ਜਪੁਜੀ ਪਉੜੀ ੨੯

 

ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ ॥

 ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ॥

 ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ॥

 ਆਦੇਸੁ ਤਿਸੈ ਆਦੇਸੁ ॥

 ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੯॥

 

            ਅਗਿਆਨਤਾ ਦੇ ਕਾਰਨ ਹੀ ਸਿੱਧਾਂ ਨੂੰ ਜੀਵਨ ਮੁਕਤੀ ਨਹੀਂ ਸੀ ਪ੍ਰਾਪਤ ਹੋ ਸਕੀ। ਜੋਗ ਅਭਿਆਸ ਦੇ ਬੱਲ ਤੇ ਉਨ੍ਹਾਂ ਨੇ ਆਪਣੀਆਂ ਉਮਰਾਂ ਤਾਂ ਲੰਬੀਆਂ ਕਰਕੇ ਅਤੇ ਸਿੱਧੀਆਂ ਦੀ ਪ੍ਰਾਪਤੀ ਤਾਂ ਕਰ ਲਈ ਸੀ ਪਰੰਤੂ ਅਗਿਆਨਤਾ ਦੇ ਕਾਰਨ ਉਹ ਸਿੱਧੀਆਂ ਵਿੱਚ ਉਲਝ ਕੇ ਰਹਿ ਗਏ ਸਨ ਅਤੇ ਇਸ ਤਰ੍ਹਾਂ ਉਨ੍ਹਾਂ ਦੀ ਬੰਦਗੀ ਉੱਪਰ ਤਾਲਾ ਲੱਗ ਗਿਆ ਸੀ ਅਤੇ ਉਹ ਜੀਵਨ ਮੁਕਤੀ ਨਹੀਂ ਪ੍ਰਾਪਤ ਕਰ ਸਕੇ ਸਨ। ਅਗਿਆਨਤਾ ਹੀ ਮਨੁੱਖ ਦਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲੋਂ ਵਿਛੋੜੇ ਦਾ ਕਾਰਨ ਹੈ। ਅਗਿਆਨਤਾ ਹੀ ਮਨੁੱਖ ਦੇ ਜਨਮ ਮਰਣ ਦੇ ਬੰਧਨਾਂ ਵਿੱਚ ਭਟਕਣ ਦਾ ਕਾਰਨ ਹੈ।

            ਅਗਿਆਨਤਾ ਹੀ ਸਾਰੇ ਮਨੁੱਖੀ ਦੁੱਖਾਂ ਅਤੇ ਕਲੇਸ਼ਾਂ ਦਾ ਕਾਰਨ ਹੈ। ਮਨੁੱਖੀ ਅਗਿਆਨਤਾ ਹੀ ਮਾਇਆ ਹੈ। ਮਾਇਆ ਦਾ ਪਸਾਰਾ ਕੇਵਲ ਮਨੁੱਖੀ ਅਗਿਆਨਤਾ ਕਾਰਨ ਹੀ ਹੈ। ਮਾਇਆ ਦੀਆਂ ਵਿਨਾਸ਼ਕਾਰੀ ਸ਼ਕਤੀਆਂ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ) ਕੇਵਲ ਅਗਿਆਨਤਾ ਦੇ ਕਾਰਨ ਹੀ ਮਨੁੱਖ ਨੂੰ ਆਪਣਾ ਗੁਲਾਮ ਬਣਾ ਕੇ ਰੱਖਦੀਆਂ ਹਨ। ਸਾਰੀ ਲੋਕਾਈ ਦੇ ਦੁੱਖਾਂ, ਕਲੇਸ਼ਾਂ, ਮੁਸੀਬਤਾਂ, ਅਸਫਲਤਾਵਾਂ, ਲੜਾਈ, ਝੱਗੜੇ, ਚੋਰ ਬਾਜ਼ਾਰੀ, ਰਿਸ਼ਵਤ ਖ਼ੋਰੀ, ਨਿੰਦਿਆ, ਚੁਗਲੀ, ਬਖੀਲੀ, ਮਾਨਸਿਕ ਰੋਗਾਂ ਅਤੇ ਸ਼ਰੀਰਕ ਰੋਗਾਂ ਦਾ ਕਾਰਨ ਕੇਵਲ ਅਗਿਆਨਤਾ ਹੀ ਹੈ। ਸਾਰੀ ਲੋਕਾਈ ਦੀ ਦੁਰਦਸ਼ਾ ਦਾ ਕਾਰਨ ਕੇਵਲ ਅਗਿਆਨਤਾ ਹੀ ਹੈ। ਸਾਰੇ ਸਮਾਜਿਕ ਭ੍ਰਿਸ਼ਟਾਚਾਰ ਦਾ ਕਾਰਨ ਕੇਵਲ ਅਗਿਆਨਤਾ ਹੀ ਹੈ। ਅਗਿਆਨਤਾ ਤੋਂ ਭਾਵ ਹੈ ਗੁਰਮਤਿ ਦਾ ਅਭਾਵ। ਸਾਰੇ ਸੰਸਾਰ ਵਿੱਚ ਮਨਮਤਿ, ਸੰਸਾਰਕ ਮਤਿ ਅਤੇ ਦੁਰਮਤਿ ਦਾ ਬੋਲ ਬਾਲਾ ਹੈ। ਮਨਮਤਿ ਉੱਪਰ ਚੱਲਣ ਵਾਲਾ ਮਨੁੱਖ ਮਨਮੁਖ ਹੈ। ਮਨਮੁਖ ਅਗਿਆਨੀ ਹੈ। ਮਨਮੁਖ ਨਿਗੁਰਾ ਹੈ। ਭਾਵ ਜਦ ਤੱਕ ਮਨੁੱਖ ਗੁਰੂ ਦੇ ਚਰਨਾਂ ਉੱਪਰ ਆਪਣਾ ਤਨ ਮਨ ਧਨ ਨਹੀਂ ਅਰਪਣ ਕਰ ਦਿੰਦਾ ਹੈ ਤਦ ਤੱਕ ਮਨੁੱਖ ਮਨਮਤਿ ਵਿੱਚ ਹੈ ਇਸ ਲਈ ਮਨਮੁਖ ਹੈ ਅਤੇ ਨਿਗੁਰਾ ਹੈ। ਮਨਮੁਖ ਮਾਇਆ ਦਾ ਗੁਲਾਮ ਹੈ। ਅਗਿਆਨਤਾ ਅਤੇ ਇਸ ਦੁਆਰਾ ਬੁਨਿਆ ਗਿਆ ਮਾਇਆ ਜਾਲ ਦੇ ਅੰਧੇਰੇ ਬਾਰੇ ਪੂਰਨ ਬ੍ਰਹਮ ਗਿਆਨ ਗੁਰਬਾਣੀ ਵਿੱਚ ਬਹੁਤ ਸਾਰੇ ਸ਼ਲੋਕਾਂ ਵਿੱਚ ਪ੍ਰਗਟ ਕੀਤਾ ਗਿਆ ਹੈ :-

 

ਮਨਮੁਖ ਅਗਿਆਨੀ ਮਹਾ ਦੁਖੁ ਪਾਇਦੇ ਡੁਬੇ ਹਰਿ ਨਾਮੁ ਵਿਸਾਰਿ ॥

 (ਪੰਨਾ ੮੯)

 

ਬਾਝੁ ਗੁਰੂ ਹੈ ਅੰਧ ਗੁਬਾਰਾ ॥ ਅਗਿਆਨੀ ਅੰਧਾ ਅੰਧੁ ਅੰਧਾਰਾ ॥

(ਪੰਨਾ ੧੧੬)

 

            ਪੂਰਨ ਬ੍ਰਹਮ ਗਿਆਨ ਹੀ ਅਗਿਆਨਤਾ ਦੇ ਅੰਧੇਰੇ ਨੂੰ ਦੂਰ ਕਰਦਾ ਹੈ। ਪੂਰਨ ਬ੍ਰਹਮ ਗਿਆਨ ਹੀ ਮਾਇਆ ਨੂੰ ਜਿੱਤਣ ਦਾ ਪਰਮ ਸ਼ਕਤੀਸ਼ਾਲੀ ਦਰਗਾਹੀ ਅਸਤਰ ਹੈ। ਪੂਰਨ ਬ੍ਰਹਮ ਗਿਆਨ ਹੀ ਕਲਯੁਗੀ ਮਾਇਆ ਦੇ ਘੋਰ ਅੰਧਕਾਰ ਨੂੰ ਦੂਰ ਕਰਨ ਦੀ ਗੁਰਪ੍ਰਸਾਦੀ ਪਰਮ ਸ਼ਕਤੀ ਹੈ। ਇਸ ਲਈ ਹੀ ਗੁਰਬਾਣੀ ਜੋ ਕਿ ਪੂਰਨ ਬ੍ਰਹਮ ਗਿਆਨ ਹੈ ਉਸ ਨੂੰ ਸਾਰੇ ਸਤਿਗੁਰ ਅਵਤਾਰਾਂ, ਸੰਤਾਂ, ਭਗਤਾਂ ਅਤੇ ਬ੍ਰਹਮ ਗਿਆਨੀਆਂ ਨੇ ਅਕਾਲ ਪੁਰਖ ਦਾ ਗਿਆਨ ਸਰੂਪ ਕਰਕੇ ਮੰਨਿਆ ਹੈ, ਕਮਾਇਆ ਹੈ ਅਤੇ ਗੁਰਬਾਣੀ ਨੂੰ ਸ਼ਬਦ ਗੁਰੂ ਕਹਿ ਕੇ ਪਰਮ ਸਤਿਕਾਰ ਦਿੱਤਾ ਹੈ। ਗੁਰੂ ਤੋਂ ਭਾਵ ਹੈ ਜੋ ਅਗਿਆਨਤਾ ਦਾ ਅੰਧੇਰਾ ਮਿਟਾ ਦੇਵੇ। “ਗੁ” ਤੋਂ ਭਾਵ ਹੈ ਅੰਧੇਰਾ ਅਤੇ “ਰੂ” ਤੋਂ ਭਾਵ ਹੈ ਪ੍ਰਕਾਸ਼। ਪ੍ਰਕਾਸ਼ ਹੋ ਜਾਵੇ ਤਾਂ ਅੰਧੇਰਾ ਆਪੇ ਆਪ ਹੀ ਨੱਸ਼ਟ ਹੋ ਜਾਂਦਾ ਹੈ। ਭਾਵ ਜਿਥੇ ਪ੍ਰਕਾਸ਼ ਹੈ ਉਥੇ ਅੰਧੇਰਾ ਨਹੀਂ ਹੈ ਅਤੇ ਜਿਥੇ ਪ੍ਰਕਾਸ਼ ਨਹੀਂ ਹੈ ਉਥੇ ਅੰਧੇਰਾ ਹੈ। ਇਸ ਲਈ ਸ਼ਬਦ “ਗੁਰੂ” ਤੋਂ ਭਾਵ ਹੈ ਉਹ ਪ੍ਰਕਾਸ਼ ਜੋ ਅੰਧੇਰਾ ਮਿਟਾ ਦੇਵੇ। ਜੋ ਮਨੁੱਖ ਸ਼ਬਦ ਦਾ ਅਭਿਆਸ ਕਰਦੇ ਹਨ ਉਹ ਮਨੁੱਖ ਆਪਣੇ ਹਿਰਦੇ ਵਿੱਚ ਪਰਮ ਜੋਤ ਨੂੰ ਪ੍ਰਕਾਸ਼ਮਾਨ ਕਰ ਲੈਂਦੇ ਹਨ। ਉਨ੍ਹਾਂ ਦੀ ਅਗਿਆਨਤਾ ਦਾ ਅੰਤ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਪੂਰਨ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਇਸੇ ਲਈ ਸ਼ਬਦ ਨੂੰ ਗੁਰੂ ਕਿਹਾ ਗਿਆ ਹੈ। ਸ਼ਬਦ ਦੇ ਅਭਿਆਸ ਤੋਂ ਇਹ ਭਾਵ ਨਹੀਂ ਹੈ ਕਿ ਬਾਰ ਬਾਰ ਸ਼ਬਦ ਨੂੰ ਪੜ੍ਹਣਾ ਜਾਂ ਉਸਦਾ ਉਚਾਰਨ ਕਰਨਾ। ਸ਼ਬਦ ਦੇ ਅਭਿਆਸ ਤੋਂ ਭਾਵ ਹੈ ਜੋ ਸ਼ਬਦ ਕਹਿ ਰਿਹਾ ਹੈ ਉਸਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਕਰਨਾ। ਜੋ ਸ਼ਬਦ ਕਹਿ ਰਿਹਾ ਹੈ ਉਸਨੂੰ ਆਪਣੀ ਰੋਜ਼ਾਨਾ ਦੀ ਕਰਨੀ ਵਿੱਚ ਲੈ ਕੇ ਆਉਣਾ ਹੈ। ਸ਼ਬਦ ਦੇ ਅਭਿਆਸ ਤੋਂ ਭਾਵ ਹੈ ਜੋ ਸ਼ਬਦ ਕਹਿ ਰਿਹਾ ਹੈ ਉਹ ਬਣ ਜਾਣਾ। ਜਿਸ ਤਰ੍ਹਾਂ ਨਾਲ ਭਾਈ ਲਹਿਣਾ ਜੀ ਨੇ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਦੇ ਬਚਨਾਂ ਨੂੰ ਆਸਾ ਦੀ ਵਾਰ ਦੇ ਰੂਪ ਵਿੱਚ ਭਾਈ ਜੋਧ ਜੀ ਪਾਸੋਂ ਸੁਣ ਕੇ ਨਾਨਕ ਪਾਤਿਸ਼ਾਹ ਜੀ ਨੂੰ ਆਪਣੇ ਹਿਰਦੇ ਅੰਦਰ ਆਪਣਾ ਗੁਰੂ ਧਾਰਿਆ ਅਤੇ ਉਨ੍ਹਾਂ ਦੇ ਬਚਨ ਕਮਾ ਕੇ ਆਪ ਸਤਿਗੁਰ ਅਵਤਾਰ ਧੰਨ ਧੰਨ ਅੰਗਦ ਦੇਵ ਪਾਤਿਸ਼ਾਹ ਦੀ ਪੱਦਵੀ ਹਾਸਿਲ ਕੀਤੀ। ਠੀਕ ਇਸੇ ਤਰ੍ਹਾਂ ਹੀ ਬਾਕੀ ਦੇ ਸਾਰੇ ਸਤਿਗੁਰ ਅਵਤਾਰਾਂ ਨੇ ਆਪਣੇ ਸਤਿਗੁਰਾਂ ਦੇ ਬਚਨ ਕਮਾ ਕੇ ਪਰਮ ਪੱਦ ਪੂਰਨ ਬ੍ਰਹਮ ਗਿਆਨ ਕਲਕੀ ਅਵਤਾਰ ਪਰਮ ਪੱਦ ਦੀ ਪੱਦਵੀ ਹਾਸਿਲ ਕੀਤੀ। ਠੀਕ ਇਸੇ ਤਰ੍ਹਾਂ ਨਾਲ ਸਾਰੇ ਜਿਗਿਆਸੂ ਜੇਕਰ ਸ਼ਬਦ ਦੀ ਕਮਾਈ ਕਰਨ ਤਾਂ ਉਹ ਨਿਸ਼ਚਿਤ ਤੌਰ ਤੇ ਜੀਵਨ ਮੁਕਤੀ ਪ੍ਰਾਪਤ ਕਰ ਸਕਦੇ ਹਨ। ਸਿੱਧਾਂ ਨੂੰ ਵੀ ਕੋਈ ਪੂਰਨ ਸਤਿਗੁਰ ਨਹੀਂ ਸੀ ਮਿਲਿਆ ਇਸ ਲਈ ਉਨ੍ਹਾਂ ਨੂੰ ਵੀ ਪੂਰਨ ਦੀਖਿਆ ਦੀ ਪ੍ਰਾਪਤੀ ਨਾ ਹੋਣ ਕਾਰਨ ਜੀਵਨ ਮੁਕਤੀ ਹਾਸਿਲ ਨਹੀਂ ਸੀ ਹੋ ਸਕੀ। ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਉਨ੍ਹਾਂ ਉੱਪਰ ਕਿਰਪਾ ਕੀਤੀ, ਆਪ ਚੱਲ ਕੇ ਗਏ ਸਿੱਧਾਂ ਦੇ ਪਾਸ ਅਤੇ ਜਾ ਕੇ ਉਨ੍ਹਾਂ ਨੂੰ ਪੂਰਨ ਦੀਖਿਆ ਦੇ ਕੇ ਗੁਰਪ੍ਰਸਾਦਿ ਦਾ ਗਿਆਨ ਦਿੱਤਾ ਅਤੇ ਉਨ੍ਹਾਂ ਦਾ ਮਾਰਗ ਦਰਸ਼ਨ ਕਰਕੇ ਜੀਵਨ ਮੁਕਤੀ ਦਿੱਤੀ। ਧੰਨ ਧੰਨ ਸੱਚੇ ਪਾਤਿਸ਼ਾਹ ਜੀ ਨੇ ਸਿੱਧਾਂ ਦੀ ਅਗਿਆਨਤਾ ਦਾ ਅੰਧੇਰਾ ਦੂਰ ਕੀਤਾ ਅਤੇ ਪੂਰਨ ਬ੍ਰਹਮ ਗਿਆਨ ਦੇ ਕੇ ਉਨ੍ਹਾਂ ਦਾ ਜੀਵਨ ਸਫਲ ਕੀਤਾ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਬਹੁਤ ਸਾਰੇ ਸ਼ਲੋਕਾਂ ਵਿੱਚ ਪ੍ਰਗਟ ਕੀਤਾ ਗਿਆ ਹੈ :-

 

ਗੁਰ ਗਿਆਨੁ ਪ੍ਰਚੰਡੁ ਬਲਾਇਆ ਅਗਿਆਨੁ ਅੰਧੇਰਾ ਜਾਇ ॥੨॥

(ਪੰਨਾ ੨੯)

 

ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਪ੍ਰਚੰਡੁ ਬਲਾਇਆ ॥

ਬਲਿਆ ਗੁਰ ਗਿਆਨੁ ਅੰਧੇਰਾ ਬਿਨਸਿਆ ਹਰਿ ਰਤਨੁ ਪਦਾਰਥੁ ਲਾਧਾ ॥

(ਪੰਨਾ ੭੮)

 

            ਧੰਨ ਧੰਨ ਸਤਿਗੁਰ ਅਵਤਾਰ ਸੱਚੇ ਪਾਤਸ਼ਾਹ ਜੀ ਅਰਜਨ ਦੇਵ ਜੀ ਨੇ ਸੁਖਮਨੀ ਬਾਣੀ ਦੇ ਇਸ ਪਰਮ ਸ਼ਕਤੀਸ਼ਾਲੀ ਸ਼ਬਦ ਵਿੱਚ ਸਾਰੇ ਹੀ ਸੰਸਾਰ ਉੱਪਰ ਬੇਅੰਤ ਦਿਆਲਤਾ ਕਰਕੇ ਸਾਰੀ ਲੋਕਾਈ ਦੀ ਝੋਲੀ ਵਿੱਚ ਪੂਰਨ ਬ੍ਰਹਮ ਗਿਆਨ ਦੇ ਇਸ ਅਨਮੋਲਕ ਰਤਨ ਨੂੰ ਪਾ ਕੇ ਨਿਵਾਜਿਆ ਹੈ। ਗੁਰਬਾਣੀ ਦਾ ਹਰ ਸ਼ਬਦ ਪੂਰਨ ਬ੍ਰਹਮ ਗਿਆਨ ਹੈ। ਹਰ ਸ਼ਲੋਕ ਪੂਰਨ ਬ੍ਰਹਮ ਗਿਆਨ ਹੈ। ਹਰ ਪਉੜੀ ਪੂਰਨ ਬ੍ਰਹਮ ਗਿਆਨ ਹੈ। ਇਹ ਧੰਨ ਧੰਨ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਜੀ ਦਾ ਗਿਆਨ ਸਰੂਪ ਹੈ। ਇਸ ਲਈ ਹੀ ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਨੂੰ ਗੁਰੂ ਕਿਹਾ ਹੈ “ਬਾਣੀ ਗੁਰੂ ਗੁਰੂ ਹੈ ਬਾਣੀ”। ਧੰਨ ਧੰਨ ਸਤਿਗੁਰੂ ਜੀ ਨੇ ਇਹ ਵੀ ਕਿਹਾ ਹੈ “ਵਾਹੁ ਵਾਹੁ ਬਾਣੀ ਨਿਰੰਕਾਰ ਹੈ”। ਗੁਰ ਦਾ ਭਾਵ ਹੈ ਧੰਨ ਧੰਨ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਜੀ ਅਤੇ ਬਾਣੀ ਉਸਦਾ ਸ਼ਬਦ ਹੈ। ਸ਼ਬਦ ਜਿਹੜਾ ਸਿੱਧਾ ਪਰਮਾਤਮਾ ਤੋਂ ਆਇਆ ਹੈ।

 

ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ॥

ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ ॥੧॥

(ਪੰਨਾ ੨੯੩)

 

            ਜਦ ਅਸੀਂ ਆਪਣੇ ਹਿਰਦੇ ਵਿੱਚ ਪੂਰਨ ਜੋਤ ਪ੍ਰਕਾਸ਼ ਨਾਲ ਪੂਰਨ ਸੰਤ ਬਣਦੇ ਹਾਂ ਤਾਂ ਸਾਡੀਆਂ ਸਾਰੀਆਂ ਪੰਜ ਇੰਦਰੀਆਂ ਅਤੇ ਪੰਜ ਕਰਮ ਇੰਦਰੀਆਂ ਪੂਰਨ ਹੁਕਮ ਵਿੱਚ ਚਲੀਆਂ ਜਾਂਦੀਆਂ ਹਨ। ਸਾਡਾ ਮਨ ਪਰਮ ਜੋਤ ਪੂਰਨ ਪ੍ਰਕਾਸ਼ ਵਿੱਚ ਬਦਲ ਜਾਂਦਾ ਹੈ। ਅਸੀਂ ਸਤਿ ਰੂਪ ਬਣ ਜਾਂਦੇ ਹਾਂ, ਤਦ ਜੋ ਵੀ ਅਸੀਂ ਕਹਿੰਦੇ ਹਾਂ ਸਤਿ ਬਚਨ ਹੈ। ਜੋ ਵੀ ਅਸੀਂ ਕਹਿੰਦੇ ਹਾਂ ਇੱਕ ਬ੍ਰਹਮ ਸ਼ਬਦ ਬਣ ਜਾਂਦਾ ਹੈ, ਜੋ ਵੀ ਅਸੀਂ ਬੋਲਦੇ ਹਾਂ ਬ੍ਰਹਮ ਗਿਆਨ ਹੁੰਦਾ ਹੈ। ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਪੂਰਨ ਸੰਤ ਸਤਿਗੁਰੂ ਸਨ, ਇਸ ਲਈ ਜੋ ਵੀ ਉਨ੍ਹਾਂ ਨੇ ਕਿਹਾ ਹੈ ਪਰਮਾਤਮਾ ਦਾ ਸ਼ਬਦ ਹੈ ਇਸ ਲਈ ਹੀ ਇਸ ਨੂੰ ਗੁਰਬਾਣੀ ਕਿਹਾ ਗਿਆ ਹੈ, ਭਾਵ “ਪਰਮਾਤਮਾ ਦਾ ਸ਼ਬਦ”। ਇਸ ਲਈ ਕਿਰਪਾ ਕਰਕੇ ਇਨ੍ਹਾਂ ਬ੍ਰਹਮ ਸ਼ਬਦਾਂ ਨੂੰ ਪਰਮਾਤਮਾ ਦੇ ਸ਼ਬਦਾਂ ਵਜੋਂ ਹੀ ਲਓ ਜਿਵੇਂ ਕਿ ਇੱਥੇ ਪਰਮਾਤਮਾ ਅਤੇ ਗੁਰੂ ਵਿੱਚ ਕੋਈ ਅੰਤਰ ਨਹੀਂ ਹੈ।

            ਉਹ ਮਨੁੱਖ ਜਿਹੜੇ ਗੁਰਬਾਣੀ ਵਿੱਚ ਭਰੋਸਾ ਕਰਦੇ ਹਨ ਆਪਣੇ ਆਪ ਨੂੰ ਗੁਰੂ ਅੱਗੇ ਭਰੋਸਾ, ਸ਼ਰਧਾ ਅਤੇ ਪਿਆਰ ਨਾਲ ਤਨ, ਮਨ ਅਤੇ ਧਨ ਨਾਲ ਅਰਪਣ ਕਰ ਦਿੰਦੇ ਹਨ ਅਤੇ ਉਹ ਹੀ ਕਰਦੇ ਹਨ ਜੋ ਗੁਰਬਾਣੀ ਉਨ੍ਹਾਂ ਨੂੰ ਕਰਨ ਲਈ ਦੱਸਦੀ ਹੈ, ਉਹ ਮਨੁੱਖ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰ ਪ੍ਰਸਾਦਿ ਨਾਲ ਬਖਸ਼ੇ ਜਾਂਦੇ ਹਨ। ਗੁਰਬਾਣੀ ਸਭ ਗੁਰ ਪ੍ਰਸਾਦੀ ਖੇਲ ਦੀ ਕਥਾ ਹੈ। ਗੁਰਬਾਣੀ ਅਨੰਤ ਬ੍ਰਹਮ ਸ਼ਕਤੀ ਨੂੰ ਪ੍ਰਾਪਤ ਕਰਨ ਅਤੇ ਇਸ ਅਨੰਤ ਬ੍ਰਹਮ ਸ਼ਕਤੀ ਨਾਲ ਇੱਕ ਹੋਣ ਦੀ ਕਥਾ ਹੈ। ਇਹ ਹੈ ਜਿਸ ਲਈ ਸਾਨੂੰ ਮਨੁੱਖਾ ਜੀਵਨ ਮਿਲਿਆ ਹੈ :- ਗੁਰ ਪ੍ਰਸਾਦਿ ਪ੍ਰਾਪਤ ਕਰਨਾ ਅਤੇ ਇਸ ਅਨੰਤ ਬ੍ਰਹਮ ਸ਼ਕਤੀ ਨਾਲ ਅਭੇਦ ਹੋਣਾ ਹੈ।

 

ਸਾਡਾ ਮਨੁੱਖਾ ਜੀਵਨ ਇਸ ਲਈ ਹੈ :-

 

*           ਮਾਇਆ ਉੱਪਰ ਜਿੱਤ ਅਤੇ ਇਸ ਦੇ ਤਿੰਨ ਗੁਣਾਂ ਦੀ ਪਹੁੰਚ ਤੋਂ ਪਰ੍ਹੇ ਹੋਣਾ ਹੈ।

*           ਸਾਡੇ ਮਨ ਉੱਪਰ ਜਿੱਤ ਪਾਉਣਾ ਹੈ।

*           ਪੰਜ ਦੂਤਾਂ ਅਤੇ ਤ੍ਰਿਸ਼ਨਾ ਉੱਪਰ ਜਿੱਤ ਪਾਉਣਾ ਹੈ।

*           ਸਾਡੇ ਮਨ ਨੂੰ ਪਰਮ ਜੋਤ ਪੂਰਨ ਪ੍ਰਕਾਸ਼ ਵਿੱਚ ਬਦਲਣਾ ਹੈ।

*           ਆਪਣੇ ਹਿਰਦੇ ਨੂੰ ਸਤਿ ਹਿਰਦੇ ਵਿੱਚ ਬਦਲਣਾ ਹੈ।

*           ਸਾਡੇ ਹਿਰਦੇ ਨੂੰ ਪੂਰਨ ਸਚਿਆਰੀ ਰਹਿਤ ਨਾਲ ਭਰਨਾ ਹੈ, ਜਿਹੜੀ ਕਿ ਪਰਮ ਜੋਤ ਪੂਰਨ ਪ੍ਰਕਾਸ਼ ਦੀ ਰਹਿਤ ਹੈ।

*           ਸਾਡੇ ਹਿਰਦੇ ਨੂੰ ਸਾਰੇ ਬ੍ਰਹਮ ਗੁਣਾਂ ਅਤੇ ਬ੍ਰਹਮ ਸ਼ਕਤੀਆਂ ਨਾਲ ਭਰਨਾ ਹੈ।

*           ਪੂਰਨ ਤੱਤ ਗਿਆਨ ਪ੍ਰਾਪਤ ਕਰਨਾ ਹੈ, ਪੂਰਨ ਬ੍ਰਹਮ ਗਿਆਨ ਪ੍ਰਾਪਤ ਕਰਨਾ ਹੈ।

 

            ਜੀਵਨ ਮੁਕਤੀ ਪ੍ਰਾਪਤ ਕਰਨ ਲਈ ਹੀ ਸਾਨੂੰ ਸਾਡੀ ਮਨੁੱਖਾ ਜ਼ਿੰਦਗੀ ਮਿਲੀ ਹੈ। ਸਾਡੀ ਜ਼ਿੰਦਗੀ ਦੇ ਹਰ ਦੂਸਰੇ ਮੰਤਵ, ਜਿਨ੍ਹਾਂ ਲਈ ਅਸੀਂ ਸਾਰੀ ਜ਼ਿੰਦਗੀ ਕਰਮ ਕਰਦੇ ਹਾਂ ਸਭ ਫਜ਼ੂਲ ਹਨ, ਜੇਕਰ ਅਸੀਂ ਆਪਣੀ ਜ਼ਿੰਦਗੀ ਦਾ ਮੂਲ ਮੰਤਵ ਜੀਵਨ ਮੁਕਤੀ ਪ੍ਰਾਪਤ ਕਰਨ ਦਾ ਬੋਧ ਨਹੀਂ ਕਰਦੇ ਹਾਂ। ਇੱਕ ਵਾਰ ਜਦ ਅਸੀਂ ਇਸਦਾ ਬੋਧ ਕਰ ਲੈਂਦੇ ਹਾਂ ਸਾਡੀਆਂ ਸ਼੍ਰੇਸ਼ਠਤਾਵਾਂ ਬਦਲ ਜਾਂਦੀਆਂ ਹਨ, ਸਾਡੀ ਜੀਵਨ ਸ਼ੈਲੀ ਬਦਲ ਜਾਂਦੀ ਹੈ, ਸਾਡੀਆਂ ਕਰਨੀਆਂ ਅਤੇ ਕ੍ਰਿਆਵਾਂ ਬਦਲ ਜਾਂਦੀਆਂ ਹਨ, ਸਾਡਾ ਵਿਵਹਾਰ ਬਦਲ ਜਾਂਦਾ ਹੈ, ਹਰ ਚੀਜ਼ ਬਦਲ ਜਾਂਦੀ ਹੈ। ਇਹ ਬਦਲਾਵ ਯਕੀਨੀ ਤੌਰ ਤੇ ਸਤਿ ਪੱਖੀ ਹੁੰਦਾ ਹੈ ਅਤੇ ਸਾਡੀ ਭਲਾਈ ਲਈ ਹੁੰਦਾ ਹੈ ਅਤੇ ਅਸੀਂ ਗੁਰ ਪ੍ਰਸਾਦਿ ਵੱਲ ਵੱਧਣਾ ਸ਼ੁਰੂ ਕਰ ਦਿੰਦੇ ਹਾਂ। ਸਾਡੀ ਸਾਰੀ ਕਰਨੀ ਸਤਿ ਦੀ ਕਰਨੀ ਵਿੱਚ ਤਬਦੀਲ ਹੋ ਜਾਂਦੀ ਹੈ ਅਤੇ ਸਾਡੀ ਬਿਰਤੀ ਰਜੋ ਅਤੇ ਤਮੋ ਤੋਂ ਸਤੋ ਵਿੱਚ ਬਦਲ ਜਾਂਦੀ ਹੈ। ਜਿਸਦਾ ਭਾਵ ਹੈ ਸਾਡੀ ਕਰਨੀ ਸਤਿ ਕਰਮਾਂ ਤੇ ਕੇਂਦਰਤ ਹੋ ਜਾਂਦੀ ਹੈ ਅਤੇ ਪੰਜ ਦੂਤਾਂ ਅਤੇ ਤ੍ਰਿਸ਼ਨਾਵਾਂ ਤੇ ਨਹੀਂ ਹੁੰਦੀ ਹੈ।

            ਸਤਿ ਦੀ ਕਰਨੀ ਉੱਪਰ ਆਪਣੀ ਬਿਰਤੀ ਨੂੰ ਕੇਂਦਰਤ ਕਰਨਾ ਸਾਨੂੰ ਗੁਰ ਪ੍ਰਸਾਦਿ ਦੇ ਨੇੜੇ ਲਈ ਜਾਣਾ ਜਾਰੀ ਰੱਖਦੀ ਹੈ। ਇਹ ਸਭ ਸਾਡੀ ਪਿੱਛਲੇ ਜਨਮਾਂ ਦੀ ਕਰਨੀ ਤੇ ਨਿਰਭਰ ਹੁੰਦਾ ਹੈ। ਕਿਰਪਾ ਕਰਕੇ ਇਸ ਨੂੰ ਯਕੀਨੀ ਜਾਣ ਲਵੋ ਕਿ ਅਸੀਂ ਜ਼ਰੂਰ ਹੀ ਕਿਸੇ ਪਿੱਛਲੇ ਜਨਮ ਵਿੱਚ ਕਿਸੇ ਨਾ ਕਿਸੇ ਮੋੜ ਤੇ ਕਿਸੇ ਐਸੀ ਰੂਹ ਦੀ ਸਤਿ ਸੰਗ ਵਿੱਚ ਗਏ ਹੋਵਾਂਗੇ ਜੇਕਰ ਸਾਡੀ ਬਿਰਤੀ ਸਤਿ ਦੀ ਕਰਨੀ ਤੇ ਕੇਂਦਰਤ ਹੋਣਾ ਸ਼ੁਰੂ ਕਰਦੀ ਹੈ। ਕਿਸੇ ਵੀ ਸਮੇਂ ਤੇ ਇੱਕ ਪੂਰਨ ਸੰਤ ਦੇ ਦਰਸ਼ਨ ਸਾਨੂੰ ਗੁਰ ਪ੍ਰਸਾਦਿ ਦੇ ਨੇੜੇ ਲਿਆਉਂਦੇ ਹਨ। ਇੱਕ ਪੂਰਨ ਸੰਤ ਦੀ ਸਤਿਸੰਗਤ ਸਾਡੀ ਕਿਸਮਤ ਨੂੰ ਸਹੀ ਦਿਸ਼ਾ ਵਿੱਚ ਸੇਧਿਤ ਕਰਦੀ ਹੈ। ਇੱਕ ਪੂਰਨ ਸੰਤ ਦੇ ਸਤਿ ਬਚਨਾਂ ਨੂੰ ਸੁਣਨਾ ਸਾਡੇ ਉੱਪਰ ਸਥਾਈ ਬ੍ਰਹਮ ਭਾਵ ਛੱਡ ਜਾਂਦਾ ਹੈ। ਇੱਕ ਪੂਰਨ ਸੰਤ ਦੇ ਸਤਿ ਬਚਨਾਂ ਦੀ ਕਮਾਈ ਉਸਦੇ ਬਚਨਾਂ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਲਿਆਉਣਾ ਸਾਡੀ ਕਿਸਮਤ ਨੂੰ ਕਿਸੇ ਸਮੇਂ ਗੁਰ ਪ੍ਰਸਾਦਿ ਨਾਲ ਬਖਸ਼ ਦਿੰਦਾ ਹੈ। ਇੱਕ ਪੂਰਨ ਸੰਤ ਦੀ ਸੇਵਾ ਕਿਸੇ ਵੀ ਸਮੇਂ ਭਵਿੱਖ ਵਿੱਚ ਸੱਚ ਖੰਡ ਦੇ ਰਸਤੇ ਖੋਲ ਦਿੰਦੀ ਹੈ। ਇਹ ਹੈ ਜਿਸ ਬਾਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਬ੍ਰਹਮ ਸਲੋਕ ਵਿੱਚ ਗੱਲ ਕਰ ਰਹੇ ਹਨ :-

 

ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ ॥੧॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ੨੯੩)

 

            ਉਹ ਮਨੁੱਖ ਜਿਹੜੇ ਸਤਿ ਦੀ ਕਰਨੀ ਤੇ ਧਿਆਨ ਕੇਂਦਰਤ ਕਰਦੇ ਹਨ ਯਕੀਨੀ ਤੌਰ ਤੇ ਇੱਕ ਪੂਰਨ ਸੰਤ ਨੂੰ ਮਿਲਦੇ ਹਨ, ਸਾਡੀ ਸਤਿ ਦੀ ਕਰਨੀ ਵਿੱਚ ਸਤਿ ਦੀ ਅਨੰਤ ਬ੍ਰਹਮ ਸ਼ਕਤੀ ਸਾਨੂੰ ਯਕੀਨੀ ਤੌਰ ਤੇ ਇੱਕ ਪੂਰਨ ਸੰਤ ਦੀ ਚਰਨ ਸ਼ਰਨ ਵਿੱਚ ਲੈ ਜਾਂਦੀ ਹੈ।

            “ਹਰਿ ਕਿਰਪਾ” ਧੰਨ ਧੰਨ ਸ਼੍ਰੀ ਸਤਿ ਪਾਰ ਬ੍ਰਹਮ ਪਿਤਾ ਪਰਮੇਸ਼ਰ ਜੀ ਦੀ ਅਨੰਤ ਬ੍ਰਹਮ ਸ਼ਕਤੀ ਹੈ, ਜਿਹੜੀ ਕਿ ਸਾਡੇ ਅੰਦਰ ਹੈ ਅਤੇ ਸਾਨੂੰ ਹਰ ਪੱਲ ਦੇਖ ਰਹੀ ਹੈ ਜਦ ਅਸੀਂ ਸਤਿ ਦੀ ਕਰਨੀ ਤੇ ਧਿਆਨ ਕੇਂਦਰਤ ਕਰਦੇ ਹਾਂ। ਜਦ ਸਾਡੀ ਬਿਰਤੀ ਸਤਿ ਦੀ ਕਰਨੀ ਤੇ ਕੇਂਦਰਤ ਹੁੰਦੀ ਹੈ, ਤਦ ਇਹ ਅਨੰਤ ਬ੍ਰਹਮ ਸ਼ਕਤੀ ਸਾਡੇ ਲਈ ਯਕੀਨੀ ਤੌਰ ਤੇ ਇੱਕ ਪੂਰਨ ਸੰਤ ਦੀ ਚਰਨ ਸ਼ਰਨ ਵਿੱਚ ਜਾਣ ਦਾ ਰਸਤਾ ਤਿਆਰ ਕਰਦੀ ਹੈ।

            ਜਦ ਅਸੀਂ ਇੱਕ ਪੂਰਨ ਸੰਤ ਦੇ ਦਰਸ਼ਨਾਂ ਅਤੇ ਉਸਦੀ ਬ੍ਰਹਮ ਬਖਸ਼ਿਸ਼, ਉਸਦੀ ਸਤਿ ਸੰਗਤ ਨਾਲ ਬਖਸ਼ੇ ਜਾਂਦੇ ਹਾਂ, ਤਦ ਸਾਨੂੰ ਇਹ ਪੱਕਾ ਜਾਣ ਲੈਣਾ ਚਾਹੀਦਾ ਹੈ ਕਿ ਸਾਡੇ ਲਈ ਦਰਗਾਹ ਦੇ ਦਰਵਾਜੇ ਖੁੱਲ੍ਹ ਗਏ ਹਨ। ਜਦ ਅਸੀਂ ਇੱਕ ਪੂਰਨ ਸੰਤ ਨੂੰ ਮਿਲਦੇ ਹਾਂ ਤਦ ਕਿਰਪਾ ਕਰਕੇ ਇਸ ਨੂੰ ਜਾਣ ਲਵੋ ਕਿ ਅਸੀਂ ਬਹੁਤ ਹੀ ਭਾਗਸ਼ਾਲੀ ਹੁੰਦੇ ਹਾਂ ਕਿ ਸੱਚ ਖੰਡ ਦਾ ਰਸਤਾ ਹੁਣ ਸਾਡੇ ਲਈ ਖੁੱਲ੍ਹ ਗਿਆ ਹੈ।

            ਇੱਥੇ ਕੁਝ ਲੋਕ ਹਨ ਜੋ ਉਸ ਵਕਤ ਹੀ ਸਮਾਧੀ ਵਿੱਚ ਚਲੇ ਜਾਂਦੇ ਹਨ ਜਦ ਉਹ ਇੱਕ ਪੂਰਨ ਸੰਤ ਦੇ ਦਰਸ਼ਨ ਕਰ ਲੈਂਦੇ ਹਨ। ਉਨ੍ਹਾਂ ਦਾ ਅੰਦਰ ਉਸੇ ਪੱਲ ਪਰਮ ਜੋਤ ਪੂਰਨ ਪ੍ਰਕਾਸ਼ ਨਾਲ ਪ੍ਰਕਾਸ਼ਤ ਹੋ ਜਾਂਦਾ ਹੈ। ਉਨ੍ਹਾਂ ਦੇ ਸਾਰੇ ਬੱਜਰ ਕਪਾਟ ਉਸੇ ਵਕਤ ਖੁੱਲ੍ਹ ਜਾਂਦੇ ਹਨ। ਉਨ੍ਹਾਂ ਦਾ ਦਸਮ ਦੁਆਰ ਵੀ ਉਸੇ ਸਮੇਂ ਹੀ ਖੁੱਲ੍ਹ ਜਾਂਦਾ ਹੈ। ਉਨ੍ਹਾਂ ਦੇ ਸਤਿ ਸਰੋਵਰ ਪ੍ਰਕਾਸ਼ਵਾਨ ਹੋ ਜਾਂਦੇ ਹਨ। ਐਸੀਆਂ ਰੂਹਾਂ ਬ੍ਰਹਮ ਗਿਆਨ ਨਾਲ ਬਖ਼ਸ਼ੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਦੇ ਸਾਰੇ ਪ੍ਰਸ਼ਨਾਂ ਦੇ ਉੱਤਰ ਬਿਨਾਂ ਕਿਸੇ ਨੂੰ ਪੁੱਛੇ ਅੰਦਰੋਂ ਹੀ ਮਿਲ ਜਾਂਦੇ ਹਨ। ਉਨ੍ਹਾਂ ਦੀਆਂ ਸਾਰੀਆਂ ਦੁਬਿਧਾਵਾਂ, ਭਰਮ, ਵਹਿਮ, ਖਤਮ ਹੋ ਜਾਂਦੇ ਹਨ ਅਤੇ ਉਹ ਹਰ ਚੀਜ਼ ਪੂਰਨ ਸੰਤ ਦੀ ਚਰਨ ਸ਼ਰਨ ਵਿੱਚ ਅਰਪਣ ਕਰ ਦਿੰਦੇ ਹਨ ਜਿਸ ਨੂੰ ਉਹ ਮਿਲਦੇ ਹਨ। ਉਨ੍ਹਾਂ ਲਈ ਇਹ ਪੂਰਨ ਸੰਤ ਉਨ੍ਹਾਂ ਦਾ ਗੁਰੂ ਬਣ ਜਾਂਦਾ ਹੈ। ਇਹ ਪੂਰਨ ਸੰਤ ਉਨ੍ਹਾਂ ਲਈ ਪਰਮਾਤਮਾ ਬਣ ਜਾਂਦਾ ਹੈ। ਇਹ ਪੂਰਨ ਸੰਤ ਉਨ੍ਹਾਂ ਲਈ ਹਰ ਚੀਜ਼ ਬਣ ਜਾਂਦਾ ਹੈ।

            ਉਹ ਆਪਣਾ ਤਨ, ਮਨ ਅਤੇ ਧਨ ਐਸੇ ਇੱਕ ਪੂਰਨ ਸੰਤ ਦੇ ਸਤਿ ਚਰਨਾਂ ਵਿੱਚ ਸੌਂਪ ਦਿੰਦੇ ਹਨ ਅਤੇ ਉਹ ਫਿਰ ਮੁੜ ਕੇ ਪਿੱਛੇ ਨਹੀਂ ਵੇਖਦੇ। ਉਨ੍ਹਾਂ ਦੀ ਬੰਦਗੀ ਅਸਲ ਵਿੱਚ ਬਿਨਾਂ ਕਿਸੇ ਖਾਸ ਯਤਨ ਦੇ ਆਸਾਨ ਬਣ ਜਾਂਦੀ ਹੈ ਅਤੇ ਉਹ ਪਰਮ ਪੱਦਵੀ ਪ੍ਰਾਪਤ ਕਰਦੇ ਹਨ। ਉਨ੍ਹਾਂ ਲਈ ਹਰ ਚੀਜ਼ ਗੁਰੂ ਦੁਆਰਾ ਬਹੁਤ ਸੌਖੀ ਅਤੇ ਆਸਾਨ ਬਣ ਜਾਂਦੀ ਹੈ। ਉਹ ਇਸ ਤੋਂ ਜਾਣੂੰ ਵੀ ਨਹੀਂ ਹੁੰਦੇ ਕਿ ਉਨ੍ਹਾਂ ਨਾਲ ਕੀ ਵਾਪਰ ਜਾਂਦਾ ਹੈ। ਉਹ ਨਹੀਂ ਜਾਣਦੇ ਕਿ ਉਨ੍ਹਾਂ ਦੇ ਅੰਦਰ ਕੀ ਵਾਪਰ ਰਿਹਾ ਹੈ ਅਤੇ ਕਦ ਉਨ੍ਹਾਂ ਦਾ ਹਿਰਦਾ ਸਤਿ ਹਿਰਦੇ ਵਿੱਚ ਤਬਦੀਲ ਹੋ ਜਾਂਦਾ ਹੈ।

            ਐਸੀਆਂ ਰੂਹਾਂ ਗੁਰੂ ਸੰਤ ਸਤਿਗੁਰੂ ਦੁਆਰਾ ਮਾਇਆ ਦੇ ਸੰਗਲ਼ਾਂ ਤੋਂ ਬਾਹਰ ਕੱਢ ਲਈਆਂ ਜਾਂਦੀਆਂ ਹਨ ਅਤੇ ਪੂਰਨ ਬ੍ਰਹਮ ਗਿਆਨ ਨਾਲ ਬਖ਼ਸ਼ੀਆਂ ਜਾਂਦੀਆਂ ਹਨ। ਉਹ ਪੂਰਨ ਤੱਤ ਗਿਆਨ ਨਾਲ ਬਖਸ਼ੇ ਜਾਂਦੇ ਹਨ ਅਤੇ ਸਦਾ ਲਈ ਅਨੰਤ ਬ੍ਰਹਮ ਸ਼ਕਤੀ ਵਿੱਚ ਅਭੇਦ ਹੋ ਜਾਂਦੇ ਹਨ।

            ਇੱਥੇ ਬਹੁਤ ਸਾਰੇ ਲੋਕ ਹਨ ਜਿਹੜੇ ਮਨ ਅਤੇ ਸੁਰਤ ਵਿੱਚ ਨਾਮ ਦੇ ਗੁਰ ਪ੍ਰਸਾਦਿ ਨਾਲ ਬਖਸ਼ੇ ਹੋਏ ਹਨ। ਇੱਥੇ ਬਹੁਤ ਸਾਰੇ ਲੋਕ ਹਨ ਜੋ ਨਾਮ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦੇ ਗੁਰ ਪ੍ਰਸਾਦਿ ਨਾਲ ਬਖਸ਼ੇ ਹੁੰਦੇ ਹਨ। ਹਾਲਾਂਕਿ, ਇਨ੍ਹਾਂ ਬਹੁਤ ਸਾਰੀਆਂ ਰੂਹਾਂ ਜਿਨ੍ਹਾਂ ਤੇ ਗੁਰਪ੍ਰਸਾਦਿ ਦੀ ਬਖਸ਼ਿਸ਼ ਹੁੰਦੀ ਹੈ, ਇਨ੍ਹਾਂ ਵਿੱਚੋਂ ਬਹੁਤ ਥੋੜ੍ਹੇ ਹੁੰਦੇ ਹਨ ਜੋ ਇਸ ਗੁਰ ਪ੍ਰਸਾਦਿ ਦੀ ਸੇਵਾ ਕਰਦੇ ਹਨ ਅਤੇ ਪੂਰਨ ਸੰਤ ਸਤਿਗੁਰੂ ਦੇ ਸਤਿ ਚਰਨਾਂ ਤੇ ਪੂਰੀ ਤਰ੍ਹਾਂ ਸਮਰਪਣ ਕਰ ਦਿੰਦੇ ਹਨ ਅਤੇ ਨਾਮ ਦੀ ਕਮਾਈ ਕਰਦੇ ਹਨ ਅਤੇ ਪੂਰਨ ਬੰਦਗੀ ਪ੍ਰਾਪਤ ਕਰਦੇ ਹਨ।

            ਉਹ ਮਨੁੱਖ ਜਿਹੜੇ ਗੁਰੂ ਅੱਗੇ ਪੂਰਨ ਸਮਰਪਣ ਨਹੀਂ ਕਰਦੇ, ਪਰ ਗੁਰ ਪ੍ਰਸਾਦਿ ਨਾਲ ਬਖਸ਼ੇ ਹੁੰਦੇ ਹਨ, ਫਿਰ ਵੀ ਆਪਣੇ ਮੁਕੱਦਰ ਅਨੁਸਾਰ ਭਵਿੱਖ ਵਿੱਚ ਕਿਸੇ ਸਮੇਂ ਕਿਸੇ ਮੋੜ ਤੇ ਪੂਰਨ ਸੰਤ ਦੇ ਸ਼ਬਦਾਂ ਨੂੰ ਪੂਰਾ ਕਰਨ ਲਈ ਵਾਪਸ ਆਉਣ ਲਈ ਆਪਣਾ ਭਾਗ ਬਣਾ ਲੈਂਦੇ ਹਨ ਤਾਂ ਕਿ ਉਹ ਗੁਰ ਪ੍ਰਸਾਦਿ ਨਾਲ ਫਿਰ ਬਖਸ਼ੇ ਜਾਣ ਅਤੇ ਇਸ ਦੀ ਸੇਵਾ ਸੰਭਾਲਤਾ ਕਰਕੇ ਜੀਵਨ ਮੁਕਤੀ ਪ੍ਰਾਪਤ ਕਰਨ।

            ਅਖੀਰਲੀ ਗੱਲ ਇਹ ਹੈ ਕਿ ਸਾਨੂੰ ਇੱਕ ਦਿਨ ਗੁਰੂ ਦੀ ਚਰਨ ਸ਼ਰਨ ਵਿੱਚ ਸਮਰਪਣ ਕਰਨਾ ਹੈ। ਇੱਥੇ ਕੋਈ ਵੀ ਹੋਰ ਰਸਤਾ ਮਾਇਆ ਦੇ ਸੰਗਲ਼ਾਂ ਤੋਂ ਬਾਹਰ ਨਿਕਲਣ ਦਾ ਨਹੀਂ ਹੈ। ਇਸ ਲਈ ਕਿਉਂ ਅਸੀਂ ਮਾਇਆ ਤੋਂ ਇਸ ਆਜ਼ਾਦੀ ਨੂੰ ਪ੍ਰਾਪਤ ਕਰਨ ਵਿੱਚ ਦੇਰ ਕਰਦੇ ਹਾਂ ? ਕਿਉਂ ਨਹੀਂ ਹੁਣ ਤੋਂ ਹੀ ਅਨੰਤ ਬ੍ਰਹਮ ਸ਼ਕਤੀ ਵਿੱਚ ਅਭੇਦ ਹੋਣ ਵੱਲ ਨੂੰ ਸਫ਼ਰ ਸ਼ੁਰੂ ਕਰਦੇ ਹਾਂ ? ਗੁਰ ਪ੍ਰਸਾਦਿ ਸਾਡੀਆਂ ਸਾਰੀਆਂ ਮਾਨਸਿਕ ਬਿਮਾਰੀਆਂ, ਪੰਜ ਦੂਤਾਂ ਅਤੇ ਤ੍ਰਿਸ਼ਨਾ ਨੂੰ ਠੀਕ ਕਰਦਾ ਹੈ ਅਤੇ ਸਾਨੂੰ ਮਾਇਆ ਦੀ ਗੁਲਾਮੀ ਤੋਂ ਬਾਹਰ ਕਰਦਾ ਹੈ ਅਤੇ ਸਾਨੂੰ ਸਦਾ ਲਈ ਆਜ਼ਾਦ ਕਰਦਾ ਹੈ।

            ਇਸ ਤਰ੍ਹਾਂ ਨਾਲ ਇਹ ਸਮਝਣਾ ਅਤਿ ਜ਼ਰੂਰੀ ਹੈ ਕਿ ਬੰਦਗੀ ਵਿੱਚ ਲੀਨ ਮਹਾ ਪੁਰਖਾਂ ਦਾ ਅਗਲਾ ਧਾਰਮਿਕ ਚਿੰਨ੍ਹ ਹੈ “ਪੂਰਨ ਬ੍ਰਹਮ ਗਿਆਨ”। ਸੰਤ ਅਤੇ ਬ੍ਰਹਮ ਗਿਆਨੀ ਮਹਾ ਪੁਰਖਾਂ ਦਾ ਭੋਜਨ ਗਿਆਨ ਹੁੰਦਾ ਹੈ। ਉਨ੍ਹਾਂ ਦੇ ਜੀਵਨ ਦਾ ਹਰ ਪੱਲ ਗਿਆਨ ਵਿੱਚ ਬਤੀਤ ਹੁੰਦਾ ਹੈ। ਉਹ ਗਿਆਨ ਨੂੰ ਜੀਵਨ ਬਣਾ ਲੈਂਦੇ ਹਨ ਅਤੇ ਹਰ ਪੱਲ ਗਿਆਨ ਵਿੱਚ ਹੀ ਜੀਉਂਦੇ ਹਨ। ਗਿਆਨ ਸਤਿ ਹੈ ਇਸ ਲਈ ਗਿਆਨ ਵਿੱਚ ਹਰ ਪੱਲ ਜੀਉਣਾ, ਹਰ ਪੱਲ ਸਤਿ ਵਿੱਚ ਹੀ ਜੀਉਣਾ ਹੈ। ਇਸੇ ਲਈ ਧੰਨ ਧੰਨ ਸਤਿਗੁਰ ਅਵਤਾਰ ਅਰਜਨ ਦੇਵ ਜੀ ਨੇ ਸੁਖਮਨੀ ਬਾਣੀ ਵਿੱਚ ਇਸ ਪਰਮ ਸਤਿ ਤੱਤ ਨੂੰ ਪ੍ਰਗਟ ਕੀਤਾ ਹੈ :-

 

ਬ੍ਰਹਮ ਗਿਆਨੀ ਕਾ ਭੋਜਨੁ ਗਿਆਨ ॥

ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨੁ ॥੩॥

(ਪੰਨਾ ੨੭੩)

 

            ਜੋਗੀਆਂ ਦਾ ਅਗਲਾ ਧਰਮ ਚਿੰਨ੍ਹ ਹੁੰਦਾ ਹੈ ਭੰਡਾਰਾ ਕਰਨਾ, ਵਰਤਾਉਣਾ ਅਤੇ ਭੰਡਾਰਾ ਖਾਣਾ। ਇਹ ਧਾਰਮਿਕ ਚਿੰਨ੍ਹ ਵੀ ਬਾਹਰਲੀ ਰਹਿਤ ਦਾ ਸੂਚਕ ਹੈ। ਬਾਹਰਲੀ ਰਹਿਤ ਦੇ ਚਿੰਨ੍ਹ ਲੋਕਾਈ ਨੂੰ ਆਕਰਸ਼ਿਤ ਕਰਦੇ ਹਨ ਅਤੇ ਲੋਕਾਈ ਐਸੇ ਕਰਮ ਕਰਨ ਵਾਲਿਆਂ ਦੀ ਸ਼ਲਾਘਾ ਕਰਦੀ ਹੈ। ਪਰੰਤੂ ਬਾਹਰਲੀ ਰਹਿਤ ਦੀ ਕਮਾਈ ਨਾਲ ਮਨ ਨਿਰਮਲ ਨਹੀਂ ਹੁੰਦਾ ਹੈ ਅਤੇ ਨਾ ਹੀ ਬਾਹਰਲੀ ਰਹਿਤ ਮਨੁੱਖ ਨੂੰ ਦਰਗਾਹ ਵਿੱਚ ਪਰਵਾਨ ਕਰਵਾਉਣ ਵਿੱਚ ਸਫਲ ਹੁੰਦੀ ਹੈ। ਇਸ ਪਉੜੀ ਵਿੱਚ ਵੀ ਸਤਿਗੁਰ ਅਵਤਾਰ ਧੰਨ ਧੰਨ ਨਾਨਕ ਪਾਤਿਸ਼ਾਹ ਜੀ ਨੇ ਬਾਹਰਲੀ ਰਹਿਤ ਦੇ ਇਨ੍ਹਾਂ ਭਰਮਾਂ ਦਾ ਹੀ ਖੰਡਨ ਕੀਤਾ ਹੈ।

            ਸੰਤ, ਸਤਿਗੁਰੂ, ਅਵਤਾਰ ਅਤੇ ਬ੍ਰਹਮ ਗਿਆਨੀ ਮਹਾ ਪੁਰਖਾਂ ਦਾ ਅਗਲਾ ਧਾਰਮਿਕ ਚਿੰਨ੍ਹ ਹੁੰਦਾ ਹੈ “ਦਇਆ”।  ਐਸੇ ਮਹਾ ਪੁਰਖ ਦਇਆ ਦਾ ਭੰਡਾਰ ਹੁੰਦੇ ਹਨ। ਦਇਆ ਧਰਮ ਦੀ ਜਨਨੀ ਹੈ। ਦਇਆ ਧਰਮ ਦੀ ਮਾਤਾ ਹੈ। ਦਇਆ ਵਿਚੋਂ ਹੀ ਧਰਮ ਦਾ ਜਨਮ ਹੁੰਦਾ ਹੈ। ਧਰਮ ਤੋਂ ਭਾਵ ਹੈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਇੱਕ ਮਿਕ ਹੋ ਜਾਣਾ। ਧਰਮ ਤੋਂ ਭਾਵ ਹੈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਅਭੇਦ ਹੋ ਜਾਣਾ। ਦਇਆ ਤੋਂ ਭਾਵ ਹੈ ਦੇਣਾ। ਦਇਆ ਤੋਂ ਬਗੈਰ ਦਿੱਤਾ ਨਹੀਂ ਜਾ ਸਕਦਾ ਹੈ। ਇਸ ਲਈ ਦਇਆ ਹੀ ਸਤਿ ਪੁਰਖਾਂ ਦੀ ਭੰਡਾਰਣ ਹੈ। ਦਇਆ ਵਿੱਚ ਮੰਗਣਾ ਨਹੀਂ ਹੈ। ਦਇਆ ਵਿੱਚ ਦੇਣਾ ਹੀ ਦੇਣਾ ਹੈ। ਭਾਵੇਂ ਉਹ ਮਨੁੱਖਾ ਜਨਮ ਹੋਵੇ। ਭਾਵੇਂ ਉਹ ਜੀਅ ਦਾਨ ਹੋਵੇ। ਭਾਵੇਂ ਉਹ ਨਾਮ ਦਾਨ ਹੋਵੇ। ਭਾਵੇਂ ਉਹ ਨਾਮ ਦੀ ਕਮਾਈ ਦਾ ਦਾਨ ਹੋਵੇ। ਭਾਵੇਂ ਉਹ ਪੂਰਨ ਬੰਦਗੀ ਦਾ ਦਾਨ ਹੋਵੇ। ਭਾਵੇਂ ਉਹ ਪਰਉਪਕਾਰ ਅਤੇ ਮਹਾ ਪਰਉਪਕਾਰ ਦਾ ਦਾਨ ਹੋਵੇ। ਭਾਵੇਂ ਉਹ ਸੁਹਾਗ ਦਾ ਦਾਨ ਹੋਵੇ ਜਾਂ ਸਦਾ ਸੁਹਾਗ ਦਾ ਦਾਨ ਹੋਵੇ। ਭਾਵੇਂ ਉਹ ਬ੍ਰਹਮ ਗਿਆਨ ਅਤੇ ਤੱਤ ਗਿਆਨ ਦਾ ਦਾਨ ਹੋਵੇ। ਐਸੇ ਮਹਾ ਪੁਰਖ ਦਇਆ ਦੇ ਮੁਜੱਸਮੇ ਹੁੰਦੇ ਹਨ ਅਤੇ ਆਪਣੀ ਦਇਆ ਦੀ ਇਸ ਪਰਮ ਸ਼ਕਤੀ ਦੇ ਆਧਾਰ ਤੇ ਹੀ ਸੰਸਾਰ ਨੂੰ ਇਹ ਸਾਰੇ ਇਲਾਹੀ ਦਾਨ ਦੇ ਕੇ ਤਾਰਦੇ ਹਨ। ਪਰਮ ਦਿਆਲਤਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਇੱਕ ਇਲਾਹੀ ਗੁਣ ਹੈ। ਪਰਮ ਦਿਆਲਤਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਇੱਕ ਇਲਾਹੀ ਪਰਮ ਸ਼ਕਤੀ ਹੈ। ਪਰਮ ਦਿਆਲਤਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਸਰਬ ਕਲਾਵਾਂ ਵਿਚੋਂ ਹੀ ਇੱਕ ਇਲਾਹੀ ਪਰਮ ਸ਼ਕਤੀ ਹੈ। ਦਇਆਲਤਾ ਦੀ ਕੋਈ ਸੀਮਾ ਨਹੀਂ ਹੁੰਦੀ ਹੈ। ਨਾ ਹੀ ਦਇਆ ਨੂੰ ਮਾਪਿਆ ਜਾਂ ਤੋਲਿਆ ਜਾ ਸਕਦਾ ਹੈ। ਦਇਆਲਤਾ ਇੱਕ ਬੇਅੰਤ ਪਰਮ ਸ਼ਕਤੀ ਹੈ। ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਬਾਰ ਬਾਰ ਪ੍ਰਗਟ ਕੀਤਾ ਗਿਆ ਹੈ :-

 

ਨਾਨਕ ਸਾਹਿਬੁ ਸਦਾ ਦਇਆਲੁ ॥੨॥

(ਪੰਨਾ ੨੬੮)

 

            ਦਇਆਲਤਾ ਦੀ ਇਸ ਪਰਮ ਸ਼ਕਤੀ ਦਾ ਸਦਕਾ ਹੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਭੰਡਾਰੇ ਕਦੇ ਖ਼ਾਲੀ ਨਹੀਂ ਹੁੰਦੇ ਹਨ। ਇਸੇ ਪਰਮ ਸ਼ਕਤੀ ਦਾ ਸਦਕਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪਣੀ ਸਾਰੀ ਕਿਰਤ ਦੀ ਸੇਵਾ ਸੰਭਾਲਤਾ ਕਰਦਾ ਹੈ। ਉਸਦੇ ਬੇਅੰਤ ਭੰਡਾਰਿਆਂ ਵਿਚੋਂ ਹੀ ਸਾਰੀ ਸ੍ਰਿਸ਼ਟੀ ਦੀ ਹਰ ਇੱਕ ਰਚਨਾ ਨੂੰ ਸਾਰੇ ਕਿਸਮ ਦੀਆਂ ਦਾਤਾਂ ਮਿਲਦੀਆਂ ਹਨ। ਫਿਰ ਉਹ ਉੱਪਰ ਦੱਸੀਆਂ ਗਈਆਂ ਇਲਾਹੀ ਦਾਤਾਂ ਹੋਣ ਜਾਂ ਸੰਸਾਰਕ ਸੁੱਖ ਸੁਵਿਧਾਵਾਂ ਹੋਣ, ਸਾਰੇ ਕਿਸਮ ਦੀਆ ਸੰਸਾਰਕ ਦਾਤਾਂ ਹੋਣ, ਧਨ ਸੰਪਦਾ ਹੋਵੇ, ਸੰਸਾਰਕ ਪੱਦਵੀਆਂ ਹੋਣ, ਸੰਸਾਰਕ ਸ਼ੁਹਰਤ ਹੋਵੇ, ਵਿਗਿਆਨ ਦੀ ਸਿੱਖਿਆ ਹੋਵੇ ਇਹ ਸਭ ਕੁਝ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਪਰਮ ਦਿਆਲਤਾ ਦੇ ਬੇਅੰਤ ਭੰਡਾਰਿਆਂ ਵਿਚੋਂ ਹੀ ਪ੍ਰਾਪਤ ਹੁੰਦਾ ਹੈ। ਇਸ ਲਈ ਜਦ ਬੰਦਗੀ ਪੂਰਨ ਹੋਣ ਤੇ ਮਨੁੱਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਅਭੇਦ ਹੁੰਦਾ ਹੈ ਤਾਂ ਦਇਆਲਤਾ ਦੀ ਇਹ ਬੇਅੰਤ ਪੂੰਜੀ ਉਸ ਨੂੰ ਬਖ਼ਸ਼ਿਸ਼ ਰੂਪ ਵਿੱਚ ਸਾਰੀ ਲੋਕਾਈ ਦੇ ਪਰਉਪਕਾਰ ਅਤੇ ਮਹਾ ਪਰਉਪਕਾਰ ਲਈ ਮਿਲਦੀ ਹੈ। ਇਸ ਤਰ੍ਹਾਂ ਨਾਲ ਪਰਮ ਦਿਆਲਤਾ ਦੀ ਇਹ ਪਰਮ ਦਰਗਾਹੀ ਸ਼ਕਤੀ ਐਸੇ ਮਹਾ ਪੁਰਖਾਂ ਦਾ ਧਾਰਮਿਕ ਚਿੰਨ੍ਹ ਬਣ ਜਾਂਦੀ ਹੈ। ਪਰਮ ਦਿਆਲਤਾ ਦੀ ਇਸ ਪਰਮ ਸ਼ਕਤੀ ਦਾ ਸਦਕਾ ਹੀ ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਿਸ਼ਾਹ ਜੀ ਨੇ ਸੁਮੇਰ ਪਰਬਤ ਉੱਪਰ ਆਪ ਅੱਪੜ ਕੇ ਸਿੱਧਾਂ ਨੂੰ ਪੂਰਨ ਬ੍ਰਹਮ ਗਿਆਨ ਦੇ ਕੇ ਉਨ੍ਹਾਂ ਦੀ ਮੁਕਤੀ ਕੀਤੀ।   

            ਜੋਗੀ ਲੋਕ ਭੰਡਾਰਾ ਖਾਣ ਲਗੇ ਨਾਦੀ ਵਜਾਉਂਦੇ ਹਨ ਜਿਸਨੂੰ ਉਹ ਆਪਣੇ ਗਲੇ ਵਿੱਚ ਪਾਈ ਰੱਖਦੇ ਹਨ। ਇਹ ਨਾਦੀ ਵੀ ਜੋਗੀਆਂ ਦਾ ਇੱਕ ਬਾਹਰਲਾ ਧਾਰਮਿਕ ਚਿੰਨ੍ਹ ਹੈ। ਬਾਹਰਲੇ ਚਿੰਨ੍ਹ ਧਾਰਣ ਕਰਨੇ ਬਹੁਤ ਸੁਖ਼ਾਲੇ ਹਨ। ਬਾਹਰਲੀ ਰਹਿਤ ਧਾਰਣ ਕਰਨੀ ਬਹੁਤ ਸੌਖੀ ਹੈ। ਬਹੁਤ ਸਾਰੇ ਮਨੁੱਖ ਜੋ ਕਿਸੇ ਵੀ ਸੰਪਰਦਾ ਦੇ ਅਨੁਯਾਈ ਬਣ ਜਾਂਦੇ ਹਨ ਉਹ ਸਾਰੇ ਬਾਹਰਲੇ ਚਿੰਨ੍ਹ ਧਾਰਣ ਕਰ ਲੈਂਦੇ ਹਨ। ਪਰੰਤੂ ਅੰਦਰਲੇ ਚਿੰਨ੍ਹਾਂ ਦਾ ਧਾਰਣੀ ਕੋਈ ਕਰੋੜਾਂ ਵਿਚੋਂ ਵਿਰਲਾ ਹੀ ਹੁੰਦਾ ਹੈ। ਕਿਉਂਕਿ ਅੰਦਰਲੀ ਕਮਾਈ ਕਰਨੀ ਬਹੁਤ ਕਠਿਨ ਹੈ। ਬਹੁਤ ਸਾਰੇ ਜਿਗਿਆਸੂਆਂ ਉੱਪਰ ਗੁਰਪ੍ਰਸਾਦਿ ਦੀ ਕਿਰਪਾ ਵਾਪਰਦੀ ਹੈ। ਪਰੰਤੂ ਕਮਾਈ ਕੋਈ ਵਿਰਲਾ ਹੀ ਕਰਦਾ ਹੈ। ਜੋ ਜਿਗਿਆਸੂ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਇਸ ਦੀ ਸੇਵਾ ਸੰਭਾਲਤਾ ਕਰਦੇ ਹਨ ਉਨ੍ਹਾਂ ਨੂੰ ਸਾਰੇ ਅੰਦਰਲੇ ਧਾਰਮਿਕ ਚਿੰਨ੍ਹਾਂ ਦੀ ਪ੍ਰਾਪਤੀ ਹੁੰਦੀ ਹੈ। ਅੰਦਰਲੇ ਧਾਰਮਿਕ ਚਿੰਨ੍ਹ ਕੇਵਲ ਚਿੰਨ੍ਹ ਮਾਤਰ ਹੀ ਨਹੀਂ ਹਨ ਜਿਥੇ ਕਿ ਬਾਹਰਲੇ ਧਾਰਮਿਕ ਚਿੰਨ੍ਹ ਕੇਵਲ ਚਿੰਨ੍ਹ ਮਾਤਰ ਹੀ ਹਨ। ਅੰਦਰਲੇ ਸਾਰੇ ਧਾਰਮਿਕ ਚਿੰਨ੍ਹ ਆਪਣੇ ਆਪ ਵਿੱਚ ਇਲਾਹੀ ਦਰਗਾਹੀ ਪਰਮ ਸ਼ਕਤੀਆਂ ਹਨ ਜਿਨ੍ਹਾਂ ਦੀ ਕਮਾਈ ਕਰਨ ਨਾਲ ਅਤੇ ਪ੍ਰਾਪਤੀ ਨਾਲ ਮਨੁੱਖ ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋ ਜਾਂਦਾ ਹੈ। ਕੇਵਲ ਇਤਨਾ ਹੀ ਨਹੀਂ ਬਲਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਵਿੱਚ ਸਦਾ ਸਦਾ ਲਈ ਸਮਾਉਣ ਤੋਂ ਉਪਰੰਤ ਇਹ ਸਾਰੇ ਦਰਗਾਹੀ ਖਜ਼ਾਨਿਆਂ ਨੂੰ ਲੋਕਾਈ ਵਿੱਚ ਵਰਤਾਉਣ ਲਈ ਸਮਰਥ ਹੋ ਜਾਂਦਾ ਹੈ। ਗੁਰਪ੍ਰਸਾਦਿ ਦੀ ਪਰਮ ਸ਼ਕਤੀ ਨੂੰ ਵਰਤਾਉਣ ਦਾ ਅਧਿਕਾਰੀ ਹੋ ਜਾਂਦਾ ਹੈ ਅਤੇ ਇਸ ਪਰਮ ਸ਼ਕਤੀ ਨੂੰ ਲੋਕਾਈ ਦੇ ਪਰਉਪਕਾਰ ਅਤੇ ਮਹਾ ਪਰਉਪਕਾਰ ਲਈ ਵਰਤਣ ਦੇ ਯੋਗ ਹੋ ਜਾਂਦਾ ਹੈ।

            ਐਸੇ ਮਹਾ ਪੁਰਖਾਂ ਦਾ ਅਗਲਾ ਧਾਰਮਿਕ ਚਿੰਨ੍ਹ ਹੈ “ਅਨਹਦ ਨਾਦ” ਦੀ ਪ੍ਰਾਪਤੀ। ਬੰਦਗੀ ਵਿੱਚ ਲੀਨ ਨਾਮ ਦੀ ਕਮਾਈ ਕਰਦੇ ਹੋਏ ਜਦ ਮਨੁੱਖ ਦੇ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ ਅਤੇ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ ਤਾਂ ਦਸਮ ਦੁਆਰ ਦੇ ਖੁੱਲ੍ਹਦੇ ਹੀ ਅਨਹਦ ਨਾਦ ਸ਼ਬਦ ਦੀ ਪ੍ਰਾਪਤੀ ਹੁੰਦੀ ਹੈ। ਦਸਮ ਦੁਆਰ ਦੇ ਖੁੱਲ੍ਹਦੇ ਹੀ ਦਸਮ ਦੁਆਰ ਵਿੱਚ ਅਨਹਦ ਸ਼ਬਦ ਨਿਰੰਤਰ ਸੁਣਨਾ ਸ਼ੁਰੂ ਹੋ ਜਾਂਦਾ ਹੈ। ਗੁਰਬਾਣੀ ਵਿੱਚ ਅਨਹਦ ਸ਼ਬਦ ਨੂੰ ਅੰਮ੍ਰਿਤ ਨਾਮ ਕਿਹਾ ਗਿਆ ਹੈ। ਕਈ ਸੰਤ ਮਹਾ ਪੁਰਖ ਅਨਹਦ ਨਾਦ ਸੰਗੀਤ ਨੂੰ ਧੁਨਾਤਮਕ ਨਾਮ ਵੀ ਕਹਿੰਦੇ ਹਨ। ਮਨੁੱਖ ਇਸ ਸੰਗੀਤ ਰੂਪ ਧੁਨਾਤਮਕ ਨਾਮ ਨੂੰ ਨਿਰੰਤਰ ਦਸਮ ਦੁਆਰ ਵਿੱਚ ਸੁਣਦਾ ਹੈ। ਦਸਮ ਦੁਆਰ ਦੇ ਖੁੱਲ੍ਹਣ ਨਾਲ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਨਿਰੰਤਰ ਸਿੱਧਾ ਸੰਪਰਕ ਸਥਾਪਿਤ ਹੋ ਜਾਂਦਾ ਹੈ। ਅਨਹਦ ਸ਼ਬਦ ਸੰਗੀਤ ਰੂਪ ਵਿੱਚ ਨਿਰੰਤਰ ਸੁਣਦਾ ਹੈ। ਇਹ ਸੰਗੀਤਮਈ ਧੁਨਾਤਮਕ ਅਨਹਦ ਸ਼ਬਦ ਕੰਨਾਂ ਵਿੱਚ ਨਹੀਂ ਸੁਣਦਾ ਹੈ ਇਹ ਕੇਵਲ ਦਸਮ ਦੁਆਰ ਵਿੱਚ ਹੀ ਗੂੰਜਦਾ ਹੈ। ਇਹ ਧਾਰਣਾ ਮਿਥਿਆ ਹੈ ਕਿ ਅਨਹਦ ਸ਼ਬਦ ਕੰਨਾਂ ਵਿੱਚ ਸੁਣਦਾ ਹੈ। ਜਦ ਮਨੁੱਖ ਇਸ ਪਰਮ ਆਨੰਦਮਈ ਸੰਗੀਤ ਅਨਹਦ ਸ਼ਬਦ ਉੱਪਰ ਆਪਣਾ ਧਿਆਨ ਕੇਂਦਰਿਤ ਕਰਦਾ ਹੈ ਤਾਂ ਇਸ ਦੀ ਗੂੰਜ ਹੋਰ ਵੱਧ ਜਾਂਦੀ ਹੈ ਅਤੇ ਹਿਰਦਾ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ, ਸੁੰਨ ਸਮਾਧੀ ਵਿੱਚ ਚਲਾ ਜਾਂਦਾ ਹੈ। ਗੁਰਬਾਣੀ ਵਿੱਚ ਇਸ ਪਰਮ ਸਤਿ ਤੱਤ ਨੂੰ ਕਈ ਸ਼ਲੋਕਾਂ ਵਿੱਚ ਪ੍ਰਗਟ ਕੀਤਾ ਗਿਆ ਹੈ :-

 

ਨਉ ਦਰਵਾਜੇ ਦਸਵੈ ਮੁਕਤਾ ਅਨਹਦ ਸਬਦੁ ਵਜਾਵਣਿਆ ॥੩॥

(ਪੰਨਾ ੧੧੦)

 

ਅਦਿਸਟੁ ਅਗੋਚਰੁ ਪਾਰਬ੍ਰਹਮੁ ਮਿਲਿ ਸਾਧੂ ਅਕਥੁ ਕਥਾਇਆ ਥਾ ॥

ਅਨਹਦ ਸਬਦੁ ਦਸਮ ਦੁਆਰਿ ਵਜਿਓ ਤਹ ਅੰਮ੍ਰਿਤ ਨਾਮੁ ਚੁਆਇਆ ਥਾ ॥੨॥

(ਪੰਨਾ ੧੦੦੨)

 

            ਇਸ ਅਵਸਥਾ ਵਿੱਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਹੋ ਜਾਂਦੇ ਹਨ। ਮਨੁੱਖ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਚਲਾ ਜਾਂਦਾ ਹੈ ਅਤੇ ਅਕੱਥ ਦੀ ਕਥਾ ਪ੍ਰਗਟ ਹੋ ਜਾਂਦੀ ਹੈ। ਪੂਰਨ ਬ੍ਰਹਮ ਗਿਆਨੀ ਦਾ ਜਨਮ ਹੋ ਜਾਂਦਾ ਹੈ। ਅਕਾਲ ਪੁਰਖ ਦੀ ਮਹਿਮਾ ਪੂਰਨ ਬ੍ਰਹਮ ਗਿਆਨੀ ਦੇ ਰੂਪ ਵਿੱਚ ਪ੍ਰਗਟ ਹੋ ਜਾਂਦੀ ਹੈ। ਇਹ ਅਨਹਦ ਸ਼ਬਦ ਦੀ ਬਖ਼ਸ਼ਿਸ਼ ਹਰ ਮਨੁੱਖ ਦੇ ਅੰਦਰ ਮੌਜੂਦ ਹੁੰਦੀ ਹੈ। ਜਦ ਅਕਾਲ ਪੁਰਖ ਨੇ ਮਨੁੱਖਾ ਦੇਹੀ ਦੀ ਰਚਨਾ ਕੀਤੀ ਤਾਂ ਇਸ ਅਨਹਦ ਨਾਦ ਨੂੰ ਮਨੁੱਖ ਦੇ ਦਸਮ ਦੁਆਰ ਵਿੱਚ ਟਿਕਾ ਦਿੱਤਾ। ਬਾਕੀ ਦੇ ੯ ਦੁਆਰੇ ਤਾਂ ਦੇਹੀ ਵਿੱਚ ਪ੍ਰਗਟ ਕਰ ਦਿੱਤੇ ਪਰੰਤੂ ਦਸਮ ਦੁਆਰ ਨੂੰ ਗੁਪਤ ਰੱਖ ਦਿੱਤਾ। ੯ ਦੁਆਰੇ ਦੇਹੀ ਵਿੱਚ ਹਨ : ੨ ਅੱਖਾਂ, ੨ ਕੰਨ, ਨਾਸਿਕਾ, ਮੁੱਖ, ੨ ਨਿਕਾਸ ਦੇ ਅੰਗ ਅਤੇ ਤਵਚਾ। ਦਸਵਾਂ ਦੁਆਰ ਮਨੁੱਖ ਦੇ ਸਿਰ ਵਿੱਚ ਉਪਰਲੇ ਭਾਗ ਵਿੱਚ ਸਥਿਤ ਹੈ ਜੋ ਕਿ ਕੇਵਲ ਗੁਰਪ੍ਰਸਾਦਿ ਨਾਲ ਖੁੱਲ੍ਹਦਾ ਹੈ। ਜਦ ਨਾਮ ਨਾਲ ਬਾਕੀ ਦੇ ਸਾਰੇ ਸਤਿ ਸਰੋਵਰ ਖੁੱਲ੍ਹਣ ਤੋਂ ਉਪਰੰਤ ਨਾਮ ਦਸਮ ਦੁਆਰ ਵਿੱਚ ਪ੍ਰਗਟ ਹੁੰਦਾ ਹੈ ਤਾਂ ਦਸਮ ਦੁਆਰ ਖੁੱਲ੍ਹ ਜਾਂਦਾ ਹੈ। ਦਸਮ ਦੁਆਰ ਦਾ ਖੁੱਲ੍ਹਣਾ ਕੇਵਲ ਗੁਰਪ੍ਰਸਾਦਿ ਹੈ। ਇਹ ਮਨੁੱਖ ਦੇ ਆਪਣੇ ਜਤਨ ਕਰਨ ਨਾਲ ਨਹੀਂ ਖੁੱਲ੍ਹਦਾ ਹੈ। ਜੋ ਮਨੁੱਖ ਇਸ ਨੂੰ ਆਪਣੇ ਜਤਨ ਨਾਲ ਖੋਲ੍ਹਣ ਦਾ ਅਭਿਆਸ ਕਰਦੇ ਹਨ ਉਹ ਗਲਤੀ ਕਰਦੇ ਹਨ। ਇਹ ਕੇਵਲ ਗੁਰਕਿਰਪਾ ਅਤੇ ਗੁਰਪ੍ਰਸਾਦਿ ਨਾਲ ਹੀ ਖੁੱਲ੍ਹਦਾ ਹੈ। ਇਸ ਲਈ ਦਸਮ ਦੁਆਰ ਖੁੱਲ੍ਹਣ ਦੀ ਅਤੇ ਅਨਹਦ ਨਾਦ ਸ਼ਬਦ ਨੂੰ ਪ੍ਰਾਪਤ ਕਰਨ ਦੀ ਸਮਰਥਾ ਹਰ ਇੱਕ ਮਨੁੱਖ ਵਿੱਚ ਹੁੰਦੀ ਹੈ। ਪਰੰਤੂ ਇਸ ਇਲਾਹੀ ਅੰਮ੍ਰਿਤ ਦੀ ਪ੍ਰਾਪਤੀ ਕੇਵਲ ਉਨ੍ਹਾਂ ਮਨੁੱਖਾਂ ਨੂੰ ਹੁੰਦੀ ਹੈ ਜੋ ਕਿ ਗੁਰਪ੍ਰਸਾਦਿ ਦੀ ਪ੍ਰਾਪਤੀ ਉਪਰੰਤ ਉਸਦੀ ਤਨ, ਮਨ ਅਤੇ ਧਨ ਨਾਲ ਸੇਵਾ ਕਰਦੇ ਹਨ।

            ਜੋਗ ਸਾਧਨਾ ਰਾਹੀਂ ਪ੍ਰਾਪਤ ਹੋਈਆਂ ਰਿੱਧੀਆਂ ਅਤੇ ਸਿੱਧੀਆਂ; ਸਿੱਧਾਂ ਅਤੇ ਜੋਗੀਆਂ ਦਾ ਅਗਲਾ ਮਹਤੱਵਪੂਰਨ ਅਤੇ ਆਖਰੀ ਧਾਰਮਿਕ ਚਿੰਨ੍ਹ ਹੈ। ਰਿੱਧੀਆਂ ਅਤੇ ਸਿੱਧੀਆਂ ਦੀ ਪ੍ਰਾਪਤੀ ਉਨ੍ਹਾਂ ਦੀ ਬੰਦਗੀ ਦਾ ਆਖਰੀ ਪੜਾਵ ਬਣ ਕੇ ਰਹਿ ਜਾਂਦਾ ਹੈ। ਸਿੱਧੀ ਤੋਂ ਭਾਵ ਹੈ ਸਫਲਤਾ ਜਾਂ ਕਰਾਮਾਤ ਅਤੇ ਰਿੱਧੀ ਤੋਂ ਭਾਵ ਹੈ ਵਡਿਆਈ ਅਤੇ ਪਰਤਾਪ। ਰਿੱਧੀਆਂ ਅਤੇ ਸਿੱਧੀਆਂ ਦੀਆਂ ਕਰਾਮਾਤੀ ਸ਼ਕਤੀਆਂ ਦੀ ਪ੍ਰਾਪਤੀ ਉਪਰੰਤ ਸਿੱਧ ਅਤੇ ਜੋਗੀ ਇਨ੍ਹਾਂ ਸ਼ਕਤੀਆਂ ਵਿੱਚ ਉਲਝ ਕੇ ਰਹਿ ਜਾਂਦੇ ਹਨ ਅਤੇ ਉਨ੍ਹਾਂ ਦੀ ਬੰਦਗੀ ਉੱਪਰ ਤਾਲਾ ਲੱਗ ਜਾਂਦਾ ਹੈ। ਜੋ ਮਨੁੱਖ ਗੁਰਪ੍ਰਸਾਦਿ ਦੀ ਪ੍ਰਾਪਤੀ ਕਰਕੇ ਬੰਦਗੀ ਵਿੱਚ ਲੀਨ ਹੋ ਜਾਂਦੇ ਹਨ ਉਨ੍ਹਾਂ ਦੇ ਪਿੱਛੇ ਰਿੱਧੀਆਂ-ਸਿੱਧੀਆਂ ਬਹੁਤ ਛੇਤੀ ਬੰਦਗੀ ਦੀ ਮੁੱਢਲੀ ਅਵਸਥਾ ਵਿੱਚ ਲੱਗ ਜਾਂਦੀਆਂ ਹਨ। ਪਰੰਤੂ ਬੰਦਗੀ ਦੇ ਬੈਰਾਗ ਵਿੱਚ ਉਨ੍ਹਾਂ ਨੂੰ ਇਹ ਸ਼ਕਤੀਆਂ ਪ੍ਰਭਾਵਿਤ ਨਹੀਂ ਕਰ ਸਕਦੀਆਂ ਹਨ ਅਤੇ ਉਹ ਮਨੁੱਖ ਜੋ ਇਨ੍ਹਾਂ ਤੋਂ ਪ੍ਰਭਾਵਿਤ ਨਾ ਹੋ ਕੇ ਬੰਦਗੀ ਵਿੱਚ ਅੱਗੇ ਚਲੇ ਜਾਂਦੇ ਹਨ ਉਹ ਧੰਨ ਧੰਨ ਹੋ ਜਾਂਦੇ ਹਨ। ਇਸ ਲਈ ਜੋ ਜਿਗਿਆਸੂ ਪਰਨ ਬੰਦਗੀ ਦੇ ਮਾਰਗ ਉੱਪਰ ਚੱਲਦੇ ਹਨ ਉਨ੍ਹਾਂ ਨੂੰ ਜਦ ਇਨ੍ਹਾਂ ਸ਼ਕਤੀਆਂ ਦਾ ਸਾਹਮਣਾ ਕਰਨਾ ਪੈ ਜਾਵੇ ਤਾਂ ਉਨ੍ਹਾਂ ਨੂੰ ਇਨ੍ਹਾਂ ਸ਼ਕਤੀਆਂ ਨਾਲ ਪ੍ਰਭਾਵਿਤ ਨਾ ਹੋ ਕੇ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ।

           

            ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਦੇ ਇਸ ਪਰਮ ਸਤਿ ਤੱਤ ਨੂੰ ਗੁਰਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ :-

 

ਨਵ ਨਿਧੀ ਅਠਾਰਹ ਸਿਧੀ ਪਿਛੈ ਲਗੀਆ ਫਿਰਹਿ ਜੋ ਹਰਿ ਹਿਰਦੈ ਸਦਾ ਵਸਾਇ ॥

(ਪੰਨਾ ੬੪੯)

 

            ਜਿਨ੍ਹਾਂ ਮਹਾ ਪੁਰਖਾਂ ਦੀ ਬੰਦਗੀ ਪੂਰਨ ਹੋ ਜਾਂਦੀ ਹੈ ਅਤੇ ਜੋ ਅਕਾਲ ਪੁਰਖ ਦੇ ਨਿਰਗੁਣ ਸਰੂਪ ਵਿੱਚ ਅਭੇਦ ਹੋ ਜਾਂਦੇ ਹਨ ਉਨ੍ਹਾਂ ਦੇ ਚਰਨਾਂ ਵਿੱਚ ਰਿੱਧੀਆਂ ਅਤੇ ਸਿੱਧੀਆਂ ਵਾਸ ਕਰਦੀਆਂ ਹਨ। ਇਹ ਸ਼ਕਤੀਆਂ ਐਸੇ ਮਹਾ ਪੁਰਖਾਂ ਦੀ ਸੇਵਾ ਕਰਦੀਆਂ ਹਨ। ਇਹ ਸ਼ਕਤੀਆਂ ਇਨ੍ਹਾਂ ਮਹਾ ਪੁਰਖਾਂ ਦੇ ਬਚਨ ਪੂਰੇ ਕਰਨ ਵਿੱਚ ਸਹਾਇਤਾ ਕਰਦੀਆਂ ਹਨ।

ਜੋਗੀਆਂ ਅਤੇ ਸਿੱਧਾਂ ਵਿੱਚ ੮ ਵੱਡੀਆਂ ਸਿੱਧੀਆਂ ਮੰਨੀਆਂ ਗਈਆਂ ਹਨ। ਇਹ ਅੱਠ ਸਿੱਧੀਆਂ ਹਨ :- ‘ਅਣਿਮਾ, ਲਘਿਮਾ, ਪ੍ਰਾਪਤੀ, ਪ੍ਰਾਕਾਮਯ, ਮਹਿਮਾ, ਈਸ਼ਿੱਤ੍ਰ, ਵਸ਼ਿਤ੍ਰ, ਕਾਮਾਵਸਾਇਤਾ।

 

ਅਣਿਮਾ                  –               ਇਕ ਅਣੂ (ਕਿਣਕੇ) ਜਿਤਨਾ ਛੋਟਾ ਬਣ ਜਾਣ ਦੀ ਸ਼ਕਤੀ ਦੀ ਪ੍ਰਾਪਤੀ।

ਲਘਿਮਾ                 –               ਬਹੁਤ ਹੀ ਹੌਲੇ ਭਾਰ ਦਾ ਹੋ ਜਾਣਾ ਜਾਂ ਭਾਰ ਰਹਿਤ ਹੋ ਜਾਣ ਦੀ ਸ਼ਕਤੀ ਦੀ ਪ੍ਰਾਪਤੀ।

ਪ੍ਰਾਪਤੀ                  –               ਹਰੇਕ ਪਦਾਰਥ ਪ੍ਰਾਪਤ ਕਰਨ ਦੀ ਸਮਰਥਾ ਨੂੰ ਪ੍ਰਾਪਤ ਕਰ ਲੈਣਾ।

ਪ੍ਰਾਕਾਮਯ                –               ਸੁਤੰਤਰ ਮਰਜ਼ੀ, ਜਿਸ ਦੀ ਕੋਈ ਵਿਰੋਧਤਾ ਨਾ ਕਰ ਸਕੇ।

ਮਹਿਮਾ                  –               ਆਪਣੇ ਆਪ ਨੂੰ ਜਿਤਨਾ ਚਾਹੇ ਉਤਨਾ ਵੱਡਾ ਬਣਾਉਣ ਦੀ ਸ਼ਕਤੀ ਦੀ ਪ੍ਰਾਪਤੀ।

ਈਸ਼ਿੱਤ੍ਰ                  –               ਪ੍ਰਭਤਾ ਦੀ ਸ਼ਕਤੀ ਦੀ ਪ੍ਰਾਪਤੀ।

ਵਸ਼ਿਤ੍ਰ                   –               ਦੂਜੇ ਨੂੰ ਆਪਣੇ ਵੱਸ ਵਿੱਚ ਕਰ ਲੈਣ ਦੀ ਸ਼ਕਤੀ ਦੀ ਪ੍ਰਾਪਤੀ।

ਕਾਮਾਵਾਸਾਇਤਾ       –               ਕਾਮ ਆਦਿਕ ਵਿਕਾਰਾਂ ਨੂੰ ਕਾਬੂ ਵਿੱਚ ਰੱਖਣ ਦੀ ਸ਼ਕਤੀ ਦੀ ਪ੍ਰਾਪਤੀ।

 

            ਕੇਵਲ ਇਨ੍ਹਾਂ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਵਿਅਰਥ ਹੈ। ਰਿੱਧੀਆਂ ਸਿੱਧੀਆਂ ਦੇ ਸੁਆਦਾਂ ਵਿੱਚ ਜੋ ਪੈ ਜਾਂਦਾ ਹੈ ਉਹ ਆਪਣਾ ਜਨਮ ਵਿਅਰਥ ਗੁਆ ਲੈਂਦਾ ਹੈ। ਜੋ ਮਨੁੱਖ ਇਨ੍ਹਾਂ ਸ਼ਕਤੀਆਂ ਦੀ ਵਰਤੋਂ ਆਪਣੇ ਨਿਜੀ ਮਨੋਰਥ ਪੂਰੇ ਕਰਨ ਵਾਸਤੇ ਕਰਦੇ ਹਨ ਉਨ੍ਹਾਂ ਦਾ ਜਨਮ ਵਿਅਰਥ ਚਲਾ ਜਾਂਦਾ ਹੈ। ਜੇਕਰ ਇਨ੍ਹਾਂ ਸ਼ਕਤੀਆਂ ਦੀ ਵਰਤੋਂ ਅਕਾਲ ਪੁਰਖ ਦੇ ਹੁਕਮ ਤੋਂ ਬਾਹਰ ਹੋ ਕੇ ਕੀਤੀ ਜਾਵੇ ਤਾਂ ਉਹ ਸ਼ਰਾਪ ਬਣ ਜਾਂਦੀਆਂ ਹਨ। ਕੇਵਲ ਪੂਰਨ ਸੰਤ ਪੂਰਨ ਬ੍ਰਹਮ ਗਿਆਨੀ ਮਹਾ ਪੁਰਖਾਂ ਦੇ ਛੱਤਰ ਹੇਠ ਹੀ ਇਹ ਸ਼ਕਤੀਆਂ ਪੂਰਨ ਹੁਕਮ ਵਿੱਚ ਵਰਤਦੀਆਂ ਹਨ। ਕਿਉਂਕਿ ਪੂਰਨ ਸੰਤ ਪੂਰਨ ਬ੍ਰਹਮ ਗਿਆਨੀ ਮਹਾ ਪੁਰਖਾਂ ਦੇ ਛੱਤਰ ਹੇਠ ਇਹ ਸ਼ਕਤੀਆਂ ਕੇਵਲ ਲੋਕਾਈ ਦੇ ਪਰਉਪਕਾਰ ਅਤੇ ਮਹਾ ਪਰਉਪਕਾਰ ਕਰਨ ਲਈ ਵਰਤਦੀਆਂ ਹਨ।

            ਸਾਰੀ ਸ੍ਰਿਸ਼ਟੀ ਦਾ ਕਾਰ ਵਿਹਾਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਬਣਾਏ ਸੰਜੋਗ ਅਤੇ ਵਿਜੋਗ ਦੇ ਵਿਧਾਨ ਅਨੁਸਾਰ ਚੱਲਦਾ ਹੈ। ਸੰਜੋਗ ਅਤੇ ਵਿਜੋਗ ਦੀਆਂ ਪਰਮ ਸ਼ਕਤੀਆਂ ਸਾਰੇ ਸੰਸਾਰ ਦਾ ਕਾਰ ਵਿਹਾਰ ਚਲਾਉਂਦੀਆਂ ਹਨ। ਸੰਸਾਰ ਦੇ ਸਾਰੇ ਪ੍ਰਾਣੀਆਂ ਦਾ ਸੰਜੋਗ ਅਤੇ ਵਿਜੋਗ ਕਰਮ ਦੇ ਵਿਧਾਨ ਅਨੁਸਾਰ ਵਾਪਰਦਾ ਹੈ। ਭਾਵ ਸੰਸਾਰ ਦੇ ਜੀਵਾਂ ਦਾ ਮਿਲਾਪ ਅਤੇ ਵਿਛੋੜਾ ਇਨ੍ਹਾਂ ਜੀਵਾਂ ਦੇ ਕਰਮਾਂ ਅਨੁਸਾਰ ਵਾਪਰਦਾ ਹੈ। ਸੰਜੋਗ ਅਤੇ ਵਿਜੋਗ ਦਰਗਾਹੀ ਹੁਕਮ ਹੈ। ਕਰਮਾਂ ਦਾ ਬੰਧਨ ਦਰਗਾਹੀ ਹੁਕਮ ਹੈ। ਮਨੁੱਖ ਨੂੰ ਆਪਣੇ ਕਰਮਾਂ ਅਨੁਸਾਰ ਆਪਣੇ ਭਾਗਾਂ ਦਾ ਲੇਖਾ-ਜੋਖਾ ਪੂਰਾ ਕਰਨ ਲਈ ਬਾਰ-ਬਾਰ ਜਨਮ ਲੈਣਾ ਪੈਂਦਾ ਹੈ। ਸੰਜੋਗ ਅਤੇ ਵਿਜੋਗ ਦਾ ਇਹ ਸਿਲਸਿਲਾ ਉਸ ਸਮੇਂ ਤੱਕ ਚੱਲਦਾ ਰਹਿੰਦਾ ਹੈ ਜਦ ਤੱਕ ਮਨੁੱਖ ਦੇ ਕਰਮਾਂ ਦਾ ਲੇਖਾ-ਜੋਖਾ ਪੂਰਾ ਨਹੀਂ ਹੋ ਜਾਂਦਾ ਹੈ। ਕਰਮ ਦੇ ਇਨ੍ਹਾਂ ਬੰਧਨਾਂ ਦਾ ਕੋਈ ਦੁਨਿਆਵੀ ਤੋੜ ਨਹੀਂ ਹੈ। ਕਰਮਾਂ ਦੇ ਬੰਧਨ ਕੇਵਲ ਨਾਮ ਦੇ ਗੁਰਪ੍ਰਸਾਦਿ ਦੀ ਪਰਮ ਸ਼ਕਤੀ ਹੀ ਤੋੜ ਸਕਦੀ ਹੈ। ਗੁਰਪ੍ਰਸਾਦਿ ਦੀ ਪ੍ਰਾਪਤੀ ਕਰਨ ਉਪਰੰਤ ਜਦ ਮਨੁੱਖ ਨਾਮ ਦੀ ਕਮਾਈ ਕਰਦਾ ਹੈ ਤਾਂ ਨਾਮ ਮਨੁੱਖ ਦੇ ਸਾਰੇ ਜਨਮ-ਜਨਮਾਂਤਰਾਂ ਤੋਂ ਚੱੜ੍ਹੀਆਂ ਹੋਈਆਂ ਕਰਮਾਂ ਦੀਆ ਪਰਤਾਂ ਨੂੰ ਪਾੜ੍ਹ ਕੇ ਹਿਰਦੇ ਵਿੱਚ ਚਲਾ ਜਾਂਦਾ ਹੈ। ਜਦ ਨਾਮ ਹਿਰਦੇ ਨੂੰ ਪਰਮ ਜੋਤ ਪੂਰਨ ਪ੍ਰਕਾਸ਼ ਨਾਲ ਭਰਪੂਰ ਕਰ ਦਿੰਦਾ ਹੈ ਤਾਂ ਕਰਮਾਂ ਦੇ ਸਾਰੇ ਬੰਧਨ ਕੱਟੇ ਜਾਂਦੇ ਹਨ ਅਤੇ ਮਨੁੱਖ ਦਾ ਲੇਖਾ-ਜੋਖਾ ਪੂਰਨ ਹੋ ਜਾਂਦਾ ਹੈ। ਇਸ ਤਰ੍ਹਾਂ ਨਾਮ ਦੀ ਪਰਮ ਸ਼ਕਤੀ ਦੇ ਨਾਲ ਮਨੁੱਖ ਵਿੱਚ ਸਥਿਤ ਕੂੜ੍ਹ ਦੀ ਕੰਧ ਟੁੱਟ ਜਾਂਦੀ ਹੈ; ਅਤੇ ਇਸ ਕੂੜ੍ਹ ਦੀ ਕੰਧ ਦੇ ਟੁੱਟਣ ਨਾਲ ਹੀ ਮਨੁੱਖ ਦਾ ਹਿਰਦਾ ਪੂਰਨ ਸਚਿਆਰੀ ਰਹਿਤ ਵਿੱਚ ਚਲਾ ਜਾਂਦਾ ਹੈ ਅਤੇ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ।

            ਇਸ ਲਈ ਕੂੜ੍ਹ ਦੀ ਕੰਧ ਜੋ ਕਿ ਮਨੁੱਖ ਦੇ ਕਰਮਾਂ ਦੇ ਬੰਧਨ ਟੁੱਟਣ ਨਹੀਂ ਦਿੰਦੀ ਹੈ ਅਤੇ ਜੋ ਕੇਵਲ ਗੁਰਪ੍ਰਸਾਦਿ ਨਾਲ ਹੀ ਟੁੱਟਦੀ ਹੈ ਅਤੇ ਇਸ ਕੂੜ੍ਹ ਦੀ ਕੰਧ ਟੁੱਟਣ ਨਾਲ ਹੀ ਮਨੁੱਖ ਦੇ ਕਰਮਾਂ ਦੇ ਬੰਧਨਾਂ ਦਾ ਲੇਖਾ ਪੂਰਨ ਹੁੰਦਾ ਹੈ ਅਤੇ ਮਨੁੱਖ ਜੀਵਨ ਮੁਕਤੀ ਪ੍ਰਾਪਤ ਕਰਦਾ ਹੈ। ਇਸ ਲਈ ਗੁਰਪ੍ਰਸਾਦਿ ਦੀ ਪ੍ਰਾਪਤੀ ਲਈ ਸਤਿ ਕਰਮਾਂ ਦਾ ਇਕੱਤਰ ਕਰਨਾ ਬਹੁਤ ਜ਼ਰੂਰੀ ਹੈ। ਕੇਵਲ ਸਤਿ ਦੀ ਕਰਨੀ ਉੱਪਰ ਧਿਆਨ ਕੇਂਦਰਿਤ ਕਰਨ ਨਾਲ ਹੀ ਅਸੀਂ ਗੁਰਪ੍ਰਸਾਦਿ ਦੀ ਪ੍ਰਾਪਤੀ ਕਰ ਸਕਦੇ ਹਾਂ। ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ, ਜੋਦੜੀ, ਬੇਨਤੀ ਕਰੋ ਅਤੇ ਪ੍ਰਣਾਮ ਕਰੋ। ਉਹ ਪਰਮ ਸ਼ਕਤੀ ਜੋ ਆਦਿ ਸਤਿ ਹੈ, ਜੁਗਾਦਿ ਸਤਿ ਹੈ, ਸਦਾ ਸਦਾ ਸਤਿ ਹੈ। ਜਿਸਦਾ ਆਦਿ ਹੈ ਨਾ ਅੰਤ ਹੈ। ਜੋ ਸਦੀਵੀ ਹੈ ਅਤੇ ਪੂਰਨ ਸ਼ੁੱਧ ਰੂਪ ਹੈ। ਜੋ ਵਿਕਾਰ ਰਹਿਤ ਹੈ ਅਤੇ ਕਲੰਕ ਰਹਿਤ ਹੈ। ਪੂਰਨ ਸਤਿ ਹੈ। ਗੁਰਪ੍ਰਸਾਦਿ ਹੈ। ਪਰਮ ਆਨੰਦ ਹੈ। ਸਤਿ ਚਿੱਤ ਆਨੰਦ ਹੈ। ਜੋ ਜਿਗਿਆਸੂ ਬੰਦਗੀ ਵਿੱਚ ਲੀਨ ਹੋ ਜਾਂਦੇ ਹਨ ਉਨ੍ਹਾਂ ਦਾ ਹਰ ਦਮ ਸ਼ੁਕਰਾਨੇ ਅਤੇ ਬੇਨਤੀ ਵਿੱਚ ਨਿਕਲਦਾ ਹੈ। ਉਹ ਸਤਿ ਪਾਰਬ੍ਰਹਮ ਨੂੰ ਪੱਲ ਪੱਲ ਛਿੰਨ ਛਿੰਨ ਕੋਟਾਨ ਕੋਟ ਡੰਡਉਤ ਕਰਦੇ ਹਨ, ਕੋਟਾਨ ਕੋਟ ਨਮਸਕਾਰ ਕਰਦੇ ਹਨ ਅਤੇ ਕੋਟਾਨ ਕੋਟ ਸ਼ੁਕਰਾਨਾ ਕਰਦੇ ਹਨ। ਉਹ ਸਾਰੇ ਸੰਸਾਰ ਦੇ ਸੰਤ, ਬ੍ਰਹਮ ਗਿਆਨੀ, ਸਤਿਗੁਰੂ, ਅਵਤਾਰ, ਭਗਤ, ਗੁਰਮੁਖ, ਮਹਾ ਪੁਰਖਾਂ ਦੇ ਚਰਨਾਂ ਉੱਪਰ ਵੀ ਸਦਾ ਸਦਾ ਨਮਸਕਾਰ ਅਤੇ ਡੰਡਉਤ ਕਰਦੇ ਹਨ। ਉਹ ਸਾਰੀ ਸ੍ਰਿਸ਼ਟੀ ਦੇ ਚਰਨਾਂ ਤੇ ਸਦਾ ਸਦਾ ਨਮਸਕਾਰ ਅਤੇ ਡੰਡਉਤ ਕਰਦੇ ਹਨ। ਐਸੇ ਜਿਗਿਆਸੂਆਂ ਦੀ ਬੰਦਗੀ ਪੂਰਨ ਹੁੰਦੀ ਹੈ ਜੋ ਸਾਰੀ ਸ੍ਰਿਸ਼ਟੀ ਦੇ ਚਰਨਾਂ ਦੀ ਧੂੜ ਬਣ ਜਾਂਦੇ ਹਨ।