ ਹੀ ਚੇਲੇ ਦੀ ਭਲਾਈ ਲੁਕੀ ਹੁੰਦੀ ਹੈ। ਸਤਿਗੁਰੂ ਨੂੰ ਮੁੱਖ ਰੱਖਣ ਦਾ ਭਾਵ ਹੈ ਆਪਣੇ ਰੋਜ਼ਾਨਾ ਜੀਵਨ ਵਿੱਚ ਪਹਿਲਾਂ ਸਤਿਗੁਰੂ ਨੂੰ ਆਪਣੇ ਸਮੇਂ ਦਾ ਦਸਵੰਧ ਦਿਓ ਅਤੇ ਬਾਕੀ ਦੀ ਦਿਨ ਚਰਿਆ ਉਸ ਤੋਂ ਉਪਰੰਤ ਕਰੋ। ਭਾਵ ਪਹਿਲਾਂ ਸਤਿਗੁਰੂ ਦੇ ਚਰਨਾਂ ਵਿੱਚ ਰੋਜ਼ਾਨਾ ਢਾਈ ਘੰਟੇ ਸਤਿਨਾਮ ਸਿਮਰਨ ਵਿੱਚ ਬੈਠੋ ਉਸ ਤੋਂ ਉਪਰੰਤ ਹੋਰ ਕੋਈ ਕੰਮ ਕਰੋ। ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿੱਚੋਂ ਪਹਿਲਾਂ ਸਤਿਗੁਰੂ ਦੇ ਚਰਨਾਂ ‘ਤੇ ਅਰਪਣ ਕਰਨ ਲਈ ਦਸਵੰਧ ਕੱਢੋ ਅਤੇ ਉਸ ਤੋਂ ਉਪਰੰਤ ਹੋਰ ਕਿਸੇ ਕਾਰਜ ਲਈ ਧਨ ਦੀ ਵਰਤੋਂ ਕਰੋ। ਸਤਿਗੁਰੂ ਦੇ ਸਤਿ ਬਚਨਾਂ ਨੂੰ ਸਦਾ ਮੁੱਖ ਰੱਖੋ। ਆਪਣੀ ਮਨਮਤਿ ਦਾ ਤਿਆਗ ਕਰੋ ਅਤੇ ਸਤਿਗੁਰੂ ਦੇ ਬਚਨਾਂ ਦੀ ਕਮਾਈ ਕਰੋ। ਸਤਿਗੁਰੂ ਦੇ ਬਚਨਾਂ ਦੀ ਬਿਨਾਂ ਇੱਕ ਛਿਣ ਦੀ ਢਿੱਲ ਕੀਤਿਆਂ ਆਪਣੀ ਕਰਨੀ ਵਿੱਚ ਲੈ ਆਓ। ਸਤਿਗੁਰੂ ਦੇ ਬਚਨਾਂ ਦੀ ਪਲ-ਪਲ ਛਿੰਨ ਛਿੰਨ ਸਤਿਕਾਰ ਨਾਲ ਪਾਲਣਾ ਕਰੋ। ਸਤਿਗੁਰੂ ਦੇ ਬਚਨਾਂ ਨੂੰ ਆਪਣਾ ਜੀਵਨ ਬਣਾ ਲਵੋ। ਇਸ ਤਰ੍ਹਾਂ ਨਾਲ ਆਪ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਗਹਿਰੇ ਉਤਰ ਜਾਵੋਗੇ।

ਸਦਾ ਸਮਰਣ ਰੱਖੋ ਕਿ ਸਤਿਗੁਰੂ ਦੇ ਚਰਨਾਂ ਦੀ ਮਹਿਮਾ ਬੇਅੰਤ ਹੈ। ਸਤਿਗੁਰੂ ਦੇ ਚਰਨਾਂ ਵਿੱਚ ਹਜ਼ਾਰਾਂ ਸੂਰਜਾਂ ਦਾ ਪ੍ਰਕਾਸ਼ ਹੁੰਦਾ ਹੈ। ਸਤਿਗੁਰੂ ਦੇ ਚਰਨਾਂ ਵਿੱਚ ਬੇਅੰਤ ਅੰਮ੍ਰਿਤ ਦਾ ਭੰਡਾਰ ਹੁੰਦਾ ਹੈ। ਸਤਿਗੁਰੂ ਦੇ ਚਰਨਾਂ ਵਿੱਚ ਹੀ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਵਰਤਦੀ ਹੈ। ਸਤਿਗੁਰੂ ਦੇ ਚਰਨਾਂ ਵਿੱਚ ਹੀ ਸਾਰੀਆਂ ਪਰਮ ਸ਼ਕਤੀਆਂ ਦਾ ਵਾਸ ਹੁੰਦਾ ਹੈ। ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਬੈਠ ਕੇ ਬੰਦਗੀ ਪੂਰਨ ਸਹਿਜੇ ਹੀ ਹੋ ਜਾਂਦੀ ਹੈ। ਸਤਿਗੁਰੂ ਅਤੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਵਿੱਚ ਕੋਈ ਅੰਤਰ ਨਹੀਂ ਹੁੰਦਾ ਹੈ। ਸਤਿਗੁਰੂ ਵਿੱਚ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਪ੍ਰਗਟ ਹੁੰਦਾ ਹੈ। ਇਸ ਲਈ ਇੱਕ ਵਾਰ ਸਤਿਗੁਰੂ ਦੇ ਸਤਿ ਚਰਨਾਂ ਉੱਪਰ ਆਪਣਾ ਸੀਸ ਰੱਖਣ ਤੋਂ ਉਪਰੰਤ ਕਦੇ ਵੀ ਆਪਣੇ ਸੀਸ ਨੂੰ ਮੁੜ ਉੱਪਰ ਚੁੱਕਣ ਦੀ ਭੁੱਲ ਨਾ ਕਰੋ। ਸਤਿਗੁਰੂ ‘ਤੇ ਕੋਈ ਭਰਮ, ਕਿੰਤੂ, ਪਰੰਤੂ ਨਾ ਕਰੋ। ਪੂਰਨ ਸਮਰਪਣ ਵਿੱਚ ਕਿਸੇ ਕਿਸਮ ਦੇ ਕੋਈ ਭਰਮ, ਪ੍ਰਸ਼ਨ, ਕਿੰਤੂ ਅਤੇ ਪਰੰਤੂ ਕਰਨ ਦੀ ਕੋਈ ਗੁੰਜਾਇਸ਼ ਨਹੀਂ ਰਹਿਣੀ ਚਾਹੀਦੀ ਹੈ। ਸਤਿਗੁਰੂ ਦੇ ਚਰਨਾਂ ਵਿੱਚ ਪੂਰਨ ਸਮਰਪਣ ਕਰਨ ਨਾਲ ਹੀ ਗਿਆਨ-ਧਿਆਨ-ਇਸ਼ਨਾਨ ਪ੍ਰਾਪਤ ਹੁੰਦਾ ਹੈ। ਗਿਆਨ ਤੋਂ ਭਾਵ ਹੈ ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਦਾ ਮਨੁੱਖ ਦੇ ਵਿੱਚੋਂ ਪ੍ਰਗਟ ਹੋ ਜਾਣਾ। ਧਿਆਨ ਤੋਂ ਭਾਵ ਹੈ ਸਹਿਜ ਸਮਾਧੀ — ੨੪ ਘੰਟੇ ਨਿਰੰਤਰ ਸਮਾਧੀ, ਸਾਰੇ ਬਜਰ ਕਪਾਟਾਂ ਦਾ ਖੁੱਲ੍ਹ ਜਾਣਾ, ੭ ਸਤਿ ਸਰੋਵਰਾਂ ਦਾ ਪ੍ਰਕਾਸ਼ਮਾਨ ਹੋ ਜਾਣਾ ਅਤੇ ਰੋਮ-ਰੋਮ ਵਿੱਚ ਸਤਿਨਾਮ ਸਿਮਰਨ ਦਾ ਪ੍ਰਕਾਸ਼ਮਾਨ ਹੋ ਜਾਣਾ। ਇਸ਼ਨਾਨ ਤੋਂ ਭਾਵ ਹੈ ਮਾਨਸਰੋਵਰ ਵਿੱਚ ਗਹਿਰੇ ਉਤਰ ਜਾਣਾ। ਸਤਿ ਪਾਰਬ੍ਰਹਮ ਪਰਮੇਸ਼ਰ ਦੇ ਮਾਨਸਰੋਵਰ ਸਰੂਪ ਨਿਰਗੁਣ ਸਰੂਪ ਵਿੱਚ ਅਭੇਦ ਹੋ ਜਾਣਾ। ਅਕਾਲ ਪੁਰਖ ਦੇ ਦਰਸ਼ਨ ਹੋ ਜਾਣਾ। ਜੀਵਨ ਮੁਕਤ ਹੋ ਜਾਣਾ। ਹਿਰਦੇ ਵਿੱਚ ਪਰਮ ਜੋਤ ਪੂਰਨ ਪ੍ਰਕਾਸ਼ ਦਾ ਪ੍ਰਗਟ ਹੋ ਜਾਣਾ। ਪੂਰਨ ਬ੍ਰਹਮ ਗਿਆਨ ਦਾ ਅਤੇ ਤੱਤ ਗਿਆਨ ਦਾ ਪ੍ਰਾਪਤ ਹੋ ਜਾਣਾ। ਆਤਮ ਰਸ ਅੰਮ੍ਰਿਤ ਦਾ ਪ੍ਰਾਪਤ ਹੋ ਜਾਣਾ। ਗਿਆਨ, ਧਿਆਨ, ਇਸ਼ਨਾਨ ਦੀ ਪ੍ਰਾਪਤੀ ਬੰਦਗੀ ਦੀ ਪਰਮ ਸ਼ਕਤੀਸ਼ਾਲੀ ਅਵਸਥਾ ਹੈ ਜੋ ਕਿ ‘ਗੁਰਮੁਖਿ’ ਨੂੰ ਪ੍ਰਾਪਤ ਹੁੰਦੀ ਹੈ। ਇਸ ਲਈ ਸਤਿ ਪਾਰਬ੍ਰਹਮ ਦੀ ਬੰਦਗੀ ਕਰਨ ਵਾਲਿਆਂ ਜਿਗਿਆਸੂਆਂ ਨੂੰ ਸਨਿਮਰ ਬੇਨਤੀ ਹੈ ਕਿ ਉਹ ਸਤਿ ਦੀ ਕਰਨੀ ਉੱਪਰ ਆਪਣਾ ਧਿਆਨ ਕੇਂਦਰਿਤ ਕਰਨ ਤਾਂ ਜੋ ਉਨ੍ਹਾਂ ਨੂੰ ਪੂਰਨ ਸੰਤ ਸਤਿਗੁਰੂ ਦੀ ਸੰਗਤ ਦੀ ਪ੍ਰਾਪਤੀ ਹੋਏ। ਜਿਨ੍ਹਾਂ ਮਨੁੱਖਾਂ ਨੂੰ ਪੂਰਨ ਸੰਤ ਸਤਿਗੁਰੂ ਦੀ ਸੰਗਤ ਪ੍ਰਾਪਤ ਹੈ ਉਨ੍ਹਾਂ ਨੂੰ ਸਨਿਮਰ ਬੇਨਤੀ ਹੈ ਕਿ ਸਤਿਗੁਰੂ ਦੀ ਚਰਨ-ਸ਼ਰਨ ਵਿੱਚ ਪੂਰਨ ਸਮਰਪਣ ਕਰਨ ਵਿੱਚ ਯਤਨਸ਼ੀਲ ਰਹਿਣ। ਇਹ ਹੀ ਸਰਲ ਮਾਰਗ ਹੈ ‘ਗੁਰਮੁਖਿ’ ਬਣਨ ਦਾ ਅਤੇ ਜੀਵਨ ਮੁਕਤੀ ਪ੍ਰਾਪਤ ਕਰ ਕੇ ਦਰਗਾਹ ਵਿੱਚ ਮਾਣ ਪ੍ਰਾਪਤ ਕਰਨ ਦਾ।

‘ਗੁਰਮੁਖਿ’ ਦੀ ਮਹਿਮਾ ਬੇਅੰਤ ਹੈ। ‘ਗੁਰਮੁਖਿ’ ਦੀ ਮਹਿਮਾ ਪਰਮ ਸ਼ਕਤੀਸ਼ਾਲੀ ਹੈ। ਭਾਈ ਗੁਰਦਾਸ ਜੀ ਨੇ ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਸ਼ਾਹ ਜੀ ਨੂੰ ‘ਗੁਰਮੁਖਿ’ ਕਹਿ ਕੇ ਵਖਾਣਿਆ ਹੈ:

ਗੁਰਮਖਿ ਕਲਿ ਵਿਚ ਪਰਗਟੁ ਹੋਆ ੨੭

(ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ਪਉੜੀ ੨੭)

ਇਸ ਦਾ ਭਾਵ ਹੈ ਕਿ ਸਤਿਗੁਰੂ ਹੀ ‘ਗੁਰਮੁਖਿ’ ਹੈ। ਪੂਰਨ ਸੰਤ ਹੀ ‘ਗੁਰਮੁਖਿ’ ਹੈ। ਪੂਰਨ ਬ੍ਰਹਮ ਗਿਆਨੀ ਹੀ ‘ਗੁਰਮੁਖਿ’ ਹੈ। ਪੂਰਨ ਖ਼ਾਲਸਾ ਹੀ ‘ਗੁਰਮੁਖਿ’ ਹੈ। ਐਸੀ ਪਰਮ ਸ਼ਕਤੀਸ਼ਾਲੀ ਮਹਿਮਾ ਹੈ ‘ਗੁਰਮੁਖਿ’ ਦੀ। ਇਸ ਲਈ ਜੋ ਪ੍ਰਚਾਰਕ ਇਸ ਸਮਝ ਤੋਂ ਵਾਂਝੇ ਹੋ ਕੇ ‘ਗੁਰਮੁਖਿ’ ਸ਼ਬਦ ਦਾ ਆਮ ਅਦਮੀ ਵਾਸਤੇ ਪ੍ਰਯੋਗ ਕਰਦੇ ਹਨ ਉਹ ਸਰਾਸਰ ਗਲਤ ਹੁੰਦੇ ਹਨ ਅਤੇ ਉਨ੍ਹਾਂ ਨੂੰ ‘ਗੁਰਮੁਖਿ’ ਦੀ ਬੇਅੰਤ ਮਹਿਮਾ ਨੂੰ ਸਮਝਣਾ ਬੇਅੰਤ ਜ਼ਰੂਰੀ ਹੈ। ਇਸੇ ਤਰ੍ਹਾਂ ਹੀ ਸੰਸਾਰ ਵਿੱਚ ਬਹੁਤ ਸਾਰੇ ਮਨੁੱਖ ਐਸੇ ਹਨ ਜੋ ਆਪਣੇ ਦੁਨਿਆਵੀ ਨਾਮ ਨਾਲ ਖ਼ਾਲਸਾ ਸ਼ਬਦ ਦਾ ਪ੍ਰਯੋਗ ਕਰਦੇ ਹਨ ਉਹ ਵੀ ਗਲਤੀ ਕਰਦੇ ਹਨ। ਕਿਉਂਕਿ ਖ਼ਾਲਸਾ ਕੇਵਲ ਪੂਰਨ ਬ੍ਰਹਮ ਗਿਆਨੀ ਹੈ। ਖ਼ਾਲਸਾ ਕੇਵਲ ਪੂਰਨ ਸੰਤ ਹੈ। ਖ਼ਾਲਸਾ ਕੇਵਲ ਸਤਿਗੁਰੂ ਹੈ। ਖ਼ਾਲਸਾ ਕੇਵਲ ‘ਗੁਰਮੁਖਿ’ ਹੈ। ਜੋ ਮਨੁੱਖ ਇਸ ਅਵਸਥਾ ਵਿੱਚ ਪਹੁੰਚ ਜਾਂਦੇ ਹਨ ਉਨ੍ਹਾਂ ਦੇ ਹਿਰਦੇ ਵਿੱਚ ਇਤਨੀ ਗਰੀਬੀ ਆ ਜਾਂਦੀ ਹੈ ਕਿ ਉਹ ਆਪਣੇ ਆਪ ਨੂੰ ਨੀਚ ਕਹਿ ਕੇ ਸੰਬੋਧਨ ਕਰਦੇ ਹਨ। ਧੰਨ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਗੁਰਬਾਣੀ ਵਿੱਚ ਬਾਰ-ਬਾਰ ‘ਨੀਚ’ ਕਹਿ ਕੇ ਪੁਕਾਰਿਆ ਹੈ। (ਨਾਨਕ ਨੀਚੁ ਕਹੈ ਵੀਚਾਰੁ) ਧੰਨ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਲੂਣ ਹਰਾਮੀ ਕਹਿ ਕੇ ਪੁਕਾਰਿਆ ਹੈ। ਧੰਨ ਧੰਨ ਦਸਮ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਗਰੀਬ ਕਹਿ ਕੇ ਪੁਕਾਰਿਆ ਹੈ। ਕਿਸੇ ਵੀ ਸਤਿਗੁਰੂ ਨੇ ਆਪਣੇ ਆਪ ਨੂੰ ਸਤਿਗੁਰੂ ਕਹਿ ਕੇ ਨਹੀਂ ਪੁਕਾਰਿਆ। ਐਸੀ ਗਹਿਰੀ ਹਿਰਦੇ ਦੀ ਗਰੀਬੀ ਅਤੇ ਨਿਮਰਤਾ ਵਾਲੇ ਮਨੁੱਖ ਹੀ ਐਸੀ ਪਰਮ ਸ਼ਕਤੀਸ਼ਾਲੀ ਅਵਸਥਾ ਦੇ ਧਾਰਨੀ ਬਣਦੇ ਹਨ। ਇਸ ਲਈ ਆਪਣੇ ਸਤਿਗੁਰੂਆਂ ਦੀ ਬੇਅੰਤ ਨਿਮਰਤਾ ਵੱਲ ਝਾਤੀ ਮਾਰੋ ਅਤੇ ਆਪਣੇ ਨਾਮ ਨਾਲ ਐਸੀ ਪਰਮ ਸ਼ਕਤੀਸ਼ਾਲੀ ਅਵਸਥਾ (ਆਪਣੇ ਨਾਮ ਨਾਲ ‘ਖ਼ਾਲਸਾ’ ਅਤੇ ‘ਗੁਰਮੁਖਿ’ ਸ਼ਬਦਾਂ ਦਾ ਪ੍ਰਯੋਗ ਕਰਨ ਵਾਲੇ ਮਨੁੱਖੋ) ਦੇ ਧਾਰਨੀ ਹੋਣ ਦਾ ਝੂਠਾ ਦਾਅਵਾ ਕਰ ਕੇ ਨਰਕ ਦੇ ਭਾਗੀ ਨਾ ਬਣੋ। ਐਸੇ ਝੂਠੇ ਪ੍ਰਚਾਰਕਾਂ ਨੂੰ ਅਤੇ ਆਪਣੇ ਨਾਮ ਨਾਲ ‘ਖ਼ਾਲਸਾ’ ਸ਼ਬਦ ਦਾ ਪ੍ਰਯੋਗ ਕਰਨ ਵਾਲੇ ਮਨੁੱਖਾਂ ਨੂੰ ਸਨਿਮਰ ਬੇਨਤੀ ਹੈ ਕਿ ਉਹ ਝੂਠਾ ਪ੍ਰਚਾਰ ਕਰ ਕੇ ਸੰਗਤ ਨੂੰ ਗੁਮਰਾਹ ਕਰਨ ਦਾ ਸੰਗੀਨ ਗੁਨਾਹ ਨਾ ਕਰਨ, ਬਲਕਿ ਗੁਰਮਤਿ ਦੇ ਸੱਚੇ ਧਾਰਨੀ ਬਣ ਕੇ ‘ਗੁਰਮੁਖਿ’ ਬਣਨ ਦੇ ਯਤਨ ਵਿੱਚ ਆਪਣੇ ਜੀਵਨ ਨੂੰ ਅਰਪਣ ਕਰ ਕੇ ਆਪਣਾ ਜੀਵਨ ਸਾਰਥਕ ਕਰਨ।

ਇਸ ਤਰ੍ਹਾਂ ਨਾਲ ‘ਗੁਰਮੁਖਿ’ ਬੰਦਗੀ ਦੀ ਇੱਕ ਬੇਅੰਤ ਪਰਮ ਸ਼ਕਤੀਸ਼ਾਲੀ ਅਵਸਥਾ ਹੈ। ਠੀਕ ਜਿਸ ਤਰ੍ਹਾਂ ਨਾਲ ਪੂਰਨ ਸੰਤ, ਸਤਿਗੁਰੂ, ਪੂਰਨ ਬ੍ਰਹਮ ਗਿਆਨੀ, ਪੂਰਨ ਖ਼ਾਲਸਾ ਦੀ ਅਵਸਥਾ ਹੈ ਇਸੇ ਤਰ੍ਹਾਂ ਨਾਲ ‘ਗੁਰਮੁਖਿ’ ਵੀ ਬੇਅੰਤ ਪਰਮ ਸ਼ਕਤੀਸ਼ਾਲੀ ਅਵਸਥਾ ਹੈ। ਕੇਵਲ ਇਨ੍ਹਾਂ ਅਵਸਥਾਵਾਂ ਵਿੱਚ ਪਹੁੰਚੇ ਹੋਏ ਮਨੁੱਖ ਹੀ ‘ਪਵਿਤ’ ਹੋ ਜਾਂਦੇ ਹਨ। ਕੇਵਲ ਇਨ੍ਹਾਂ ਅਵਸਥਾਵਾਂ ਵਿੱਚ ਅੱਪੜੇ ਹੋਏ ਮਨੁੱਖਾਂ ਨੂੰ ਹੀ ਗਿਆਨ, ਧਿਆਨ ਅਤੇ ਇਸ਼ਨਾਨ ਦੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ। ਕੇਵਲ ਇਨ੍ਹਾਂ ਅਵਸਥਾਵਾਂ ਵਿੱਚ ਅੱਪੜੇ ਹੋਏ ਮਨੁੱਖਾਂ ਨੂੰ ਹੀ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਹੁੰਦੀ ਹੈ। ਕੇਵਲ ਇਨ੍ਹਾਂ ਅਵਸਥਾਵਾਂ ਵਿੱਚ ਅੱਪੜੇ ਹੋਏ ਮਨੁੱਖਾਂ ਦੇ ਹਿਰਦੇ ਵਿੱਚ ਹੀ ਪਰਮ ਜੋਤ ਦਾ ਪੂਰਨ ਪ੍ਰਕਾਸ਼ ਪ੍ਰਗਟ ਹੁੰਦਾ ਹੈ। ਕੇਵਲ ਇਨ੍ਹਾਂ ਅਵਸਥਾਵਾਂ ਵਿੱਚ ਅੱਪੜੇ ਹੋਏ ਮਨੁੱਖ ਹੀ ਮਾਇਆ ਨੂੰ ਜਿੱਤ ਕੇ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਅਭੇਦ ਹੁੰਦੇ ਹਨ। ਕੇਵਲ ਇਨ੍ਹਾਂ ਅਵਸਥਾਵਾਂ ਵਿੱਚ ਅੱਪੜੇ ਹੋਏ ਮਨੁੱਖਾਂ ਨੂੰ ਹੀ ਆਤਮ ਰਸ ਅੰਮ੍ਰਿਤ, ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਕੇਵਲ ਇਨ੍ਹਾਂ ਅਵਸਥਾਵਾਂ ਵਿੱਚ ਅੱਪੜੇ ਹੋਏ ਮਨੁੱਖਾਂ ਨੂੰ ਹੀ ਗੁਰਪ੍ਰਸਾਦਿ (ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਪੂਰਨ ਬੰਦਗੀ) ਵਰਤਾਉਣ ਦੀ ਸੇਵਾ ਦਰਗਾਹ ਤੋਂ ਪ੍ਰਾਪਤ ਹੁੰਦੀ ਹੈ। ਕੇਵਲ ਇਨ੍ਹਾਂ ਅਵਸਥਾਵਾਂ ਵਿੱਚ ਅੱਪੜੇ ਹੋਏ ਮਨੁੱਖਾਂ ਨੂੰ ਹੀ ਧਰਮ ਦਾ ਪ੍ਰਚਾਰ ਕਰਨ ਦੀ ਸੇਵਾ ਦਰਗਾਹ ਤੋਂ ਪ੍ਰਾਪਤ ਹੁੰਦੀ ਹੈ। ਕੇਵਲ ਇਨ੍ਹਾਂ ਅਵਸਥਾਵਾਂ ਵਿੱਚ ਅੱਪੜੇ ਹੋਏ ਮਨੁੱਖਾਂ ਦੀ ਸੰਗਤ ਵਿੱਚ ਹੀ ਸੁਹਾਗਣਾਂ ਦਾ ਜਨਮ ਹੁੰਦਾ ਹੈ। ਇਸ ਲਈ ਸਾਰੀ ਲੋਕਾਈ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ ਕਿ ਸਤਿ ਦੀ ਕਰਨੀ ਉੱਪਰ ਆਪਣਾ ਧਿਆਨ ਕੇਂਦਿਰਤ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੀ ਕਰਨੀ ਸਤਿ ਦੀ ਕਰਨੀ ਵਿੱਚ ਪਰਿਵਰਤਿਤ ਹੋ ਸਕੇ ਅਤੇ ਵੱਧ ਤੋਂ ਵੱਧ ਲੋਕ ‘ਗੁਰਮੁਖਿ’ ਬਣਨ ਵਿੱਚ ਸਫਲ ਹੋ ਸਕਣ। ਕੇਵਲ ਸਤਿ ਦੀ ਕਰਨੀ ਹੀ ਕਲਯੁਗ ਨੂੰ ਸਤਿਯੁਗ ਵਿੱਚ ਪਰਿਵਰਤਿਤ ਕਰ ਸਕਦੀ ਹੈ। ਕੇਵਲ ਸਤਿ ਦੀ ਕਰਨੀ ਮਨੁੱਖ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਨਦਰ ਦਾ ਪਾਤਰ ਬਣਾ ਸਕਦੀ ਹੈ। ਕੇਵਲ ਸਤਿ ਦੀ ਕਰਨੀ ਹੀ ਮਨੁੱਖ ਨੂੰ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਵਾ ਸਕਦੀ ਹੈ। ਕੇਵਲ ਸਤਿ ਦੀ ਕਰਨੀ ਹੀ ਮਨੁੱਖ ਦਾ ਜੀਵਨ ਬਦਲ ਕੇ ਉਸ ਨੂੰ ‘ਪਵਿਤ’ ਕਰ ਸਕਦੀ ਹੈ। ਕੇਵਲ ਸਤਿ ਦੀ ਕਰਨੀ ਹੀ ਮਨੁੱਖ ਦੇ ਦੁੱਖਾਂ, ਕਲੇਸ਼ਾਂ, ਮੁਸੀਬਤਾਂ ਅਤੇ ਸਮੱਸਿਆਵਾਂ ਦਾ ਅੰਤ ਕਰ ਕੇ ਉਸ ਨੂੰ ਪਰਮ ਸੁੱਖ ਸਤਿ ਚਿੱਤ ਆਨੰਦ ਦੀ ਪ੍ਰਾਪਤੀ ਕਰਵਾ ਸਕਦੀ ਹੈ। ਕੇਵਲ ਸਤਿ ਦੀ ਕਰਨੀ ਹੀ ਮਨੁੱਖ ਨੂੰ ਜੀਵਨ ਮੁਕਤੀ ਪ੍ਰਾਪਤ ਕਰਨ ਦੇ ਯੋਗ ਬਣਾ ਸਕਦੀ ਹੈ। ਕੇਵਲ ਸਤਿ ਦੀ ਕਰਨੀ ਹੀ ਮਨੁੱਖ ਨੂੰ ‘ਗੁਰਮੁਖਿ’ ਬਣਾ ਸਕਦੀ ਹੈ। ਕੇਵਲ ਸਤਿ ਦੀ ਕਰਨੀ ਹੀ ਮਨੁੱਖ ਨੂੰ ਪੂਰਨ ਸੰਤ, ਸਤਿਗੁਰੂ, ਪੂਰਨ ਬ੍ਰਹਮ ਗਿਆਨੀ ਅਤੇ ਖ਼ਾਲਸਾ ਬਣਾਉਣ ਦੀ ਸਮਰੱਥਾ ਰੱਖਦੀ ਹੈ। ਇਸ ਲਈ ਸਾਰੀ ਸੰਗਤ ਦੇ ਚਰਨਾਂ ‘ਤੇ ਸਨਿਮਰ ਬੇਨਤੀ ਹੈ ਕਿ ਆਪਣੀ ਰੋਜ਼ਾਨਾ ਦੀ ਕਰਨੀ ਨੂੰ ਸਤਿ ਦੀ ਕਰਨੀ ਵਿੱਚ ਪਰਿਵਰਤਿਤ ਕਰਨ ਦੇ ਯਤਨ ਕਰੋ ਜੀ। ਆਪਣੇ ਰੋਜ਼ਾਨਾ ਜੀਵਨ ਵਿੱਚ ਸਤਿ ਬੋਲੋ, ਸਤਿ ਸੁਣੋ ਅਤੇ ਸਤਿ ਦੀ ਕਮਾਈ ਕਰੋ ਜੀ। ਆਪਣੇ ਰੋਜ਼ਾਨਾ ਜੀਵਨ ਵਿੱਚ ਸਤਿ ਦੀ ਸੇਵਾ ਕਰੋ ਜੀ ਅਤੇ ਸਤਿ ਵਰਤਾਉ ਜੀ।

ਗੁਰਮੁਖਿ ਦੀ ਪਰਮ ਸ਼ਕਤੀਸ਼ਾਲੀ ਮਹਿਮਾ:

ਬੰਦਗੀ ਦੇ ਮਾਰਗ ਉੱਪਰ ਚੱਲਣ ਵਾਲੇ ਮਨੁੱਖਾਂ ਲਈ ‘ਗੁਰਮੁਖਿ’ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਦ੍ਰਿੜ੍ਹ ਕਰਨਾ ਬੇਅੰਤ ਲਾਜ਼ਮੀ ਹੈ। ‘ਗੁਰਮੁਖਿ’ ਦੀ ਮਹਿਮਾ ਨੂੰ ਸਮਝਣ ਨਾਲ ਬੰਦਗੀ ਸੌਖੀ ਅਤੇ ਸਰਲ ਹੋ ਜਾਂਦੀ ਹੈ। ਇਸ ਮੰਤਵ ਨੂੰ ਪੂਰਾ ਕਰਨ ਲਈ ਹੀ ਸਤਿਗੁਰੂ ਸਾਹਿਬਾਨ ਨੇ ‘ਗੁਰਮੁਖਿ’ ਦੀ ਬੇਅੰਤ ਅਤੇ ਪਰਮ ਸ਼ਕਤੀਸ਼ਾਲੀ ਮਹਿਮਾ ਦੀ ਕਥਾ ਗੁਰਬਾਣੀ ਦੇ ਬਹੁਤ ਸਲੋਕਾਂ ਵਿੱਚ ਪ੍ਰਗਟ ਕੀਤੀ ਹੈ। ਆਓ ‘ਗੁਰਮੁਖਿ’ ਦੀ ਮਹਿਮਾ ਬਾਰੇ ਗੁਰਬਾਣੀ ਵਿੱਚ ਦ੍ਰਿੜ੍ਹ ਕਰਵਾਏ ਗਏ ਇਸ ਪਰਮ ਸਤਿ ਤੱਤ ਨੂੰ ਹੋਰ ਗਹਿਰਾਈ ਨਾਲ ਵਿਚਾਰਿਆ ਜਾਵੇ। ਤਾਂ ਜੋ ‘ਗੁਰਮੁਖਿ’ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਬਾਰੇ ਗੁਰਬਾਣੀ ਵਿੱਚ ਪ੍ਰਗਟ ਕੀਤੇ ਗਏ ਇਨ੍ਹਾਂ ਸਤਿ ਤੱਤਾਂ ਅਤੇ ਪਰਮਾਣਾਂ ਨੂੰ ਸਮਝਿਆ ਜਾ ਸਕੇ। ‘ਗੁਰਮੁਖਿ’ ਦੀ ਮਹਿਮਾ ਵਿੱਚ ਪ੍ਰਗਟ ਕੀਤੇ ਗਏ ਇਨ੍ਹਾਂ ਪਰਮ ਸਤਿ ਦੇ ਭੇਦਾਂ ਨੂੰ ਖੋਲ੍ਹਿਆ ਜਾ ਸਕੇ ਅਤੇ ਸਮਝਿਆ ਜਾ ਸਕੇ।

ਗੁਰਮੁਖਿ ਸਾਚੇ ਕਾ ਭਉ ਪਾਵੈ ਗੁਰਮੁਖਿ ਬਾਣੀ ਅਘੜੁ ਘੜਾਵੈ

ਗੁਰਮੁਖਿ ਨਿਰਮਲ ਹਰਿ ਗੁਣ ਗਾਵੈ ਗੁਰਮੁਖਿ ਪਵਿਤ੍ਰੁ ਪਰਮ ਪਦੁ ਪਾਵੈ

ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ਨਾਨਕ ਗੁਰਮੁਖਿ ਸਾਚਿ ਸਮਾਵੈ ੨੭

(ਪੰਨਾ ੯੪੧)

ਜੋ ਮਨੁੱਖ ਪਰਮ ਪਦਵੀ ਦੀ ਪ੍ਰਾਪਤੀ ਕਰਦਾ ਹੈ ਉਹ ‘ਗੁਰਮੁਖਿ’ ਹੈ। ਭਾਵ ਜੋ ਮਨੁੱਖ ਬੰਦਗੀ ਦੀ ਸਰਵ ਉੱਚੀ ਪਦਵੀ ਨੂੰ ਪ੍ਰਾਪਤ ਕਰਦਾ ਹੈ ਉਹ ਮਨੁੱਖ ‘ਗੁਰਮੁਖਿ’ ਹੈ। ਜੋ ਮਨੁੱਖ ਆਪਣੇ ਚੰਚਲ ਮਨ ਨੂੰ ਜਿੱਤ ਲੈਂਦਾ ਹੈ ਉਹ ਮਨੁੱਖ ‘ਗੁਰਮੁਖਿ’ ਹੈ। ਮਨੁੱਖੀ ਮਨ ਇੱਕ ਅੜੀਅਲ ਘੋੜੇ ਦੀ ਨਿਆਈਂ ਹੈ ਜੋ ਕਿ ਆਮ ਬੰਦੇ ਕੋਲੋਂ ਵੱਸ ਵਿੱਚ ਨਹੀਂ ਅਉਂਦਾ ਹੈ। ਭਾਵ ਮਨੁੱਖੀ ਮਨ ਕਦੇ ਚੁੱਪ ਨਹੀਂ ਕਰਦਾ ਹੈ। ਮਨ ਵਿੱਚ ਚੰਗੇ-ਮਾੜੇ ਫੁਰਨਿਆਂ ਦਾ ਕਦੇ ਅੰਤ ਨਹੀਂ ਹੁੰਦਾ ਹੈ। ਮਨੁੱਖ ਦੇ ਮਨ ਵਿੱਚ ਆਉਂਦੇ ਚੰਗੇ-ਮਾੜੇ ਫੁਰਨੇ ਹੀ ਮਨੁੱਖੀ ਕਰਮਾਂ ਦਾ ਆਧਾਰ ਬਣਦੇ ਹਨ। ਇਨ੍ਹਾਂ ਫੁਰਨਿਆਂ ਵਿੱਚੋਂ ਹੀ ਕਈ ਫੁਰਨੇ ਮਨੁੱਖੀ ਕਰਮਾਂ ਦਾ ਰੂਪ ਧਾਰਨ ਕਰ ਕੇ ਵਾਪਰਦੇ ਹਨ। ਇਸ ਅੜੀਅਲ ਘੋੜੇ ਰੂਪੀ ਮਨ ਨੂੰ ‘ਗੁਰਮੁਖਿ’ ਗੁਰਪ੍ਰਸਾਦੀ ਗੁਰਕਿਰਪਾ ਦਾ ਸਦਕਾ ਆਪਣੇ ਵੱਸ ਵਿੱਚ ਕਰ ਲੈਂਦਾ ਹੈ। ਭਾਵ ‘ਗੁਰਮੁਖਿ’ ਦਾ ਮਨ ਸ਼ਾਂਤ ਹੋ ਜਾਂਦਾ ਹੈ। ‘ਗੁਰਮੁਖਿ’ ਦਾ ਮਨ ਵਿਸ਼ਰਾਮ ਵਿੱਚ ਚਲਾ ਜਾਂਦਾ ਹੈ। ‘ਗੁਰਮੁਖਿ’ ਦਾ ਮਨ ਚੰਗੇ-ਮਾੜੇ ਫੁਰਨਿਆਂ ਤੋਂ ਰਹਿਤ ਹੋ ਕੇ ਸੁੰਨ ਸਮਾਧੀ ਵਿੱਚ ਚਲਾ ਜਾਂਦਾ ਹੈ। ਆਮ ਮਨੁੱਖ ਦਾ ਮਨ ਕੇਵਲ ਮਾਇਆ ਦਾ ਗੁਲਾਮ ਹੁੰਦਾ ਹੈ। ਮਨੁੱਖੀ ਮਨ ਦੇ ਸਾਰੇ ਫੁਰਨਿਆਂ ਦਾ ਆਧਾਰ ਕੇਵਲ ਤ੍ਰਿਹ ਗੁਣ ਮਾਇਆ ਹੈ। ‘ਗੁਰਮੁਖਿ’ ਦੀ ਤ੍ਰਿਸ਼ਣਾ ਬੁੱਝ ਜਾਂਦੀ ਹੈ ਅਤੇ ‘ਗੁਰਮੁਖਿ’ ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਨੂੰ ਜਿੱਤ ਲੈਂਦਾ ਹੈ। ਭਾਵ ਜੋ ਮਨੁੱਖ ਮਇਆ ਨੂੰ ਜਿੱਤ ਲੈਂਦਾ ਹੈ ਉਹ ‘ਗੁਰਮੁਖਿ’ ਹੈ। ਮਾਇਆ ਨੂੰ ਜਿੱਤਣਾ ਹੀ ਮਨ ਦੀ ਜਿੱਤ ਹੈ। ਜਿਸ ਮਨੁੱਖ ਦੀ ਮਾਇਆ ਗੁਲਾਮ ਬਣ ਜਾਂਦੀ ਹੈ ਉਹ ‘ਗੁਰਮੁਖਿ’ ਹੈ। ਜਿਸ ਮਨੁੱਖ ਦੇ ਰੋਮ-ਰੋਮ ਵਿੱਚ ਸਤਿਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ ਕੇਵਲ ਉਹ ਮਨੁੱਖ ‘ਗੁਰਮੁਖਿ’ ਹੈ। ਜੋ ਮਨੁੱਖ ਸਦਾ ਸੁਹਾਗ ਦੀ ਪ੍ਰਾਪਤੀ ਕਰ ਲੈਂਦਾ ਹੈ ਉਹ ਮਨੁੱਖ ‘ਗੁਰਮੁਖਿ’ ਹੈ। ਮਾਇਆ ਨੂੰ ਜਿੱਤਣ ਦੇ ਨਾਲ ਹੀ ‘ਗੁਰਮੁਖਿ’ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਅਭੇਦ ਹੋ ਕੇ ਜੀਵਨ ਮੁਕਤ ਹੋ ਜਾਂਦਾ ਹੈ। ਜੋ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਉਸ ਦਾ ਮਨ ਜੋਤ ਸਰੂਪ ਹੋ ਜਾਂਦਾ ਹੈ ਅਤੇ ਉਸਦੀਆਂ ਪੰਜ ਗਿਆਨ ਇੰਦਰੀਆਂ ਅਤੇ ਪੰਜ ਕਰਮ ਇੰਦਰੀਆਂ ਪੂਰਨ ਹੁਕਮ ਵਿੱਚ ਆ ਜਾਂਦੀਆ ਹਨ। ਮਨ ਨੂੰ ਜਿੱਤਣ ਦੇ ਨਾਲ ਹੀ ਮਨਮਤਿ ਦਾ ਅੰਤ ਹੋ ਜਾਂਦਾ ਹੈ ਅਤੇ ਗੁਰਮਤਿ ਦਾ ਪ੍ਰਕਾਸ਼ ਹੋ ਜਾਂਦਾ ਹੈ। ਪੰਜ ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ ਕੇਵਲ ਗੁਰਮਤਿ ਅਨੁਸਾਰ ਕਰਮ ਕਰਦੀਆਂ ਹਨ। ਮਨਮਤਿ, ਦੁਰਮਤਿ ਅਤੇ ਸੰਸਾਰਿਕ ਮਤਿ ਦਾ ਅੰਤ ਹੋ ਜਾਣ ਨਾਲ ਹੀ ‘ਗੁਰਮੁਖਿ’ ਦੇ ਸਾਰੇ ਕਰਮ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਪੂਰਨ ਹੁਕਮ ਵਿੱਚ ਅਤੇ ਪੂਰਨ ਭਾਣੇ ਵਿੱਚ ਆ ਜਾਂਦੇ ਹਨ। ‘ਗੁਰਮੁਖਿ’ ਦੀ ਕਰਨੀ ਸਤਿ ਦੀ ਕਰਨੀ ਹੁੰਦੀ ਹੈ। ‘ਗੁਰਮੁਖਿ’ ਦੀ ਕਰਨੀ ਨਿਰਮਲ ਹੁੰਦੀ ਹੈ। ‘ਗੁਰਮੁਖਿ’ ਦੀ ਕਰਨੀ ਕੇਵਲ ਲੋਕਾਈ ਦਾ ਭਲਾ ਕਰਦੀ ਹੈ। ‘ਗੁਰਮੁਖਿ’ ਦੀ ਕਰਨੀ ਕੇਵਲ ਪਰਉਪਕਾਰੀ ਕਰਨੀ ਹੁੰਦੀ ਹੈ। ‘ਗੁਰਮੁਖਿ’ ਸਦਾ-ਸਦਾ ਲਈ ਸਤਿ ਪਾਰਬ੍ਰਹਮ ਦੀ ਸੇਵਾ ਵਿੱਚ ਲੀਨ ਰਹਿੰਦਾ ਹੈ। ‘ਗੁਰਮੁਖਿ’ ਸਦਾ ਸਤਿ ਬੋਲਦਾ ਹੈ, ਸਦਾ ਸਤਿ ਸੁਣਦਾ ਹੈ, ਸਦਾ ਸਤਿ ਦੀ ਸੇਵਾ ਕਰਦਾ ਹੈ ਅਤੇ ਸਦਾ ਪੂਰਨ ਸਤਿ ਹੀ ਵਰਤਾਉਂਦਾ ਹੈ।

ਗੁਰਮੁਖਿ ਪਰਚੈ ਬੇਦ ਬੀਚਾਰੀ ਗੁਰਮੁਖਿ ਪਰਚੈ ਤਰੀਐ ਤਾਰੀ

ਗੁਰਮੁਖਿ ਪਰਚੈ ਸੁ ਸਬਦਿ ਗਿਆਨੀ ਗੁਰਮੁਖਿ ਪਰਚੈ ਅੰਤਰ ਬਿਧਿ ਜਾਨੀ

ਗੁਰਮੁਖਿ ਪਾਈਐ ਅਲਖ ਅਪਾਰੁ ਨਾਨਕ ਗੁਰਮੁਖਿ ਮੁਕਤਿ ਦੁਆਰੁ ੨੮

(ਪੰਨਾ ੯੪੧)

‘ਗੁਰਮੁਖਿ’ ਦੀ ਸੰਗਤ ਬੜੇ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ। ‘ਗੁਰਮੁਖਿ’ ਅਤੇ ਸਤਿਗੁਰੂ ਵਿੱਚ ਕੋਈ ਅੰਤਰ ਨਹੀਂ ਹੈ। ‘ਗੁਰਮੁਖਿ’ ਦੀ ਅਵਸਥਾ ਇਤਨੀ ਪਰਮ ਸ਼ਕਤੀਸ਼ਾਲੀ ਹੈ ਕਿ ਜੋ ਮਨੁੱਖ ‘ਗੁਰਮੁਖਿ’ ਦੇ ਸਨਮੁਖ ਹੋ ਜਾਂਦੇ ਹਨ ਅਤੇ ਐਸੀ ਹਸਤੀ ਨਾਲ ਗਹਿਰੀ ਸਾਂਝ ਪਾ ਲੈਂਦੇ ਹਨ ਉਨ੍ਹਾਂ ਮਨੁੱਖਾਂ ਉੱਪਰ ਵੀ ਗੁਰਪ੍ਰਸਾਦੀ ਗੁਰਕਿਰਪਾ ਹੋ ਜਾਂਦੀ ਹੈ। ਜੋ ਮਨੁੱਖ ‘ਗੁਰਮੁਖਿ’ ਦੇ ਉੱਪਰ ਭਰੋਸਾ ਅਤੇ ਸ਼ਰਧਾ ਨਾਲ ਪਿਆਰ ਦੀ ਡੂੰਘੀ ਸਾਂਝ ਪਾ ਲੈਂਦੇ ਹਨ ਉਨ੍ਹਾਂ ਮਨੁੱਖਾਂ ਉੱਪਰ ਬੇਅੰਤ ਗੁਰ ਕਿਰਪਾ ਵਰਤਦੀ ਹੈ। ਭਾਵ ਜੋ ਮਨੁੱਖ ‘ਗੁਰਮੁਖਿ’ ਨੂੰ ਸਤਿਗੁਰ ਜਾਣ ਕੇ ਆਪਣਾ ਤਨ, ਮਨ ਅਤੇ ਧਨ ਉਸ ਦੇ ਸਤਿ ਚਰਨਾਂ ‘ਤੇ ਪੂਰਾ ਅਰਪਣ ਕਰ ਦਿੰਦੇ ਹਨ ਉਨ੍ਹਾਂ ਮਨੁੱਖਾਂ ਉੱਪਰ ਗੁਰਪ੍ਰਸਾਦੀ ਗੁਰਕਿਰਪਾ ਬਰਸਦੀ ਹੈ ਅਤੇ ਉਹ ਮਨੁੱਖ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ, ਅਤੇ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਜਾਂਦੇ ਹਨ। ਜੋ ਮਨੁੱਖ ਗੁਰਪ੍ਰਸਾਦਿ ਦੀ ਪ੍ਰਾਪਤੀ ਕਰ ਕੇ ਬੰਦਗੀ ਵਿੱਚ ਚਲੇ ਜਾਂਦੇ ਹਨ ਉਨ੍ਹਾਂ ਮਨੁੱਖਾਂ ਨੂੰ ਸਾਰੇ ਧਾਰਮਿਕ ਸ਼ਾਸਤਰਾਂ, ਵੇਦਾਂ ਅਤੇ ਸੰਪੂਰਨ ਗੁਰਬਾਣੀ ਦੇ ਪਰਮ ਤੱਤ ਸਾਰ ਦਾ ਗਿਆਨ ਹੋ ਜਾਂਦਾ ਹੈ। ਕਿਉਂਕਿ ਸਾਰੇ ਧਾਰਮਿਕ ਸ਼ਾਸਤਰਾਂ, ਵੇਦਾਂ, ਕਤੇਬਾਂ, ਅਤੇ ਪੂਰਨ ਗੁਰਬਾਣੀ ਦਾ ਤੱਤ ਸਾਰ ਕੇਵਲ ‘ਸਤਿ’ ਹੈ। ਸੰਪੂਰਨ ਸਮਰਪਣ ਨਾਲ ਕੀਤੀ ਗਈ ‘ਗੁਰਮੁਖਿ’ ਦੀ ਸੰਗਤ ਅਤੇ ਸੇਵਾ ਨਾਲ ਮਨੁੱਖ ਨੂੰ ਅੰਦਰਲੇ ਤੀਰਥ ਨੂੰ ਪੂਰਾ ਕਰਨ ਦੀ ਜੁਗਤੀ ਦਾ ਗਿਆਨ ਅਤੇ ਪ੍ਰਾਪਤੀ ਹੋ ਜਾਂਦੀ ਹੈ ਅਤੇ ਮਨੁੱਖ ਅੰਦਰਲਾ ਤੀਰਥ ਕਰ ਕੇ ਪੂਰਨ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਮਨੁੱਖੀ ਮਨ ਨੂੰ ਕੇਵਲ ਅੰਦਰਲਾ ਤੀਰਥ ਪੂਰਨ ਕਰਨ ਨਾਲ ਹੀ ਜਿੱਤਿਆ ਜਾ ਸਕਦਾ ਹੈ। ਸੰਪੂਰਨ ਸਮਰਪਣ ਦੇ ਨਾਲ ‘ਗੁਰਮੁਖਿ’ ਦੀ ਸੰਗਤ ਅਤੇ ਸੇਵਾ ਕਰਨ ਵਾਲੇ ਮਨੁੱਖ ਦੇ ਸਾਰੇ ਬਜਰ ਕਪਾਟ ਖੁੱਲ੍ਹ ਜਾਂਦੇ ਹਨ ਅਤੇ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ। ਸਤਿ ਸਰੋਵਰਾਂ ਵਿੱਚ ਹੀ ਸਾਰੀਆਂ ਪਰਮ ਸ਼ਕਤੀਆਂ ਦਾ ਵਾਸ ਹੁੰਦਾ ਹੈ। ਸਤਿ ਸਰੋਵਰਾਂ ਵਿੱਚ ਸਥਿਤ ਇਨ੍ਹਾਂ ਪਰਮ ਸ਼ਕਤੀਆਂ ਵਿੱਚੋਂ ਹੀ ਪੂਰਨ ਬ੍ਰਹਮ ਗਿਆਨ ਦਾ ਸੋਮਾ ਫੁੱਟਦਾ ਹੈ ਜਿਸ ਦੇ ਨਾਲ ਮਨੁੱਖ ਨੂੰ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਐਸੇ ਮਨੁੱਖ ਜੋ ਗੁਰਪ੍ਰਸਾਦਿ ਦੀ ਪ੍ਰਾਪਤੀ ਕਰ ਲੈਂਦੇ ਹਨ ਅਤੇ ਆਪਣੇ ਆਪ ਨੂੰ ਸਤਿਗੁਰੂ ਦੇ ਸਤਿ ਸਚਰਨਾਂ ‘ਤੇ ਪੂਰਨ ਸਮਰਪਣ ਕਰ ਦਿੰਦੇ ਹਨ ਉਹ ਮਨੁੱਖ ਜੀਵਨ ਮੁਕਤੀ ਪ੍ਰਾਪਤ ਕਰ ਲੈਂਦੇ ਹਨ। ‘ਗੁਰਮੁਖਿ’ ਮਾਇਆ ਨੂੰ ਜਿੱਤ ਲੈਂਦਾ ਹੈ ਇਸ ਲਈ ਕੇਵਲ ‘ਗੁਰਮੁਖਿ’ ਨੂੰ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਹੁੰਦੇ ਹਨ। ਕੇਵਲ ਮਨੁੱਖ ਨੂੰ ਹੀ ਜੀਵਨ ਮੁਕਤੀ ਦੀ ਜੁਗਤੀ ਦਾ ਗਿਆਨ ਹੁੰਦਾ ਹੈ ਅਤੇ ਕੇਵਲ ‘ਗੁਰਮੁਖਿ’ ਹੀ ਮਨੁੱਖ ਨੂੰ ਮੁਕਤੀ ਦੇ ਦੁਆਰ ਤੱਕ ਲੈ ਜਾ ਸਕਦਾ ਹੈ। ਇਹ ਪੂਰਨ ਸਤਿ ਹੈ ਕਿ ਕੇਵਲ ‘ਗੁਰਮੁਖਿ’ ਆਪ ਹੀ ਜੀਵਨ ਮੁਕਤੀ ਦਾ ਮਾਰਗ ਹੈ, ਕੇਵਲ ‘ਗੁਰਮੁਖਿ’ ਆਪ ਹੀ ਜੀਵਨ ਮੁਕਤੀ ਦਾ ਦੁਆਰ ਹੈ। ਭਾਵ ‘ਗੁਰਮੁਖਿ’ ਹੀ ਮਨੁੱਖ ਨੂੰ ਜੀਵਨ ਮੁਕਤੀ ਦੇਣ ਦੀ ਪਰਮ ਸ਼ਕਤੀ ਦਾ ਮਾਲਿਕ ਹੁੰਦਾ ਹੈ।

ਗੁਰਮੁਖਿ ਅਕਥੁ ਕਥੈ ਬੀਚਾਰਿ ਗੁਰਮੁਖਿ ਨਿਬਹੈ ਸਪਰਵਾਰਿ

ਗੁਰਮੁਖਿ ਜਪੀਐ ਅੰਤਰਿ ਪਿਆਰਿ ਗੁਰਮੁਖਿ ਪਾਈਐ ਸਬਦਿ ਅਚਾਰਿ

ਸਬਦਿ ਭੇਦਿ ਜਾਣੈ ਜਾਣਾਈ ਨਾਨਕ ਹਉਮੈ ਜਾਲਿ ਸਮਾਈ ੨੯

(ਪੰਨਾ ੯੪੧)

ਸਮਰਣ ਰਹੇ ਕਿ ਇੱਕ ‘ਗੁਰਮੁਖਿ’ ਹੀ ਪੂਰਨ ਬ੍ਰਹਮ ਗਿਆਨੀ ਹੈ। ਇਹ ਪੂਰਨ ਸਤਿ ਹੈ ਕਿ ਕੇਵਲ ਪੂਰਨ ਬ੍ਰਹਮ ਗਿਆਨੀ ਨੂੰ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਗੁੱਝੇ ਭੇਦਾਂ ਦਾ ਪੂਰਨ ਬ੍ਰਹਮ ਗਿਆਨ ਹੁੰਦਾ ਹੈ। ਕਿਉਂਕਿ ਕੇਵਲ ਪੂਰਨ ਬ੍ਰਹਮ ਗਿਆਨੀ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਇਨ੍ਹਾਂ ਗੁੱਝੇ ਭੇਦਾਂ ਦਾ ਅਨੁਭਵ ਕਰਦਾ ਹੈ। ਕੇਵਲ ਪੂਰਨ ਬ੍ਰਹਮ ਗਿਆਨੀ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੀਆਂ ਬੇਅੰਤ ਪਰਮ ਸ਼ਕਤੀਆਂ ਦਾ ਅਨੁਭਵ ਕਰਦਾ ਹੈ। ਕੇਵਲ ਪੂਰਨ ਬ੍ਰਹਮ ਗਿਆਨੀ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਬੇਅੰਤ ਪਰਮ ਸਤਿ ਗੁਣਾਂ ਦਾ ਅਨੁਭਵ ਕਰਦਾ ਹੈ। ਕੇਵਲ ਪੂਰਨ ਬ੍ਰਹਮ ਗਿਆਨੀ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਦੇ ਗੁਰਪ੍ਰਸਾਦਿ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਦਾ ਗਿਆਤਾ ਹੁੰਦਾ ਹੈ। ਕੇਵਲ ਪੂਰਨ ਬ੍ਰਹਮ ਗਿਆਨੀ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਦੀ ਜੁਗਤੀ ਅਤੇ ਗੁਰਪ੍ਰਸਾਦਿ ਦਾ ਦਾਤਾ ਹੁੰਦਾ ਹੈ। ਕੇਵਲ ਪੂਰਨ ਬ੍ਰਹਮ ਗਿਆਨੀ ਹੀ ਮੁਕਤੀ ਦੀ ਜੁਗਤੀ, ਜੀਅ ਦਾਨ ਅਤੇ ਅੰਮ੍ਰਿਤ ਦਾ ਦਾਤਾ ਹੁੰਦਾ ਹੈ। ਕੇਵਲ ਪੂਰਨ ਬ੍ਰਹਮ ਗਿਆਨੀ ਹੀ ਜੋ ਕੁਝ ਗੁਰਬਾਣੀ ਵਿੱਚ ਲਿਖਿਆ ਹੈ ਉਹ ਆਪਣੀ ਬੰਦਗੀ ਦੇ ਦੌਰਾਨ ਅਨੁਭਵ ਕਰਦਾ ਹੈ। ਕੇਵਲ ਪੂਰਨ ਬ੍ਰਹਮ ਗਿਆਨੀ ਦੀ ਬੰਦਗੀ ਦੇ ਦੌਰਾਨ ਗੁਰਬਾਣੀ ਹੀ ਪ੍ਰਤੱਖ ਵਾਪਰਦੀ ਹੈ। ਜੋ ਜੋ ਗੁਰਬਾਣੀ ਵਿੱਚ ਲਿਖਿਆ ਹੈ ਉਹ ਬੰਦਗੀ ਦੇ ਦੌਰਾਨ ਮਨੁੱਖ ਪ੍ਰਤੱਖ ਅਨੁਭਵ ਕਰਦਾ ਹੈ।

ਉਦਾਹਰਨ ਦੇ ਤੌਰ ‘ਤੇ ਗੁਰਬਾਣੀ ਦੇ ਹੁਕਮ ਅਨੁਸਾਰ ਮਨੁੱਖ ਸ਼ਬਦ ਸੁਰਤਿ ਦੇ ਸੁਮੇਲ ਦਾ ਅਨੁਭਵ ਕਰਦਾ ਹੈ। ਜਦ ਸ਼ਬਦ ਸੁਰਤਿ ਦਾ ਸੁਮੇਲ ਹੁੰਦਾ ਹੈ ਤਾਂ ਮਨੁੱਖ ਦੀ ਸੁਰਤਿ ਸ਼ਬਦ ਵਿੱਚ ਆਪਣੇ ਆਪ ਹੀ ਚਲੀ ਜਾਂਦੀ ਹੈ। ਜਦ ਵੀ ਗੁਰਬਾਣੀ ਜਾਂ ਕੀਰਤਨ ਦੀ ਆਵਾਜ਼ ਮਨੁੱਖ ਦੇ ਕੰਨਾਂ ਵਿੱਚ ਪੈਂਦੀ ਹੈ ਉਸ ਦੇ ਨਾਲ ਹੀ ਸੁਰਤਿ ਸ਼ਬਦ ਵੱਲ ਖਿੱਚੀ ਜਾਂਦੀ ਹੈ ਅਤੇ ਮਨੁੱਖ ਅਜਪਾ ਜਾਪ ਦਾ ਅਨੁਭਵ ਕਰਦਾ ਹੈ। ਇਸ ਦੇ ਨਾਲ ਹੀ ਮਨੁੱਖ ਦੀ ਸਮਾਧੀ ਲੱਗ ਜਾਂਦੀ ਹੈ। ਜਦ ਮਨੁੱਖ ਸਮਾਧੀ ਵਿੱਚ ਬੈਠ ਕੇ ਲੰਬਾ ਅਭਿਆਸ ਕਰਦਾ ਹੈ ਤਾਂ ਉਹ ਸੁੰਨ ਸਮਾਧੀ ਦਾ ਅਨੁਭਵ ਕਰਦਾ ਹੈ। ਸੁੰਨ ਸਮਾਧੀ ਵਿੱਚ ਮਨੁੱਖ ਦਾ ਮਨ ਸੁਰਤਿ ਸਭ ਕੁਝ ਪੂਰਨ ਤੌਰ ‘ਤੇ ਸ਼ਾਂਤ ਹੋ ਜਾਂਦਾ ਹੈ ਇਸ ਲਈ ਸਮਾਂ ਜਿਵੇਂ ਖੜ੍ਹ ਜਾਂਦਾ ਹੈ ਅਤੇ ਸਮੇਂ ਦੇ ਚੱਲਦੇ ਰਹਿਣ ਦਾ ਅਹਿਸਾਸ ਨਹੀਂ ਰਹਿੰਦਾ ਹੈ। ਸਮਾਧੀ ਦੇ ਦੌਰਾਨ ਮਨੁੱਖ ਨੂੰ ਸਤਿਗੁਰੂਆਂ, ਬ੍ਰਹਮ ਗਿਆਨੀਆਂ, ਸੰਤਾਂ ਅਤੇ ਭਗਤਾਂ ਦੇ ਦਰਸ਼ਨ ਹੁੰਦੇ ਹਨ। ਸਮਾਧੀ ਦੇ ਦੌਰਾਨ ਮਨੁੱਖ ਨੂੰ ਹੋਰ ਕਈ ਤਰ੍ਹਾਂ ਦੇ ਅਨੁਭਵ ਹੁੰਦੇ ਹਨ, ਜਿਵੇਂ ਪਰਮ ਜੋਤ ਦੇ ਦਰਸ਼ਨ ਹੋਣਾ, ਪ੍ਰਕਾਸ਼ ਦਿੱਸਣਾ, ਦੇਹੀ ਨੂੰ ਛੱਡ ਕੇ ਜਾਣ ਦੇ ਅਨੁਭਵ ਹੁੰਦੇ ਹਨ, ਰੋਮ-ਰੋਮ ਵਿੱਚ ਸਿਮਰਨ ਦਾ ਅਨੁਭਵ ਹੁੰਦਾ ਹੈ, ਆਪਣੇ ਨੇਤਰਾਂ ਵਿੱਚੋਂ ਪ੍ਰਕਾਸ਼ ਨਿਕਲਣ ਦਾ ਅਨੁਭਵ ਹੁੰਦਾ ਹੈ, ਆਪਣੀ ਦੇਹੀ ਵਿੱਚ ਅੰਮ੍ਰਿਤ ਦੇ ਸੰਚਾਰ ਦਾ ਅਨੁਭਵ ਹੁੰਦਾ ਹੈ, ਆਪਣੀ ਦੇਹੀ ਵਿੱਚੋਂ ਪ੍ਰਕਾਸ਼ ਨਿਕਲਣ ਦਾ ਅਨੁਭਵ ਹੁੰਦਾ ਹੈ, ਦਰਗਾਹ ਦੇ ਦਰਸ਼ਨ ਹੁੰਦੇ ਹਨ ਅਤੇ ਅੰਤ ਵਿੱਚ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਦੇ ਦਰਸ਼ਨ ਹੁੰਦੇ ਹਨ। ਸਮਾਧੀ ਦੇ ਦੌਰਾਨ ਹੀ ਪੰਜ ਦੂਤਾਂ ਨੂੰ ਜਿੱਤਣ ਦਾ ਅਨੁਭਵ ਹੁੰਦਾ ਹੈ ਅਤੇ ਮਾਇਆ ਨੂੰ ਜਿੱਤਣ ਦਾ ਅਨੁਭਵ ਹੁੰਦਾ ਹੈ।

ਹਰ ਇੱਕ ਮਨੁੱਖ ਦੀ ਬੰਦਗੀ ਅਦੁੱਤੀ ਹੁੰਦੀ ਹੈ। ਕਿਉਂਕਿ ਹਰ ਇੱਕ ਮਨੁੱਖ ਦਾ ਪ੍ਰਾਲਬਧ ਵੱਖਰਾ-ਵੱਖਰਾ ਹੁੰਦਾ ਹੈ। ਇਸ ਲਈ ਹਰ ਇੱਕ ਮਨੁੱਖ ਨੂੰ ਬੰਦਗੀ ਦੇ ਦੌਰਾਨ ਅਲੱਗ-ਅਲੱਗ ਅਨੁਭਵ ਹੁੰਦੇ ਹਨ। ਇਸ ਤਰ੍ਹਾਂ ਦੇ ਨਾਲ ਬੰਦਗੀ ਦੇ ਦੌਰਾਨ ਮਨੁੱਖ ਨਾਲ ਗੁਰਪ੍ਰਸਾਦੀ ਪਰਮ ਸ਼ਕਤੀਆਂ ਦੇ ਵਰਤਣ ਨਾਲ ਬਹੁਤ ਕੁਝ ਵਾਪਰਦਾ ਹੈ ਜੋ ਕਿ ਸਭ ਕੁਝ ਗੁਰਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ। ਇਸ ਤਰ੍ਹਾਂ ਕੇਵਲ ਪੂਰਨ ਬ੍ਰਹਮ ਗਿਆਨੀ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਅਕੱਥ ਕਥਾ ਨੂੰ ਅਨੁਭਵ ਕਰਦਾ ਹੈ। ਜੋ ਜੋ ਅਨੁਭਵ ਪੂਰਨ ਬ੍ਰਹਮ ਗਿਆਨੀ ਆਪਣੀ ਬੰਦਗੀ ਦੇ ਦੌਰਾਨ ਗੁਰਪ੍ਰਸਾਦੀ ਪਰਮ ਸ਼ਕਤੀਆਂ ਦੇ ਵਰਤਣ ਨਾਲ ਕਰਦਾ ਹੈ ਉਨ੍ਹਾਂ ਅਨੁਭਵਾਂ ਨੂੰ ਆਮ ਲੋਕਾਂ ਨੂੰ ਦੁਨਿਆਵੀ ਭਾਸ਼ਾ ਵਿੱਚ ਪੂਰਨ ਤੌਰ ‘ਤੇ ਸਮਝਾਉਣਾ ਸੰਭਵ ਨਹੀਂ ਹੈ। ਇਸ ਤਰ੍ਹਾਂ ਨਾਲ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਕਥਾ ਕਥੀ ਨਹੀਂ ਜਾ ਸਕਦੀ ਹੈ ਅਤੇ ਕੇਵਲ ਅਨੁਭਵ ਕੀਤੀ ਜਾ ਸਕਦੀ ਹੈ। ਲੇਕਿਨ ਆਪਣੀ ਬੰਦਗੀ ਦੇ ਦੌਰਾਨ ਇਕੱਤਰ ਕੀਤੇ ਗਏ ਅਨੁਭਵਾਂ ਦੇ ਆਧਾਰ ‘ਤੇ ਉਹ (ਪੂਰਨ ਬ੍ਰਹਮ ਗਿਆਨੀ) ਸੰਗਤ ਨੂੰ ਸਤਿ ਪਾਰਬ੍ਰਹਮ ਦੀ ਬੰਦਗੀ ਦੇ ਬਾਰੇ ਅਤੇ ਮਹਿਮਾ ਬਾਰੇ ਬ੍ਰਹਮ ਗਿਆਨ ਦਾ ਗੁਰਪ੍ਰਸਾਦਿ ਵੰਡਦਾ ਹੈ। ਪੂਰਨ ਬ੍ਰਹਮ ਗਿਆਨੀ ਸੰਗਤ ਨੂੰ ਉਨ੍ਹਾਂ ਦੇ ਬੰਦਗੀ ਵਿੱਚ ਗਹਿਰੇ ਉਤਰਨ ਲਈ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਬ੍ਰਹਮ ਗਿਆਨ ਦਿੰਦਾ ਹੈ। ਸਦਾ ਸਮਰਣ ਰੱਖੋ ਕਿ ਪੂਰਨ ਬ੍ਰਹਮ ਗਿਆਨੀ ਦੀ ਸੰਗਤ ਵਿੱਚ ਵਰਤ ਰਹੀ ਕਥਾ ਪੂਰਵ ਨਿਰਧਾਰਿਤ ਨਹੀਂ ਹੁੰਦੀ ਹੈ। ਭਾਵ ਪੂਰਨ ਬ੍ਰਹਮ ਗਿਆਨੀ ਕਥਾ ਦਾ ਵਿਸ਼ਾ ਪੂਰਵ ਨਿਰਧਾਰਿਤ ਕਰ ਕੇ ਸੰਗਤ ਨੂੰ ਕਦੇ ਵੀ ਸੰਬੋਧਨ ਨਹੀਂ ਕਰਦਾ ਹੈ। ਪੂਰਨ ਬ੍ਰਹਮ ਗਿਆਨੀ ਦੀ ਕਥਾ ਕੇਵਲ ਪੂਰਨ ਹੁਕਮ ਵਿੱਚ ਵਾਪਰਦੀ ਹੈ ਅਤੇ ਉਸ ਦੇ ਬਚਨ ਸਨਮੁਖ ਉਪਸਥਿਤ ਸੰਗਤ ਦੀ ਉਸ ਸਮੇਂ ਦੀ ਜ਼ਰੂਰਤ ਦੇ ਅਨੁਸਾਰ ਹੁੰਦੇ ਹਨ। ਕਿਉਂਕਿ ਪੂਰਨ ਬ੍ਰਹਮ ਗਿਆਨੀ ਦੀ ਸੰਗਤ ਵਿੱਚ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਵਰਤਦੀ ਹੈ ਇਸ ਲਈ ਇਹ ਪੂਰਨ ਸਤਿ ਹੈ ਕਿ ਕੇਵਲ ਪੂਰਨ ਬ੍ਰਹਮ ਗਿਆਨੀ ਦੀ ਸੰਗਤ ਵਿੱਚ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਅਕੱਥ ਕਥਾ ਪ੍ਰਤੱਖ ਵਾਪਰਦੀ ਹੈ ਜਦ ਐਸੀ ਪਰਮ ਸ਼ਕਤੀਸ਼ਾਲੀ ਸੰਗਤ ਵਿਚ ਸੁਹਾਗਣਾਂ ਦਾ ਜਨਮ ਹੁੰਦਾ ਹੈ। ਪੂਰਨ ਬ੍ਰਹਮ ਗਿਆਨੀ ਦੀ ਸੰਗਤ ਵਿੱਚ ਹੀ ਸ਼ਬਦ ਦਾ ਸੁਰਤਿ ਨਾਲ ਸੁਮੇਲ ਹੁੰਦਾ ਹੈ ਅਤੇ ਉੱਪਰ ਲਿਖੇ ਗਏ ਸਾਰੇ ਅਨੁਭਵ ਸੰਗਤ ਨਾਲ ਪ੍ਰਤੱਖ ਵਾਪਰਦੇ ਹਨ। ਪੂਰਨ ਬ੍ਰਹਮ ਗਿਆਨੀ ਦੇ ਛਤਰ ਹੇਠ ਬੈਠ ਕੇ ਹੀ ਮਨੁੱਖ ਦੀ ਬੰਦਗੀ ਸਹਿਜੇ ਹੀ ਪੂਰਨ ਹੋ ਜਾਂਦੀ ਹੈ। ਪੂਰਨ ਬ੍ਰਹਮ ਗਿਆਨੀ ਦੀ ਸੰਗਤ ਵਿੱਚ ਹੀ ਸਦਾ ਸੁਹਾਗਣਾਂ ਧਰਤੀ ਉੱਪਰ ਪ੍ਰਤੱਖ ਪ੍ਰਗਟ ਹੁੰਦੀਆਂ ਹਨ। ਪੂਰਨ ਬ੍ਰਹਮ ਗਿਆਨੀ ਅਪਰਸ ਪਾਰਸ ਹੈ ਇਸ ਲਈ ਪੂਰਨ ਬ੍ਰਹਮ ਗਿਆਨੀ ਦੀ ਸੰਗਤ ਵਿੱਚ ਹੀ ਪੂਰਨ ਬ੍ਰਹਮ ਗਿਆਨੀ ਪ੍ਰਤੱਖ ਪ੍ਰਗਟ ਹੁੰਦੇ ਹਨ। ਪੂਰਨ ਬ੍ਰਹਮ ਗਿਆਨੀ ਦੀ ਪਰਮ ਸ਼ਕਤੀਸ਼ਾਲੀ ਸੰਗਤ ਵਿੱਚ ਹੀ ‘ਖ਼ਾਲਸਾ’ ਅਤੇ ‘ਗੁਰਮੁਖਿ’ ਪ੍ਰਗਟ ਹੁੰਦਾ ਹੈ। ਇਸ ਤਰ੍ਹਾਂ ਦੇ ਨਾਲ ਕੇਵਲ ਪੂਰਨ ਬ੍ਰਹਮ ਗਿਆਨੀ ਦੀ ਸੰਗਤ ਵਿੱਚ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਅਕੱਥ ਕਥਾ ਪ੍ਰਤੱਖ ਪ੍ਰਗਟ ਹੁੰਦੀ ਹੈ। ਕੇਵਲ ਪੂਰਨ ਬ੍ਰਹਮ ਗਿਆਨੀ ਦੀ ਸੰਗਤ ਵਿੱਚ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਪ੍ਰਤੱਖ ਪ੍ਰਗਟ ਹੁੰਦੀ ਹੈ।

ਐਸਾ ‘ਗੁਰਮੁਖਿ’ ਪੂਰਨ ਬ੍ਰਹਮ ਗਿਆਨੀ ਕੇਵਲ ਆਪ ਹੀ ਨਹੀਂ ਮਾਇਆ ਰੂਪੀ ਇਸ ਸੰਸਾਰ ਭਵਸਾਗਰ ਤੋਂ ਪਾਰ ਉਤਰਦਾ ਹੈ ਬਲਕਿ ਆਪਣਾ ਸਾਰਾ ਵਿਛੜਿਆ ਹੋਇਆ ਪਰਿਵਾਰ ਵੀ ਤਾਰਦਾ ਹੈ। ਭਾਵ ‘ਗੁਰਮੁਖਿ’ ਕੇਵਲ ਆਪ ਹੀ ਨਹੀਂ ਜੀਵਨ ਮੁਕਤੀ ਪ੍ਰਾਪਤ ਕਰਦਾ ਹੈ ਪਰੰਤੂ ਆਪਣਾ ਸਾਰਾ ਪਿਛਲੇ ਜਨਮਾਂ ਦਾ ਵਿਛੜਿਆ ਹੋਇਆ ਪਰਿਵਾਰ ਵੀ ਆਪਣੇ ਨਾਲ ਤਾਰਦਾ ਹੈ। ਐਸੇ ਮਹਾ ਪੁਰਖਾਂ ਗੁਰਮੁਖਾਂ ਦੀ ਪਰਮ ਸ਼ਕਤੀਸ਼ਾਲੀ ਸੰਗਤ ਵਿੱਚ ਜੋ ਜੋ ਮਨੁੱਖ ਆਉਂਦਾ ਹੈ ਉਸ ਦਾ ਜ਼ਰੂਰ ਐਸੇ ਗੁਰਮੁਖਾਂ ਨਲ ਪਿਛਲੇ ਜਨਮਾਂ ਦਾ ਕੋਈ ਸੰਬੰਧ, ਰਿਸ਼ਤਾ ਜਾਂ ਨਾਤਾ ਹੁੰਦਾ ਹੈ। ਪੂਰਨ ਬ੍ਰਹਮ ਗਿਆਨੀ ਦੀ ਸੰਗਤ ਵਿੱਚ ਕੇਵਲ ਉਸ ਦੇ ਪਿਛਲੇ ਜਨਮਾਂ ਦੇ ਸੰਬੰਧੀਆਂ ਦਾ ਹੀ ਆਗਮਨ ਹੁੰਦਾ ਹੈ। ਇਸ ਲਈ ‘ਗੁਰਮੁਖਿ’ ਪੂਰਨ ਬ੍ਰਹਮ ਗਿਆਨੀ ਆਪਣੇ ਪਿਛਲੇ ਜਨਮਾਂ ਦੇ ਪਰਿਵਾਰਾਂ ਦਾ ਉਧਾਰ ਕਰਦਾ ਹੈ ਅਤੇ ਆਉਣ ਵਾਲੀਆਂ ੨੧ ਕੁਲਾਂ ਦਾ ਵੀ ਉਧਾਰ ਕਰਦਾ ਹੈ। ‘ਗੁਰਮੁਖਿ’ ਪੂਰਨ ਬ੍ਰਹਮ ਗਿਆਨੀ ਦੀ ਸੰਗਤ ਵਿੱਚ ਹੀ ਮਨੁੱਖ ਵਿੱਚ ਸ਼ਰਧਾ, ਪ੍ਰੀਤ ਅਤੇ ਭਰੋਸੇ ਦੀਆਂ ਪਰਮ ਸਕਤੀਆਂ ਜਾਗਰਤ ਹੁੰਦੀਆਂ ਹਨ। ‘ਗੁਰਮੁਖਿ’ ਪੂਰਨ ਬ੍ਰਹਮ ਗਿਆਨੀ ਦੀ ਸੰਗਤ ਵਿੱਚ ਹੀ ਮਨੁੱਖ ਦੇ ਸਾਰੇ ਵਿਨਾਸ਼ਕਾਰੀ ਅਵਗੁਣਾਂ ਅਤੇ ਵਿਕਾਰਾਂ ਦਾ ਅੰਤ ਹੁੰਦਾ ਹੈ ਅਤੇ ਸਾਰੇ ਪਰਮ ਸ਼ਕਤੀਸ਼ਾਲੀ ਸਤਿ ਗੁਣ ਜਾਗਰਤ ਹੁੰਦੇ ਹਨ। ਜਿਸਦੇ ਨਾਲ ਮਨੁੱਖ ਦਾ ਅੰਦਰ ਪਵਿੱਤਰ ਹੋ ਜਾਂਦਾ ਹੈ ਅਤੇ ਉਸ ਦਾ ਜੀਵਨ ਬਦਲ ਜਾਂਦਾ ਹੈ। ਸਾਰੇ ਕਰਮ ਸਤਿ ਕਰਮ ਹੋ ਜਾਂਦੇ ਹਨ ਅਤੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ਮਨੁੱਖ ਨਿਮਰਤਾ ਦੀ ਕਮਾਈ ਕਰਦਾ ਹੈ ਅਤੇ ਮਨੁੱਖ ਦਾ ਹਿਰਦਾ ਗਰੀਬੀ ਵੇਸ ਹਿਰਦਾ ਬਣ ਜਾਂਦਾ ਹੈ ਜਿਸਦੇ ਨਾਲ ਮਨੁੱਖ ਦੀ ਹਉਮੈ ਦਾ ਅੰਤ ਹੋ ਜਾਂਦਾ ਹੈ। ਪੰਜ ਚੰਡਾਲਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਵਿੱਚੋਂ ਮਨੁੱਖ ਦੇ ਸਿਰ ਵਿੱਚ ਬੈਠਾ ਅਹੰਕਾਰ ਚੰਡਾਲ ਮਨੁੱਖ ਨੂੰ ਸਭ ਤੋਂ ਅੰਤ ਵਿੱਚ ਛੱਡਦਾ ਹੈ। ਇਸ ਲਈ ਹਉਮੈ (ਅਹੰਕਾਰ) ਦਾ ਅੰਤ ਹੀ ਜੀਵਨ ਮੁਕਤੀ ਹੈ। ਗਰੀਬੀ ਵੇਸ ਹਿਰਦੇ ਵਿੱਚ ਹੀ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਪਰਮ ਜੋਤ ਦਾ ਪੂਰਨ ਪ੍ਰਕਾਸ਼ ਪ੍ਰਗਟ ਹੁੰਦਾ ਹੈ ਅਤੇ ਐਸਾ ਹਿਰਦਾ ਪ੍ਰਗਟਿਓ ਜੋਤ ਪੂਰਨ ਸੰਤ ਹਿਰਦਾ ਬਣ ਜਾਂਦਾ ਹੈ।

ਗੁਰਮੁਖਿ ਨਾਮੁ ਦਾਨੁ ਇਸਨਾਨੁ ਗੁਰਮੁਖਿ ਲਾਗੈ ਸਹਜਿ ਧਿਆਨੁ

ਗੁਰਮੁਖਿ ਪਾਵੈ ਦਰਗਹ ਮਾਨੁ ਗੁਰਮੁਖਿ ਭਉ ਭੰਜਨੁ ਪਰਧਾਨੁ

ਗੁਰਮੁਖਿ ਕਰਣੀ ਕਾਰ ਕਰਾਏ ਨਾਨਕ ਗੁਰਮੁਖਿ ਮੇਲਿ ਮਿਲਾਏ ੩੬

(ਪੰਨਾ ੯੪੨)  

‘ਗੁਰਮੁਖਿ’ ਦੀ ਮਹਿਮਾ ਪਰਮ ਸ਼ਕਤੀਸ਼ਾਲੀ ਹੈ। ‘ਗੁਰਮੁਖਿ’ ਨੂੰ ਉਸ ਦੀ ਹਜ਼ੂਰੀ ਵਿੱਚ ਆਉਣ ਵਾਲੀ ਸੰਗਤ ਨੂੰ ਸਤਿਨਾਮ ਦੇ ਗੁਰਪ੍ਰਸਾਦਿ ਵਰਤਾਉਣ ਦਾ ਹੁਕਮ ਪ੍ਰਾਪਤ ਹੈ। ‘ਗੁਰਮੁਖਿ’ ਦੀ ਹਜ਼ੂਰੀ ਵਿੱਚ ਮੌਜੂਦ ਸੰਗਤ ਨੂੰ ‘ਗੁਰਮੁਖਿ’ ਤੋਂ ਸਤਿਨਾਮ, ਸਤਿਨਾਮ ਸਿਮਰਨ, ਸਤਿਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦੇ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ। ‘ਗੁਰਮੁਖਿ’ ਦੀ ਸੰਗਤ ਵਿੱਚ ਅਤੇ ਸੰਗਤ ਉੱਪਰ ਹੀ ‘ਗੁਰਮੁਖਿ’ ਦੇ ਛਤਰ ਹੇਠ ਬੇਅੰਤ ਅੰਮ੍ਰਿਤ ਦੀ ਬਰਖਾ ਹੁੰਦੀ ਹੈ। ਜਿਸ ਸਥਾਨ ‘ਤੇ ‘ਗੁਰਮੁਖਿ’ ਦੀ ਸੰਗਤ ਵਾਪਰਦੀ ਹੈ ਉਸ ਸਥਾਨ ‘ਤੇ ਮਾਨਸਰੋਵਰ ਪ੍ਰਗਟ ਹੁੰਦਾ ਹੈ। ਜਿਸ ਸਥਾਨ ‘ਤੇ ‘ਗੁਰਮੁਖਿ’ ਦੀ ਸੰਗਤ ਵਾਪਰਦੀ ਹੈ ਉਸ ਸਥਾਨ ‘ਤੇ ਸੁਹਾਗਣਾਂ ਅਤੇ ਸਦਾ ਸੁਹਾਗਣਾਂ ਜਦ ਸਮਾਧੀ ਸਥਿਤ ਹੋ ਕੇ ਸਤਿ ਪਾਰਬ੍ਰਹਮ ਦੇ ਸਤਿਨਾਮ ਸਿਮਰਨ ਅਤੇ ਉਸ ਦੀ ਮਹਿਮਾ ਦਾ ਗੁਣ ਗਾਇਣ ਕਰਦੀਆਂ ਹਨ ਤਾਂ ਉਸ ਸਥਾਨ ‘ਤੇ ਦਰਗਾਹ ਪ੍ਰਤੱਖ ਪ੍ਰਗਟ ਹੁੰਦੀ ਹੈ। ਐਸੀ ਪਰਮ ਸ਼ਕਤੀਸ਼ਾਲੀ ਸੰਗਤ ਵਿੱਚ ਮਾਨਸਰੋਵਰ ਪ੍ਰਗਟ ਹੁੰਦਾ ਹੈ ਅਤੇ ‘ਗੁਰਮੁਖਿ’ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨ ਵਾਲੀ ਸੰਗਤ ਮਾਨਸਰੋਵਰ ਵਿੱਚ ਇਸ਼ਨਾਨ ਕਰਦੀ ਹੈ। ‘ਗੁਰਮੁਖਿ’ ਨਿਰੰਤਰ ਸਹਿਜ ਸਮਾਧੀ ਵਿੱਚ ਸਥਿਤ ਰਹਿੰਦਾ ਹੈ। ਸਹਿਜ ਸਮਾਧੀ ਦੀ ਪਰਮ ਸ਼ਕਤੀਸ਼ਾਲੀ ਅਵਸਥਾ ਅਟੱਲ ਅਵਸਥਾ ਹੈ। ਇਹ ਪਰਮ ਪਦਵੀ ਦੀ ਅਵਸਥਾ ਹੈ ਜਿਸ ਨੂੰ ਗੁਰਬਾਣੀ ਵਿੱਚ ਤੁਰੀਆ ਅਵਸਥਾ ਵੀ ਕਿਹਾ ਗਿਆ ਹੈ।

ਸਹਿਜ ਅਵਸਥਾ ਵਿੱਚ ‘ਗੁਰਮੁਖਿ’ ਪੂਰਨ ਹੁਕਮ ਵਿੱਚ ਧਰਤੀ ਉੱਪਰ ਵਿਚਰਦਾ ਹੈ ਅਤੇ ਸੰਗਤ ਨੂੰ ਗੁਰਪ੍ਰਸਾਦਿ ਵਰਤਾ ਕੇ ਸੰਗਤ ਦਾ ਜੀਵਨ ਮੁਕਤੀ ਦੇ ਪੱਥ ਉੱਪਰ ਚੱਲਣ ਲਈ ਮਾਰਗ ਦਰਸ਼ਨ ਕਰਦਾ ਹੈ। ਤ੍ਰਿਹ ਗੁਣ ਮਾਇਆ ਨੂੰ ਜਿੱਤਣ ਤੋਂ ਬਾਅਦ ‘ਚਉਥੇ ਪਦਿ’ (ਤ੍ਰਿਹ ਗੁਣ ਮਾਇਆ ਹੈ ਅਤੇ ਚੌਥਾ ਪਦ ਮਾਇਆ ਤੋਂ ਪਰੇ ਹੈ) ਵਿੱਚ ਸਥਿਤ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਦੇ ਦਰਸ਼ਨ ਕਰ ਕੇ ਮਨੁੱਖ ਸਹਿਜ ਸਮਾਧੀ ਦੀ ਪਰਮ ਸ਼ਕਤੀਸ਼ਾਲੀ ਅਵਸਥਾ ਨੂੰ ਪ੍ਰਾਪਤ ਕਰਦਾ ਹੈ। ਇਸ ਅਵਸਥਾ ਵਿੱਚ ਅੱਪੜ ਕੇ ‘ਗੁਰਮੁਖਿ’ ਸਦਾ-ਸਦਾ ਲਈ ਦਰਗਾਹ ਵਿੱਚ ਪਰਵਾਨ ਹੋ ਜਾਂਦਾ ਹੈ ਅਤੇ ਦਰਗਾਹ ਵਿੱਚ ਮਾਣ ਪ੍ਰਾਪਤ ਕਰ ਕੇ ਸਦਾ-ਸਦਾ ਲਈ ਦਰਗਾਹ ਵਿੱਚ ਸਥਿਤ ਹੋ ਜਾਂਦਾ ਹੈ। ਐਸੇ ਮਹਾ ਪੁਰਖਾਂ ਦਾ ਜੋ ਕਿ ਆਪਣੀ ਬੰਦਗੀ ਪੂਰਨ ਕਰ ਕੇ ਦਰਗਾਹ ਵਿੱਚ ਮਾਣ ਪ੍ਰਾਪਤ ਕਰਦੇ ਹਨ ਉਨ੍ਹਾਂ ਦੀ ਦੇਹੀ ਤਾਂ ਧਰਤੀ ਉੱਪਰ ਵਿਚਰ ਕੇ ਦੁਨੀਆਂ ਨੂੰ ਜੀਅ ਦਾਨ ਦੇ ਕੇ ਬੰਦਗੀ ਕਰਵਾਉਂਦੀ ਹੈ ਪਰੰਤੂ ਉਨ੍ਹਾਂ ਦਾ ਪਾਰਬ੍ਰਹਮ ਰੂਪ ਪ੍ਰਗਟਿਓ ਜੋਤ ਸਰੂਪ ਦਾ ਦਰਗਾਹ ਵਿੱਚ ਵਾਸ ਹੁੰਦਾ ਹੈ। ਧਰਤੀ ਉੱਪਰ ਵਿਚਰਦਾ ਹੋਇਆ ‘ਗੁਰਮੁਖਿ’ ਦਰਗਾਹ ਅਤੇ ਧਰਤੀ ਦੇ ਦੋਨੋਂ ਸਿਰਿਆਂ ਨੂੰ ਜੋੜਦਾ ਹੈ ਅਤੇ ਦੁਨੀਆਂ ਨੂੰ ਸਤਿ ਦਾ ਉਪਦੇਸ਼ ਦੇ ਕੇ ਤਾਰਨ ਦੀ ਸੇਵਾ ਵਿੱਚ ਲੀਨ ਰਹਿੰਦਾ ਹੈ। ‘ਗੁਰਮੁਖਿ’ ਦੀ ਸੰਗਤ ਵਿੱਚ ਗੁਰਪ੍ਰਸਾਦਿ ਦੀ ਦਰਗਾਹੀ ਪਰਮ ਸ਼ਕਤੀ ਵਰਤਦੀ ਹੈ ਜੋ ਸੰਗਤ ਦੀ ਸੁਰਤਿ ਨੂੰ ਸ਼ਬਦ ਵਿੱਚ ਸਥਿਤ ਕਰ ਦਿੰਦੀ ਹੈ ਜਿਸਦੇ ਵਾਪਰਨ ਨਾਲ ਸੁਹਾਗਣਾਂ ਦਾ ਜਨਮ ਹੁੰਦਾ ਹੈ।

‘ਗੁਰਮੁਖਿ’ ਦੀ ਸੰਗਤ ਵਿੱਚ ਅਤੇ ‘ਗੁਰਮੁਖਿ’ ਦੇ ਛਤਰ ਹੇਠ ਬੈਠੇ ਹੋਏ ਮਨੁੱਖ ਜੋ ‘ਗੁਰਮੁਖਿ’ ਦੇ ਸਤਿ ਚਰਨਾਂ ਉੱਪਰ ਪੂਰਨ ਸਮਰਪਣ ਕਰਦੇ ਹਨ ਉਹ ਗੁਰਪ੍ਰਸਾਦਿ ਦੀ ਪ੍ਰਾਪਤੀ ਕਰ ਕੇ ਬੰਦਗੀ ਵਿੱਚ ਚਲੇ ਜਾਂਦੇ ਹਨ ਅਤੇ ਮੋਹ ਦੇ ਚੰਡਾਲ ਨੂੰ ਜਿੱਤ ਕੇ ਮੋਹ ਤੋਂ ਮੁਕਤ ਹੋ ਕੇ ਨਿਰਭਉ ਹੋ ਜਾਂਦੇ ਹਨ। ਸਤਿਨਾਮ ਸਿਮਰਨ ਵਿੱਚ ਡੂੰਘੀ ਸਮਾਧੀ ਵਿੱਚ ਲੀਨ ਹੋ ਕੇ ਲੰਬੇ ਸਿਮਰਨ ਅਭਿਆਸ ਕਰਨ ਨਾਲ ਮਨੁੱਖ ਨੂੰ ਮੋਹ ਚੰਡਾਲ ਦੀ ਵਿਨਾਸ਼ਕਾਰੀ ਸ਼ਕਤੀ ਦਾ ਗਿਆਨ ਹੋ ਜਾਂਦਾ ਹੈ ਅਤੇ ਉਨ੍ਹਾਂ ਦਾ ਪਰਿਵਾਰਕ ਮੋਹ ਅਤੇ ਦੁਨਿਆਵੀ ਵਸਤੂਆਂ ਅਤੇ ਪਦਾਰਥਾਂ ਨਾਲ ਮੋਹ ਟੁੱਟ ਜਾਂਦਾ ਹੈ। ਮੋਹ ਦਾ ਭਾਵ ਹੈ ਪਰਿਵਾਰਕ ਸੰਬੰਧਾਂ ਅਤੇ ਦੁਨਿਆਵੀ ਪਦਾਰਥਾਂ ਦੇ ਖੋਹੇ ਜਾਣ ਦਾ ਭਉ, ਜਿਸ ਭਉ ਵਿੱਚ ਹਰ ਇੱਕ ਮਨੁੱਖ ਨਿਰੰਤਰ ਜਿਉਂਦਾ ਹੈ ਅਤੇ ਪਲ-ਪਲ ਮੋਹ ਦੇ ਵਿਨਾਸ਼ਕਾਰੀ ਚੰਡਾਲ ਦੀ ਮਾਰ ਸਹਾਰਦਾ ਹੋਇਆ ਦੁੱਖ ਪਾਉਂਦਾ ਹੈ। ਪਰਿਵਾਰਕ ਮੋਹ, ਦੁਨਿਆਵੀ ਪਦਾਰਥਾਂ ਨਾਲ ਮੋਹ, ਜਾਇਦਾਦਾਂ ਨਾਲ ਮੋਹ, ਧਨ-ਸੰਪਦਾ ਨਾਲ ਮੋਹ ਆਦਿ ਮਨੁੱਖ ਦੇ ਸਾਰੇ ਦੁੱਖਾਂ, ਕਲੇਸ਼ਾਂ, ਮੁਸੀਬਤਾਂ ਅਤੇ ਸਮੱਸਿਆਵਾਂ ਦਾ ਕਾਰਨ ਹੈ। ‘ਗੁਰਮੁਖਿ’ ਦੀ ਪਰਮ ਸ਼ਕਤੀਸ਼ਾਲੀ ਸੰਗਤ ਵਿੱਚ ਬੰਦਗੀ ਕਰਨ ਵਾਲੇ ਮਨੁੱਖਾਂ ‘ਤੇ ਗੁਰਪ੍ਰਸਾਦੀ ਪਰਮ ਸ਼ਕਤੀ ਵਰਤਦੀ ਹੈ ਜਿਸਦੇ ਨਾਲ ਮਨੁੱਖ ਮੋਹ ਤੋਂ ਮੁਕਤ ਹੋ ਕੇ ਨਿਰਭਉ ਹੋ ਜਾਂਦਾ ਹੈ।

ਗੁਰਮੁਖਿ ਦੇ ਸਾਰੇ ਕਰਮ ਸਤਿ ਕਰਮ ਹੁੰਦੇ ਹਨ। ‘ਗੁਰਮੁਖਿ’ ਦੇ ਸਾਰੇ ਕਰਮ ਸਤਿ ਪਾਰਬ੍ਰਹਮ ਦੇ ਪੂਰਨ ਹੁਕਮ ਵਿੱਚ ਹੁੰਦੇ ਹਨ। ‘ਗੁਰਮੁਖਿ’ ਦੀ ਹਰ ਇੱਕ ਕਰਨੀ ਕੇਵਲ ਸਤਿ ਦੀ ਮਹਿਮਾ ਨੂੰ ਪ੍ਰਗਟ ਕਰਨ ਲਈ ਹੁੰਦੀ ਹੈ। ‘ਗੁਰਮੁਖਿ’ ਦੀ ਹਰ ਇੱਕ ਕਰਨੀ ਨਿਸਵਾਰਥ ਹੁੰਦੀ ਹੈ ਅਤੇ ਕੇਵਲ ਸੰਗਤ ਦੀ ਭਲਾਈ ਲਈ ਹੀ ਹੁੰਦੀ ਹੈ। ‘ਗੁਰਮੁਖਿ’ ਦਾ ਜੀਵਨ ਕੇਵਲ ਲੋਕਾਈ ਦੀ ਭਲਾਈ ਲਈ ਸਮਰਪਿਤ ਹੁੰਦਾ ਹੈ। ‘ਗੁਰਮੁਖਿ’ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਨ ਵਾਲੇ ਮਨੁੱਖਾਂ ਨੂੰ ਗੁਰਪ੍ਰਸਾਦੀ ਪਰਮ ਸ਼ਕਤੀ ਦੀ ਕਿਰਪਾ ਦੇ ਨਾਲ ਸਤਿ ਪਾਰਬ੍ਰਹਮ ਪਰਮੇਸ਼ਰ ਦੀ ਬੰਦਗੀ ਦੀ ਪ੍ਰਾਪਤੀ ਹੁੰਦੀ ਹੈ। ਜੋ ਮਨੁੱਖ ਬੰਦਗੀ ਪੂਰਨ ਕਰ ਲੈਂਦੇ ਹਨ ਉਨ੍ਹਾਂ ਦੀ ਬੰਦਗੀ ਦਰਗਾਹ ਵਿੱਚ ਪਰਵਾਨ ਹੋ ਜਾਂਦੀ ਹੈ ਅਤੇ ਉਨ੍ਹਾਂ ਨੂੰ ਸਤਿ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ।

ਗੁਰਮੁਖਿ ਅਸਟ ਸਿਧੀ ਸਭਿ ਬੁਧੀ ਗੁਰਮੁਖਿ ਭਵਜਲੁ ਤਰੀਐ ਸਚ ਸੁਧੀ

ਗੁਰਮੁਖਿ ਸਰ ਅਪਸਰ ਬਿਧਿ ਜਾਣੈ ਗੁਰਮੁਖਿ ਪਰਵਿਰਤਿ ਨਰਵਿਰਤਿ ਪਛਾਣੈ

ਗੁਰਮੁਖਿ ਤਾਰੇ ਪਾਰਿ ਉਤਾਰੇ ਨਾਨਕ ਗੁਰਮੁਖਿ ਸਬਦਿ ਨਿਸਤਾਰੇ ੩੧

(ਪੰਨਾ ੯੪੧)

‘ਗੁਰਮੁਖਿ’ ਦੀ ਪਰਮ ਸ਼ਕਤੀਸ਼ਾਲੀ ਅਵਸਥਾ ਦੀ ਮਾਇਆ ਸੇਵਾ ਕਰਦੀ ਹੈ। ਸਾਰਾ ਸੰਸਾਰ ਮਾਇਆ ਦੀ ਗੁਲਾਮੀ ਕਰਦਾ ਹੈ ਪਰੰਤੂ ਮਾਇਆ ‘ਗੁਰਮੁਖਿ’ ਦੀ ਗੁਲਾਮੀ ਕਰਦੀ ਹੈ। ਮਾਇਆ ਦਾ ਵਾਸ ‘ਗੁਰਮੁਖਿ’ ਦੇ ਚਰਨਾਂ ਦੇ ਥੱਲੇ ਹੁੰਦਾ ਹੈ। ਗੁਰਪ੍ਰਸਾਦਿ ਦੀ ਪ੍ਰਾਪਤੀ ਉਪਰੰਤ ਬੰਦਗੀ ਵਿੱਚ ਲੀਨ ਮਨੁੱਖ ਦਾ ਸਿਮਰਨ ਜਦ ਗਹਿਰਾ ਉਤਰ ਜਾਂਦਾ ਹੈ ਤਾਂ ਇੱਕ ਅਵਸਥਾ ਐਸੀ ਆਉਂਦੀ ਹੈ ਜਦ ਮਨੁੱਖ ਦੇ ਸਨਮੁਖ ਰਿੱਧੀਆਂ-ਸਿੱਧੀਆਂ ਪ੍ਰਗਟ ਹੋ ਕੇ ਉਸ ਨੂੰ ਭਰਮਿਤ ਕਰਨ ਦਾ ਯਤਨ ਕਰਦੀਆਂ ਹਨ। ਜੋ ਮਨੁੱਖ ਰਿੱਧੀਆਂ-ਸਿੱਧੀਆਂ ਤੋਂ ਭਰਮਿਤ ਹੋ ਕੇ ਉਨ੍ਹਾਂ ਦੀਆਂ ਚਮਤਕਾਰੀ ਸ਼ਕਤੀਆਂ ਵਿੱਚ ਉਲਝ ਜਾਂਦੇ ਹਨ; ਉਨ੍ਹਾਂ ਦੀ ਬੰਦਗੀ ਨੂੰ ਉਸੇ ਛਿਣ ਤਾਲਾ ਲੱਗ ਜਾਂਦਾ ਹੈ। ਭਾਵ ਜੋ ਮਨੁੱਖ ਰਿੱਧੀਆਂ-ਸਿੱਧੀਆਂ ਦੀਆਂ ਚਮਤਕਾਰੀ ਸ਼ਕਤੀਆਂ ਨੂੰ ਵਰਤਣ ਵਿੱਚ ਉਲਝ ਜਾਂਦੇ ਹਨ ਉਨ੍ਹਾਂ ਮਨੁੱਖਾਂ ਦੀ ਬੰਦਗੀ ਉਸੇ ਛਿਣ ਰੁਕ ਜਾਂਦੀ ਹੈ ਅਤੇ ਅਗਾਂਹ ਵਧਣ ਵਿੱਚ ਅਸਮਰਥ ਹੋ ਜਾਂਦੀ ਹੈ। ਜੋ ਮਨੁੱਖ ਰਿੱਧੀਆਂ-ਸਿੱਧੀਆਂ ਦੀਆਂ ਚਮਤਕਾਰੀ ਸ਼ਕਤੀਆਂ ਤੋਂ ਪ੍ਰਭਾਵਿਤ ਨਹੀਂ ਹੁੰਦੇ ਉਨ੍ਹਾਂ ਮਨੁੱਖਾਂ ਦੀ ਬੰਦਗੀ ਅੱਗੇ ਵਧਣ ਵਿੱਚ ਸਫਲ ਹੋ ਜਾਂਦੀ ਹੈ। ਭਾਵ ਜੋ ਮਨੁੱਖ ਰਿੱਧੀਆਂ-ਸਿੱਧੀਆਂ ਦੀਆਂ ਚਮਤਕਾਰੀ ਸ਼ਕਤੀਆਂ ਨੂੰ ਵਰਤਣ ਤੋਂ ਨਾਂਹ ਕਰ ਦਿੰਦੇ ਹਨ ਉਨ੍ਹਾਂ ਦੀ ਬੰਦਗੀ ਅਗਾਂਹ ਵੱਧ ਜਾਂਦੀ ਹੈ। ਜਦ ਮਨੁੱਖ ਸਿਮਰਨ ਵਿੱਚ ਡੂੰਘਾ ਉਤਰ ਜਾਂਦਾ ਹੈ ਤਾਂ ਪੰਜ ਦੂਤਾਂ ਦਾ ਪ੍ਰਭਾਵ ਮਨੁੱਖ ਉੱਪਰ ਬਹੁਤ ਘੱਟ ਜਾਂਦਾ ਹੈ ਅਤੇ ਉਸ ਦੀ ਤ੍ਰਿਸ਼ਣਾ ਵੀ ਸ਼ਾਂਤ ਹੋ ਜਾਂਦੀ ਹੈ। ਐਸੀ ਅਵਸਥਾ ਵਿੱਚ ਪਹੁੰਚੇ ਹੋਏ ਮਨੁੱਖ ਨੂੰ ਬੰਦਗੀ ਦੇ ਮਾਰਗ ਤੋਂ ਡਿਗਾਉਣ ਲਈ ਮਾਇਆ ਰਿੱਧੀਆਂ-ਸਿੱਧੀਆਂ ਦੇ ਰੂਪ ਵਿੱਚ ਪ੍ਰਗਟ ਹੋ ਕੇ ਮਨੁੱਖ ਨੂੰ ਭਰਮਾਉਣ ਦਾ ਯਤਨ ਕਰਦੀ ਹੈ। ਰਿੱਧੀਆਂ-ਸਿੱਧੀਆਂ ਵੀ ਮਾਇਆ ਦਾ ਹੀ ਰੂਪ ਹਨ। ਸਤਿ ਪਾਰਬ੍ਰਹਮ ਨੇ ਰਿੱਧੀਆਂ-ਸਿੱਧੀਆਂ ਦੀ ਰਚਨਾ ਸੰਸਾਰ ਦੇ ਕਾਰ-ਵਿਹਾਰ ਚਲਾਉਣ ਲਈ ਕੀਤੀ ਹੈ। ਜੋ ਮਨੁੱਖ ਰਿੱਧੀਆਂ-ਸਿੱਧੀਆਂ ਦੀਆਂ ਚਮਤਕਾਰੀ ਸ਼ਕਤੀਆਂ ਨੂੰ ਵਰਤਣ ਲੱਗ ਜਾਂਦੇ ਹਨ ਉਹ ਸਤਿ ਪਰਬ੍ਰਹਮ ਪਰਮੇਸ਼ਰ ਦੇ ਸ਼ਰੀਕ ਬਣਨ ਦਾ ਗੁਨਾਹ ਕਰ ਬੈਠਦੇ ਹਨ। ਇਸ ਲਈ ਐਸੇ ਮਨੁੱਖਾਂ ਦੀ ਬੰਦਗੀ ਨੂੰ ਤਾਲਾ ਲੱਗ ਜਾਂਦਾ ਹੈ ਅਤੇ ਉਨ੍ਹਾਂ ਨੂੰ ਜੀਵਨ ਮੁਕਤੀ ਨਹੀਂ ਮਿਲ ਪਾਉਂਦੀ। ਬਲਕਿ ਰਿੱਧੀਆਂ-ਸਿੱਧੀਆਂ ਨੂੰ ਵਰਤਣ ਦਾ ਗੁਨਾਹ ਕਰਨ ਦੇ ਫਲਸਰੂਪ ਦਰਗਾਹੀ ਹੁਕਮ ਅਨੁਸਾਰ ਲੰਬੇ ਸਮੇਂ ਲਈ ਸਜ਼ਾ ਲੱਗਦੀ ਹੈ। ਇਸ ਲਈ ਗੁਰਮਤਿ ਵਿੱਚ ਰਿੱਧੀਆਂ-ਸਿੱਧੀਆਂ ਦੀਆਂ ਚਮਤਕਾਰੀ ਸ਼ਕਤੀਆਂ ਨੂੰ ਵਰਤਣ ਦੀ ਮਨਾਹੀ ਹੈ। ਬੰਦਗੀ ਦੇ ਮਾਰਗ ਉੱਪਰ ਚਲ ਰਹੇ ਮਨੁੱਖਾਂ ਨੂੰ ਇਹ ਪਰਮ ਸਤਿ ਨੂੰ ਦ੍ਰਿੜ੍ਹ ਕਰ ਲੈਣਾ ਚਾਹੀਦਾ ਹੈ ਕਿ ਕਦੇ ਭੁੱਲ ਕੇ ਵੀ ਰਿੱਧੀਆਂ-ਸਿੱਧੀਆਂ ਤੋਂ ਪ੍ਰਭਾਵਿਤ ਨਾ ਹੋਇਆ ਜਾਵੇ।

ਮਾਇਆ ‘ਗੁਰਮੁਖਿ’ ਦੀ ਗੁਲਾਮ ਹੈ। ਇਸ ਲਈ ਮਾਇਆ ਦੀਆਂ ਸਾਰੀਆਂ ਸ਼ਕਤੀਆਂ ਵੀ ‘ਗੁਰਮੁਖਿ’ ਦੀ ਸੇਵਾ ਕਰਦੀਆਂ ਹਨ। ਰਿੱਧੀਆਂ-ਸਿੱਧੀਆਂ ਮਾਇਆ ਦਾ ਹੀ ਹਿੱਸਾ ਹਨ ਇਸ ਲਈ ਰਿੱਧੀਆਂ-ਸਿੱਧੀਆਂ ਵੀ ‘ਗੁਰਮੁਖਿ’ ਦੀ ਸੇਵਾ ਕਰਦੀਆਂ ਹਨ। ਜਦ ਮਨੁੱਖ ਮਾਇਆ ਨੂੰ ਜਿੱਤ ਕੇ ਗੁਰਮੁਖ ਦੀ ਪੂਰਨ ਅਵਸਥਾ ਵਿੱਚ ਅੱਪੜ ਜਾਂਦਾ ਹੈ ਤਾਂ ਰਿੱਧੀਆਂ-ਸਿੱਧੀਆਂ ਵੀ ਉਸ ਦੇ ਚਰਨਾਂ ਹੇਠ ਆ ਜਾਂਦੀਆਂ ਹਨ। ‘ਗੁਰਮੁਖਿ’ ਦੀ ਪਰਮ ਸ਼ਕਤੀਸ਼ਾਲੀ ਸੰਗਤ ਵਿੱਚ ਜਦ ‘ਗੁਰਮੁਖਿ’ ਸੰਗਤ ਦੀ ਭਲਾਈ ਲਈ ਬਚਨ ਕਰਦਾ ਹੈ ਤਾਂ ਰਿੱਧੀਆਂ-ਸਿੱਧੀਆਂ ਉਸ ਦੇ ਬਚਨਾਂ ਨੂੰ ਹੁਕਮ ਮੰਨ ਕੇ ਉਸ ਦੇ ਬਚਨਾਂ ਨੂੰ ਪੂਰਾ ਕਰਨ ਵਿੱਚ ਜੁੱਟ ਜਾਂਦੀਆ ਹਨ। ਇਸ ਤਰ੍ਹਾਂ ਨਾਲ ਮਾਇਆ ‘ਗੁਰਮੁਖਿ’ ਦੀ ਸੇਵਾ ਕਰਦੀ ਹੈ। (ਸਿੱਧੀਆਂ ਦੀਆਂ ਅੱਠ ਚਮਤਕਾਰੀ ਸ਼ਕਤੀਆਂ ਹਨ: ਅਣਿਮਾ, ਮਹਿਮਾ, ਲਘਿਮਾ, ਗਰਿਮਾ, ਪ੍ਰਾਪਤੀ, ਪ੍ਰਾਕਾਮਯ, ਈਸ਼ਿਤਾ, ਵਸ਼ਿਤਾ। ਅਣਿਮਾ: ਦੂਜੇ ਦਾ ਰੂਪ ਹੋ ਜਾਣਾ। ਮਹਿਮਾ: ਦੇਹ ਨੂੰ ਵੱਡਾ ਕਰ ਲੈਣਾ। ਲਘਿਮਾ: ਸਰੀਰ ਨੂੰ ਛੋਟਾ ਕਰ ਲੈਣਾ। ਗਰਿਮਾ: ਦੇਹੀ ਦਾ ਭਾਰੀ ਹੋ ਜਾਣਾ। ਪ੍ਰਾਪਤੀ: ਮਨ ਇੱਛਤ ਭੋਗ ਹਾਸਲ ਕਰ ਲੈਣ ਦੀ ਸਮਰੱਥਾ। ਪ੍ਰਾਕਾਮਯ: ਹੋਰਨਾਂ ਦੇ ਦਿਲ ਦੀ ਜਾਣ ਲੈਣ ਦੀ ਤਾਕਤ, ਅੰਤਰਜਾਮਤਾ ਦੀ ਪ੍ਰਾਪਤੀ। ਈਸ਼ਿਤਾ: ਆਪਣੀ ਇੱਛਾ ਅਨੁਸਾਰ ਸਭ ਨੂੰ ਪ੍ਰੇਰਨਾ। ਵਸ਼ਿਤਾ: ਸਭ ਨੂੰ ਵੱਸ ਕਰ ਲੈਣਾ।)

ਜਿਸ ਤਰ੍ਹਾਂ ਨਾਲ ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਸ਼ਾਹ ਜੀ ਨੇ ਦੁਨੀਆਂ ਦਾ ਉਧਾਰ ਕੀਤਾ ਅਤੇ ਬੇਅੰਤ ਲੋਕਾਂ ਨੂੰ ਇਸ ਮਾਇਆ ਰੂਪੀ ਭਵਜਲ ਸੰਸਾਰ ਤੋਂ ਪਾਰ ਉਤਾਰਿਆ ਠੀਕ ਉਸੇ ਤਰ੍ਹਾਂ ਨਾਲ ‘ਗੁਰਮੁਖਿ’ ਦੀ ਸੰਗਤ ਵਿੱਚ ਆਉਣ ਵਾਲੇ ਬਹੁਤ ਸਾਰੇ ਲੋਕਾਂ ਦਾ ਇਸ ਭਵਜਲ ਸੰਸਾਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ। ਧੰਨ ਧੰਨ ਸਤਿਗੁਰੂ ਅਵਤਾਰ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਪਰਮ ਸ਼ਕਤੀਸ਼ਾਲੀ ਗੁਰਬਾਣੀ ਅੱਜ ਵੀ ਦੁਨੀਆਂ ਨੂੰ ਤਾਰ ਰਹੀ ਹੈ ਅਤੇ ਰਹਿੰਦੀ ਦੁਨੀਆਂ ਤੱਕ ਤਾਰਦੀ ਰਹੇਗੀ। ਸੰਸਾਰ ਦੇ ਇਤਿਹਾਸ ਵਿੱਚ ਗੁਰਬਾਣੀ ਤੋਂ ਵੱਡਾ ਹੋਰ ਕੋਈ ਪ੍ਰਮਾਣ ਨਹੀਂ ਹੈ ਜੋ ਇਸ ਪਰਮ ਸਤਿ ਦਾ ਸਾਕਸ਼ੀ ਹੈ ਕਿ ਐਸੇ ਸਤਿਗੁਰੂ ਅਵਤਾਰਾਂ ਦੁਆਰਾ ਉਚਾਰਨ ਕੀਤੀ ਗਈ ਗੁਰਬਾਣੀ ਸਦਾ-ਸਦਾ ਲਈ ਦੁਨੀਆਂ ਨੂੰ ਤਾਰਦੀ ਰਹੇਗੀ। ਭਾਵ ਜੋ ਮਨੁੱਖ ਗੁਰਬਾਣੀ ਨੂੰ ਆਪਣੀ ਕਰਨੀ ਵਿੱਚ ਲੈ ਆਉਂਦੇ ਹਨ ਉਹ ਲਾਜ਼ਮੀ ਤੌਰ ‘ਤੇ ‘ਗੁਰਮੁਖਿ’ ਬਣ ਕੇ ਆਪਣਾ ਜਨਮ ਸਫਲ ਕਰ ਲੈਂਦੇ ਹਨ ਅਤੇ ਜੀਵਨ ਮੁਕਤ ਹੋ ਜਾਂਦੇ ਹਨ।

‘ਗੁਰਮੁਖਿ’ ਨੂੰ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ‘ਗੁਰਮੁਖਿ’ ਨੂੰ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ‘ਗੁਰਮੁਖਿ’ ਨੂੰ ਤੱਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ‘ਗੁਰਮੁਖਿ’ ਨੂੰ ਚੰਗੇ-ਮਾੜੇ ਦੀ ਪਹਿਚਾਣ ਹੁੰਦੀ ਹੈ। ਗੁਣ ਅਤੇ ਅਵਗੁਣ ਦੀ ਪਹਿਚਾਣ ਹੁੰਦੀ ਹੈ। ਕੂੜ ਅਤੇ ਸਤਿ ਦੀ ਪਹਿਚਾਣ ਹੁੰਦੀ ਹੈ। ਝੂਠ ਅਤੇ ਸਤਿ ਦੀ ਪਹਿਚਾਣ ਹੁੰਦੀ ਹੈ। ਮਨੁੱਖ ਦੀ ਰੂਹਾਨੀ ਤਰੱਕੀ ਲਈ ਕਿਹੜੀ ਵਸਤੂ ਗ੍ਰਹਿਣ ਕਰਨੀ ਚਾਹੀਦੀ ਹੈ ਅਤੇ ਕਿਹੜੀ ਵਸਤੂ ਦਾ ਤਿਆਗ ਕਰਨਾ ਚਾਹੀਦਾ ਹੈ, ਇਸ ਸਤਿ ਦਾ ਗਿਆਨ ‘ਗੁਰਮੁਖਿ’ ਨੂੰ ਹੁੰਦਾ ਹੈ। ‘ਗੁਰਮੁਖਿ’ ਨੂੰ ਸਾਰੀਆਂ ਵਿਨਾਸ਼ਕਾਰੀ ਸ਼ਕਤੀਆਂ ਅਤੇ ਸਤਿਗੁਣੀ ਪਰਮ ਸ਼ਕਤੀਆਂ ਦਾ ਪੂਰਨ ਗਿਆਨ ਹੁੰਦਾ ਹੈ। ਇਸ ਲਈ ‘ਗੁਰਮੁਖਿ’ ਪੂਰਨ ਬ੍ਰਹਮ ਗਿਆਨ ਅਤੇ ਤੱਤ ਗਿਆਨ ਦੀਆਂ ਪਰਮ ਸ਼ਕਤੀਆਂ ਦੇ ਆਧਾਰ ‘ਤੇ ਗੁਰਬਾਣੀ ਗੁਰਸ਼ਬਦ ਦੇ ਵਿੱਚ ਪ੍ਰਗਟ ਕੀਤੇ ਗਏ ਸਾਰੇ ਦਰਗਾਹੀ ਹੁਕਮਾਂ ਦਾ ਸਾਰ ਤੱਤ ਜਾਣਦਾ ਹੈ। ‘ਗੁਰਮੁਖਿ’ ਗੁਰਬਾਣੀ ਵਿੱਚ ਸਥਿਤ ਸਾਰੇ ਪਰਮ ਸਤਿ ਦੇ ਤੱਤਾਂ, ਗਿਆਨ ਰੂਪੀ ਪਰਮ ਸ਼ਕਤੀਸ਼ਾਲੀ ਹੀਰਿਆਂ ਅਤੇ ਅਨਮੋਲ ਰਤਨਾਂ ਦੇ ਗੁਰਪ੍ਰਸਾਦਿ ਦਾ ਧਾਰਨੀ ਹੁੰਦਾ ਹੈ। ਇਸ ਲਈ ‘ਗੁਰਮੁਖਿ’ ਸੰਗਤ ਨੂੰ ਪੂਰਨ ਬ੍ਰਹਮ ਗਿਆਨ ਦੇ ਇਸ ਅਨਮੋਲ ਖਜ਼ਾਨੇ ਨਾਲ ਅਵਗਤ ਕਰਵਾਉਣ ਦੀ ਸਮਰੱਥਾ ਰੱਖਦਾ ਹੈ। ਗੁਰਬਾਣੀ ਪੂਰਨ ਸਤਿ ਦੀ ਪਰਮ ਸ਼ਕਤੀਸ਼ਾਲੀ ਤੱਕੜੀ ਹੈ। ‘ਗੁਰਮੁਖਿ’ ਸੰਗਤ ਨੂੰ ਪੂਰਨ ਸਤਿ ਦੀ ਇਸ ਤੱਕੜੀ (ਗੁਰਬਾਣੀ) ਉੱਪਰ ਖਰਾ ਉਤਰਨ ਦਾ (ਰੋਜ਼ਾਨਾ ਦੀ ਕਰਨੀ ਵਿਚ) ਉਪਦੇਸ਼ ਦਿੰਦਾ ਹੈ ਅਤੇ ਸੰਗਤ ਦਾ ਜੀਵਨ ਸਾਰਥਕ ਕਰਦਾ ਹੈ। ਗੁਰਬਾਣੀ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਦਾ ਵਖਾਣ ਕਰ ਕੇ ਸੰਗਤ ਨੂੰ ਗੁਰਬਾਣੀ ਅਨੁਸਾਰ ਜੀਵਨ ਢਾਲਨ ਦਾ ਉਪਦੇਸ਼ ਦਿੰਦਾ ਹੈ ਅਤੇ ਸੰਗਤ ਦਾ ਮਨੁੱਖਾ ਜਨਮ ਸਫਲ ਕਰਨ ਵਿੱਚ ਸਹਾਈ ਹੁੰਦਾ ਹੈ।

ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ

ਪੂਰਨ ਬ੍ਰਹਮ ਗਿਆਨ ਦੇ ਇਨ੍ਹਾਂ ਬਚਨਾਂ ਵਿੱਚ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ‘ਗੁਰਮੁਖਿ’ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਸਾਰੀ ਲੋਕਾਈ ਦੀ ਝੋਲੀ ਵਿੱਚ ਪਾ ਰਹੇ ਹਨ। ਸਾਰੀ ਲੋਕਾਈ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪੂਰਨ ਬ੍ਰਹਮ ਗਿਆਨ ਦੇ ਇਹ ਪਰਮ ਸ਼ਕਤੀਸ਼ਾਲੀ ਮੋਤੀ ਅਤੇ ਰਤਨ ਆਪਣੇ ਹਿਰਦੇ ਵਿੱਚ ਜੜਾ ਕੇ ਇਸ ਹਿਰਦੇ ਨੂੰ ਇਨ੍ਹਾਂ ਪਰਮ ਗੁਣਾਂ ਅਤੇ ਇਨ੍ਹਾਂ ਪਰਮ ਸ਼ਕਤੀਆਂ ਨਾਲ ਭਰਪੂਰ ਕਰ ਲਵੋ ਜੀ। ਐਸਾ ਕਰਨ ਨਾਲ ਇਹ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਆ ਜਾਵੇਗਾ ਅਤੇ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਇਸ ਵਿੱਚ ਪ੍ਰਗਟ ਕਰ ਲਵੇਗਾ ਜੀ। ਇਨ੍ਹਾਂ ਬ੍ਰਹਮ ਸ਼ਬਦਾਂ ਵਿੱਚ ਬੜੇ ਹੀ ਡੂੰਘੇ ਭਾਵ ਨਾਲ ਇੱਕ ਗੁਰਮੁਖ ਰੂਹ ਦੀ ਮਹਿਮਾ ਗਾਈ ਹੈ। ਇਹ ਸ਼ਬਦ ਗੁਰਮੁਖ ਰੂਹ ਦੀ ਬਹੁਤ ਹੀ ਉੱਚ ਰੂਹਾਨੀ ਦਸ਼ਾ ਨੂੰ ਦਰਸਾ ਰਹੇ ਹਨ। “ਗੁਰਮੁਖਿ ਨਾਦੰ” ਤੋਂ ਭਾਵ ਹੈ ਗੁਰਮੁਖ ਐਸੀ ਰੂਹ ਹੈ ਜਿਹੜੀ ਨਾਮ ਦੇ ਸੰਗੀਤ ਵਿੱਚ ਡੁੱਬੀ ਰਹਿੰਦੀ ਹੈ। ਉਹ ਨਾਮ ਦੇ ਅਨਾਦਿ ਸੰਗੀਤ ਨਾਲ ਜੁੜਿਆ ਰਹਿੰਦਾ ਹੈ। ਪੰਚ ਸ਼ਬਦ ਅਨਹਦ ਨਾਦਿ ਦੀ ਧੁਨੀ ਉਸ ਦੀ ਜ਼ਿੰਦਗੀ ਦਾ ਸਦਾ-ਸਦਾ ਲਈ ਹਿੱਸਾ ਬਣ ਜਾਂਦੀ ਹੈ। ਉਹ ਆਪ ਦਸਮ ਦੁਆਰ ਵਿੱਚ ਇਸ ਬ੍ਰਹਮ ਸੰਗੀਤ ਨੂੰ ਨਿਰੰਤਰ ਸੁਣਦਾ ਰਹਿੰਦਾ ਹੈ। ਜਦ ਨਾਮ ਦਸਮ ਦੁਆਰ ਵਿੱਚ ਪ੍ਰਕਾਸ਼ਮਾਨ ਹੋ ਜਾਂਦਾ ਹੈ ਤਾਂ ਦਸਮ ਦੁਆਰ ਖੁੱਲ੍ਹ ਜਾਂਦਾ ਹੈ ਅਤੇ ਅਨਹਦ ਨਾਦ ਦੀ ਬਖ਼ਸ਼ਿਸ਼ ਪ੍ਰਾਪਤ ਹੋ ਜਾਂਦੀ ਹੈ —

ਅਨਹਦ ਸਬਦੁ ਦਸਮ ਦੁਆਰਿ ਵਜਿਓ ਤਹ ਅੰਮ੍ਰਿਤ ਨਾਮੁ ਚੁਆਇਆ ਥਾ

ਅਨਹਦ ਨਾਦ ਸੰਗੀਤ ਅੰਮ੍ਰਿਤ ਦਾ ਸਦਾ-ਸਦਾ ਲਦੀ ਝਰਦਾ ਝਰਨਾ ਹੈ। ਦਸਮ ਦੁਆਰ ਦੇ ਖ਼ੁਲ੍ਹ ਜਾਣ ਨਾਲ ਅਕਾਲ ਪੁਰਖ ਨਾਲ ਪ੍ਰਤੱਖ ਸੰਬੰਧ ਕਾਇਮ ਹੋ ਜਾਂਦਾ ਹੈ ਅਤੇ ਨਿਰੰਤਰ ਅੰਮ੍ਰਿਤ ਦੀ ਬਰਖਾ ਹੋਣੀ ਸ਼ੁਰੂ ਹੋ ਜਾਂਦੀ ਹੈ। ਸਾਰੀ ਦੇਹੀ ਅੰਮ੍ਰਿਤ ਨਾਲ ਭਰਪੂਰ ਜੋ ਜਾਂਦੀ ਹੈ। ਸਾਰੀ ਦੇਹੀ ਵਿੱਚੋਂ ਨਾਮ ਦੀ ਧੜਕਣ ਸੁਣਨ ਲਗ ਪੈਂਦੀ ਹੈ। ਰੋਮ-ਰੋਮ ਨਾਮ ਸਿਮਰਨ ਵਿੱਚ ਚਲਾ ਜਾਂਦਾ ਹੈ।

ਦਸਮ ਦੁਆਰ ਐਸੀ ਜਗ੍ਹਾ ਹੈ ਜਿਥੇ ਪਰਮ ਜੋਤ ਗੁਰਮੁਖ ਦੀ ਰੂਹ ਵਿੱਚ ਰਹਿੰਦੀ ਹੈ –

ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ

(ਪੰਨਾ ੯੭੪)

ਅਨਹਦ ਨਾਦਿ ਸੱਚਾ ਅਤੇ ਅਸਲ ਦਰਗਾਹੀ ਸੰਗੀਤ ਹੈ ਜੋ ਦਸਮ ਦੁਆਰ ਵਿੱਚ ਨਿਰੰਤਰ ਗੂੰਜਦਾ ਹੈ। ਇਹ ਕਈ ਸੰਗੀਤਕ ਸਾਜ਼ਾਂ ਦੇ ਸੁਮੇਲ ਦੀ ਆਵਾਜ਼ ਵਾਂਗ ਹੈ। ਕਈ ਗੁਰਮੁਖਾਂ ਲਈ ਇਹ ਗੁਰਬਾਣੀ ਦਾ ਵੀ ਰੂਪ ਧਾਰਨ ਕਰ ਲੈਂਦੀ ਹੈ ਅਤੇ ਇਸ ਤਰੀਕੇ ਨਾਲ ਗੁਰੂਆਂ ਅਤੇ ਭਗਤਾਂ ਨੇ ਗੁਰਬਾਣੀ ਪ੍ਰਾਪਤ ਕੀਤੀ। ਇਹ ਅਕਾਲ ਪੁਰਖ ਪਰਮ ਜੋਤ ਨਾਲ ਗੁਰਮੁਖ ਦਾ ਸਿੱਧਾ ਸੰਗੀਤਕ ਸੰਬੰਧ ਹੈ। ਇਹ ਅਵਸਥਾ ਕੇਵਲ ਦਸਮ ਦੁਆਰ ਖੁੱਲ੍ਹਣ ਨਾਲ ਆਉਂਦੀ ਹੈ। ਜਦ ਦਸਮ ਦੁਆਰ ਖੁੱਲ੍ਹਦਾ ਹੈ ਤਾਂ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਹੁੰਦੇ ਹਨ। ਸਰਗੁਣ ਸਰੂਪ ਵਿੱਚ ਨਿਰਗੁਣ ਦੇ ਦਰਸ਼ਨ ਹੁੰਦੇ ਹਨ। ਸਤਿ ਪਾਰਬ੍ਰਹਮ ਪਿਤਾ ਦੇ ਦਰਸ਼ਨਾਂ ਦੇ ਨਾਲ ਹੀ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨਾਂ ਨਾਲ ਹੀ ਪੂਰਨ ਤੱਤ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨਾਂ ਨਾਲ ਹੀ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ ਅਤੇ “ਗੁਰਮੁਖ ਵੇਦੰ” ਹੋ ਜਾਂਦਾ ਹੈ। “ਗੁਰਮੁਖ ਵੇਦੰ” ਤੋਂ ਭਾਵ ਹੈ ਕਿ ਪੂਰਨ ਬ੍ਰਹਮ ਗਿਆਨ ਐਸੀ ਗੁਰਮੁਖ ਰੂਹ ਵਿੱਚੋਂ ਰਿਸਣਾ ਸ਼ੁਰੂ ਹੋ ਜਾਂਦਾ ਹੈ। ਜੋ ਵੀ ਗੁਰਮੁਖ ਕਹਿੰਦਾ ਹੈ ਜਾਂ ਦੱਸਦਾ ਹੈ; ਪੂਰਨ ਹੁਕਮ ਅਤੇ ਬ੍ਰਹਮ ਗਿਆਨ ਹੁੰਦਾ ਹੈ। ਉਹ ਬ੍ਰਹਮ ਗਿਆਨ ਦਾ ਜੀਵਤ ਜਾਗਤ ਗ੍ਰੰਥ ਬਣ ਜਾਂਦਾ ਹੈ। ਐਸੀ ਰੂਹਾਨੀ ਅਵਸਥਾ ਵਿੱਚ ਉਹ ਪੂਰਨ ਸਚਿਆਰਾ ਬਣ ਜਾਂਦਾ ਹੈ ਅਤੇ ਸਤਿ ਦੀ ਸੇਵਾ ਸ਼ੁਰੂ ਕਰ ਦਿੰਦਾ ਹੈ। ਉਹ ਸਤਿ ਵਿੱਚ ਲੀਨ ਹੋ ਜਾਂਦਾ ਹੈ ਅਤੇ ਤਦ ਜੋ ਵਾਪਰਦਾ ਹੈ ਉਹ ਹੈ “ਗੁਰਮੁਖਿ ਰਹਿਆ ਸਮਾਇ“। ਇਸਦਾ ਭਾਵ ਹੈ ਕਿ ਉਹ ਪੂਰੀ ਤਰ੍ਹਾਂ ਅਕਾਲ ਪੁਰਖ ਵਿੱਚ ਲੀਨ ਹੋ ਜਾਂਦਾ ਹੈ। ਉਹ ਅਕਾਲ ਪੁਰਖ ਨਾਲ ਇੱਕ ਮਿੱਕ ਹੋ ਜਾਂਦਾ ਹੈ ਅਤੇ ਇਹ ਸਭ ਕੁਝ ਸੱਚ ਖੰਡ ਵਿੱਚ ਵਾਪਰਦਾ ਹੈ। ਐਸੀ ਉੱਚ ਰੂਹਾਨੀ ਅਵਸਥਾ ਵਿੱਚ ਉਹ ਇੱਕ ਪੂਰਨ ਸੰਤ, ਇੱਕ ਪੂਰਨ ਬ੍ਰਹਮ ਗਿਆਨੀ ਅਤੇ ਪ੍ਰਗਟਿਓ ਜੋਤ ਬਣ ਜਾਂਦਾ ਹੈ। ਪਰ ਮਨ ਵਿੱਚ ਕੇਵਲ ਇਹ ਵਿਚਾਰ ਦ੍ਰਿੜ੍ਹ ਕਰ ਰੱਖੋ ਕਿ ਐਸਾ ਵਿਅਕਤੀ ਗੁਰਮੁਖ ਬਣਦਾ ਹੈ ਜੋ ਪੂਰੀ ਤਰ੍ਹਾਂ ਆਪਣਾ ਆਪਾ ਗੁਰੂ ਅੱਗੇ ਸਮਰਪਣ ਕਰ ਦਿੰਦਾ ਹੈ। ਕੇਵਲ ਉਹ ਮਨੁੱਖ ਹੀ ਜੋ ਗੁਰੂ ਦੇ ਚਰਨਾਂ ‘ਤੇ ਆਪਣਾ ਸੰਪੂਰਨ ਸਮਰਪਣ ਕਰਦੇ ਹਨ ਕੇਵਲ ਉਹ ਹੀ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਦੇ ਹਨ ਅਤੇ ਗੁਰ ਪ੍ਰਸਦਿ ਦੀ ਸੇਵਾ ਸੰਭਾਲਤਾ ਕਰਦੇ ਹੋਏ ਗੁਰਮੁਖ ਅਵਸਥਾ ਨੂੰ ਪ੍ਰਾਪਤ ਹੁੰਦੇ ਹਨ। bookmark

ਗੁਰਮੁਖਿ ਅਵਸਥਾ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਦੇ ਬਾਰੇ ਗੁਰਬਾਣੀ ਵਿੱਚ ਪ੍ਰਗਟ ਕੀਤੇ ਗਏ ਕੁਝ ਸਲੋਕਾਂ ਉੱਪਰ ਵਿਚਾਰ ਕੀਤੀ ਗਈ ਹੈ। ‘ਗੁਰਮੁਖਿ’ ਦੀ ਮਹਿਮਾ ਤਾਂ ਬੇਅੰਤ ਹੈ। ਉੱਪਰ ਕੀਤੀ ਗਈ ਵਿਚਾਰ ਵਿੱਚ ‘ਗੁਰਮੁਖਿ’ ਦੀ ਮਹਿਮਾ ਦੀ ਇੱਕ ਝਲਕ ਮਾਤਰ ਦੱਸਣ ਦਾ ਯਤਨ ਕੀਤਾ ਗਿਆ ਹੈ। ਗੁਰਬਾਣੀ ਵਿੱਚ ਹੋਰ ਬਹੁਤ ਸਲੋਕ ਹਨ ਜਿਨ੍ਹਾਂ ਵਿੱਚ ‘ਗੁਰਮੁਖਿ’ ਦੀ ਪਰਮ ਸ਼ਕਤੀਸ਼ਾਲੀ ਮਹਿਮਾ ਨੂੰ ਪ੍ਰਗਟ ਕੀਤਾ ਗਿਆ ਹੈ। ਇਨ੍ਹਾਂ ਸਲੋਕਾਂ ਵਿੱਚੋਂ ਕੁਝ ਸਲੋਕ ਹਨ:

ਗੁਰਮੁਖਿ ਸਾਸਤ੍ਰ ਸਿਮ੍ਰਿਤਿ ਬੇਦ ਗੁਰਮੁਖਿ ਪਾਵੈ ਘਟਿ ਘਟਿ ਭੇਦ

ਗੁਰਮੁਖਿ ਵੈਰ ਵਿਰੋਧ ਗਵਾਵੈ ਗੁਰਮੁਖਿ ਸਗਲੀ ਗਣਤ ਮਿਟਾਵੈ

ਗੁਰਮੁਖਿ ਰਾਮ ਨਾਮ ਰੰਗਿ ਰਾਤਾ ਨਾਨਕ ਗੁਰਮੁਖਿ ਖਸਮੁ ਪਛਾਤਾ ੩੭

(ਪੰਨਾ ੯੪੨)

ਗੁਰਮੁਖਿ ਰਤਨੁ ਲਹੈ ਲਿਵ ਲਾਇ ਗੁਰਮੁਖਿ ਪਰਖੈ ਰਤਨੁ ਸੁਭਾਇ

ਗੁਰਮੁਖਿ ਸਾਚੀ ਕਾਰ ਕਮਾਇ ਗੁਰਮੁਖਿ ਸਾਚੇ ਮਨੁ ਪਤੀਆਇ

ਗੁਰਮੁਖਿ ਅਲਖੁ ਲਖਾਏ ਤਿਸੁ ਭਾਵੈ ਨਾਨਕ ਗੁਰਮੁਖਿ ਚੋਟ ਨ ਖਾਵੈ ੩੫

(ਪੰਨਾ ੯੪੨)

ਗੁਰਮੁਖਿ ਚੂਕੈ ਆਵਣ ਜਾਣੁ ਗੁਰਮੁਖਿ ਦਰਗਹ ਪਾਵੈ ਮਾਣੁ

ਗੁਰਮੁਖਿ ਖੋਟੇ ਖਰੇ ਪਛਾਣੁ ਗੁਰਮੁਖਿ ਲਾਗੈ ਸਹਜਿ ਧਿਆਨੁ

ਗੁਰਮੁਖਿ ਦਰਗਹ ਸਿਫਤਿ ਸਮਾਇ ਨਾਨਕ ਗੁਰਮੁਖਿ ਬੰਧੁ ਨ ਪਾਇ ੪੧

(ਪੰਨਾ ੯੪੨)

ਗੁਰਮੁਖਿ ਨਾਮੁ ਨਿਰੰਜਨ ਪਾਏ ਗੁਰਮੁਖਿ ਹਉਮੈ ਸਬਦਿ ਜਲਾਏ

ਗੁਰਮੁਖਿ ਸਾਚੇ ਕੇ ਗੁਣ ਗਾਏ ਗੁਰਮੁਖਿ ਸਾਚੈ ਰਹੈ ਸਮਾਏ

ਗੁਰਮੁਖਿ ਸਾਚਿ ਨਾਮਿ ਪਤਿ ਊਤਮ ਹੋਇ ਨਾਨਕ ਗੁਰਮੁਖਿ ਸਗਲ ਭਵਣ ਕੀ ਸੋਝੀ ਹੋਇ ੪੨

(ਪੰਨਾ ੯੪੨)

ਗੁਰਮੁਖਿ ਸਾਚੁ ਸਬਦੁ ਬੀਚਾਰੈ ਕੋਇ ਗੁਰਮੁਖਿ ਸਚੁ ਬਾਣੀ ਪਰਗਟੁ ਹੋਇ

ਗੁਰਮੁਖਿ ਮਨੁ ਭੀਜੈ ਵਿਰਲਾ ਬੂਝੈ ਕੋਇ ਗੁਰਮੁਖਿ ਨਿਜ ਘਰਿ ਵਾਸਾ ਹੋਇ

ਗੁਰਮੁਖਿ ਜੋਗੀ ਜੁਗਤਿ ਪਛਾਣੈ ਗੁਰਮੁਖਿ ਨਾਨਕ ਏਕੋ ਜਾਣੈ ੬੯

(ਪੰਨਾ ੯੪੬)

ਗੁਰਮੁਖਿ ਮਨੁ ਜੀਤਾ ਹਉਮੈ ਮਾਰਿ ਗੁਰਮੁਖਿ ਸਾਚੁ ਰਖਿਆ ਉਰ ਧਾਰਿ

ਗੁਰਮੁਖਿ ਜਗੁ ਜੀਤਾ ਜਮਕਾਲੁ ਮਾਰਿ ਬਿਦਾਰਿ ਗੁਰਮੁਖਿ ਦਰਗਹ ਨ ਆਵੈ ਹਾਰਿ

ਗੁਰਮੁਖਿ ਮੇਲਿ ਮਿਲਾਏ ਸੁ ਜਾਣੈ ਨਾਨਕ ਗੁਰਮੁਖਿ ਸਬਦਿ ਪਛਾਣੈ ੭੧

(ਪੰਨਾ ੯੪੬)

ਗੁਰਮੁਖਿ ਸਾਚੈ ਕੀਆ ਅਕਾਰਾ ਗੁਰਮੁਖਿ ਪਸਰਿਆ ਸਭੁ ਪਾਸਾਰਾ

ਗੁਰਮੁਖਿ ਹੋਵੈ ਸੋ ਸਚੁ ਬੂਝੈ ਸਬਦਿ ਸਚੈ ਸੁਖੁ ਤਾਹਾ ਹੇ

ਗੁਰਮੁਖਿ ਜਾਤਾ ਕਰਮਿ ਬਿਧਾਤਾ ਜੁਗ ਚਾਰੇ ਗੁਰ ਸਬਦਿ ਪਛਾਤਾ

ਗੁਰਮੁਖਿ ਮਰੈ ਨ ਜਨਮੈ ਗੁਰਮੁਖਿ ਗੁਰਮੁਖਿ ਸਬਦਿ ਸਮਾਹਾ ਹੇ ੧੦

ਗੁਰਮੁਖਿ ਨਾਮਿ ਸਬਦਿ ਸਾਲਾਹੇ ਅਗਮ ਅਗੋਚਰ ਵੇਪਰਵਾਹੇ

ਏਕ ਨਾਮਿ ਜੁਗ ਚਾਰਿ ਉਧਾਰੇ ਸਬਦੇ ਨਾਮ ਵਿਸਾਹਾ ਹੇ ੧੧

ਗੁਰਮੁਖਿ ਸਾਂਤਿ ਸਦਾ ਸੁਖੁ ਪਾਏ ਗੁਰਮੁਖਿ ਹਿਰਦੈ ਨਾਮੁ ਵਸਾਏ

ਗੁਰਮੁਖਿ ਹੋਵੈ ਸੋ ਨਾਮੁ ਬੂਝੈ ਕਾਟੇ ਦੁਰਮਤਿ ਫਾਹਾ ਹੇ ੧੨

(ਪੰਨਾ ੧੦੫੪-੧੦੫੫)

ਇਨ੍ਹਾਂ ਸਲੋਕਾਂ ਦਾ ਸਾਰ ਭਾਵ ਇਹ ਹੀ ਹੈ ਕਿ ‘ਗੁਰਮੁਖਿ’ ਪੂਰਨ ਸੰਤ ਸਤਿਗੁਰੂ ਹੈ। ‘ਗੁਰਮੁਖਿ’ ਪੂਰਨ ਖਾਲਸਾ ਹੈ। ‘ਗੁਰਮੁਖਿ’ ਪੂਰਨ ਬ੍ਰਹਮ ਗਿਆਨੀ ਹੈ। ‘ਗੁਰਮੁਖਿ’ ਸਦਾ ਸੁਹਾਗਣ ਹੈ। ‘ਗੁਰਮੁਖਿ’ ਪਰਮ ਪਦਵੀ ਨੂੰ ਪ੍ਰਾਪਤ ਹੈ। ‘ਗੁਰਮੁਖਿ’ ਨਿਰਭਉ ਹੈ। ‘ਗੁਰਮੁਖਿ’ ਨਿਰਵੈਰ ਹੈ। ‘ਗੁਰਮੁਖਿ’ ਇੱਕ ਦ੍ਰਿਸ਼ਟ ਹੈ। ‘ਗੁਰਮੁਖਿ’ ਨੇ ਮਾਇਆ ਨੂੰ ਜਿੱਤਿਆ ਹੁੰਦਾ ਹੈ। ‘ਗੁਰਮੁਖਿ’ ਨੇ ਮਨ ਨੂੰ ਜਿੱਤਿਆ ਹੁੰਦਾ ਹੈ। ‘ਗੁਰਮੁਖਿ’ ਦੇ ਹਿਰਦੇ ਵਿੱਚ ਪਰਮ ਜੋਤ ਦਾ ਪੂਰਨ ਪ੍ਰਕਾਸ਼ ਹੈ। ‘ਗੁਰਮੁਖਿ’ ਦੇ ਰੋਮ-ਰੋਮ ਵਿੱਚ ਸਤਿਨਾਮ ਦਾ ਪ੍ਰਕਾਸ਼ ਹੈ। ‘ਗੁਰਮੁਖਿ’ ਦੇ ਸਾਰੇ ਬਜਰ ਕਪਾਟ ਖੁੱਲ੍ਹ ਜਾਂਦੇ ਹਨ। ‘ਗੁਰਮੁਖਿ’ ਦਾ ਦਸਮ ਦੁਆਰ ਖੁੱਲ੍ਹਾ ਹੁੰਦਾ ਹੈ। ‘ਗੁਰਮੁਖਿ’ ਦੇ ਸਤਿ ਸਰੋਵਰ ਪ੍ਰਕਾਸ਼ਮਾਨ ਹੈ। ‘ਗੁਰਮੁਖਿ’ ਦਸਮ ਦੁਆਰ ਵਿੱਚ ਨਿਰੰਤਰ ਅਨਹਦ ਸ਼ਬਦ ਸੁਣਦਾ ਹੈ। ‘ਗੁਰਮੁਖਿ’ ਦੇ ਹਿਰਦੇ ਵਿੱਚ ਸਾਰੇ ਸਤੋ ਗੁਣਾਂ ਦਾ ਪ੍ਰਕਾਸ਼ ਹੈ। ‘ਗੁਰਮੁਖਿ’ ਦੀ ਸਾਰੀ ਕਰਨੀ ਸਤਿ ਦੀ ਕਰਨੀ ਹੈ ਅਤੇ ਪੂਰਨ ਹੁਕਮ ਵਿੱਚ ਹੈ। ‘ਗੁਰਮੁਖਿ’ ਨੂੰ ਅਕਾਲ ਪੁਰਖ ਦੇ ਦਰਸ਼ਨ ਪ੍ਰਾਪਤ ਹਨ। ‘ਗੁਰਮੁਖਿ’ ਨੂੰ ‘ਪਵਿਤੁ’ ਅਵਸਥਾ ਪ੍ਰਾਪਤ ਹੈ। ‘ਗੁਰਮੁਖਿ’ ਨੂੰ ਦਰਗਾਹ ਤੋਂ ਸੇਵਾ ਕਰਨ ਦਾ ਹੁਕਮ ਪ੍ਰਾਪਤ ਹੈ। ‘ਗੁਰਮੁਖਿ’ ਮੁਕਤ ਜੁਗਤ ਜੀਅ ਦਾ ਦਾਤਾ ਹੈ। ‘ਗੁਰਮੁਖਿ’ ਅੰਮ੍ਰਿਤ ਦਾ ਦਾਤਾ ਹੈ। ‘ਗੁਰਮੁਖਿ’ ਗੁਰਪ੍ਰਸਾਦਿ ਦਾ ਦਾਤਾ ਹੈ। ‘ਗੁਰਮੁਖਿ’ ਜੀਵਨ ਮੁਕਤੀ ਦਾ ਦਾਤਾ ਹੈ। ‘ਗੁਰਮੁਖਿ’ ਆਪ ਤਾਂ ਤਰਦਾ ਹੀ ਹੈ ਆਪਣੇ ਨਾਲ ਆਪਣਾ ਸਾਰਾ ਪਿਛਲੇ ਜਨਮਾਂ ਦਾ ਵਿਛੜਿਆ ਹੋਇਆ ਪਰਿਵਾਰ ਵੀ ਤਾਰਦਾ ਹੈ। ਆਪਣੀ ਕੁਲ ਨੂੰ ਵੀ ਤਾਰਦਾ ਹੈ ਅਤੇ ਆਉਣ ਵਾਲੀਆਂ ੨੧ ਕੁਲਾਂ ਨੂੰ ਵੀ ਤਾਰਦਾ ਹੈ। ‘ਗੁਰਮੁਖਿ’ ਦੀ ਸੰਗਤ ਸਤਿਨਾਮ ਦਾ ਪਰਿਵਾਰ ਹੈ। ‘ਗੁਰਮੁਖਿ’ ਦੀ ਸੰਗਤ ਕਰਨ ਵਾਲੇ ਮਨੁੱਖ ਜੋ ‘ਗੁਰਮੁਖਿ’ ਦੇ ਸਤਿ ਚਰਨਾਂ ‘ਤੇ ਪੂਰਨ ਸਮਰਪਣ ਕਰਦੇ ਹਨ ਉਹ ਵੀ ‘ਪਵਿਤੁ’ ਹੋ ਜਾਂਦੇ ਹਨ। ‘ਗੁਰਮੁਖਿ’ ਦੇ ਸਤਿ ਬਚਨਾਂ ਨੂੰ ਸੁਣਨ ਅਤੇ ਕਮਾਉਣ ਵਾਲੇ ਵੀ ‘ਪਵਿਤੁ’ ਹੋ ਜਾਂਦੇ ਹਨ। ‘ਗੁਰਮੁਖਿ’ ਦੀ ਚਰਨ-ਸ਼ਰਨ ਵਿੱਚ ਆ ਕੇ ਜੋ ਮਨੁੱਖ ਸਤਿ ਪਾਰਬ੍ਰਹਮ ਪਰਮੇਸ਼ਰ ਨੂੰ ਧਿਆਉਂਦੇ ਹਨ ਉਹ ਵੀ ‘ਪਵਿਤੁ’ ਹੋ ਜਾਂਦੇ ਹਨ। ਇਸ ਲਈ ਸਾਰੀ ਸੰਗਤ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ ਕਿ ਸਤਿ ਦੀ ਕਰਨੀ ਦੇ ਧਾਰਨੀ ਬਣੋ ਤਾਂ ਜੋ ‘ਗੁਰਮੁਖਿ’ ਦੀ ਸੰਗਤ ਪ੍ਰਾਪਤ ਹੋ ਸਕੇ ਅਤੇ ਇਹ ਮਨੁੱਖਾ ਜਨਮ ਸਫਲ ਹੋ ਸਕੇ।