ਜਪੁਜੀ ਪਉੜੀ ੩੫

 

ਧਰਮ ਖੰਡ ਕਾ ਏਹੋ ਧਰਮੁ

ਗਿਆਨ ਖੰਡ ਕਾ ਆਖਹੁ ਕਰਮੁ

ਕੇਤੇ ਪਵਨ ਪਾਣੀ ਵੈਸੰਤਰ ਕੇਤੇ ਕਾਨ ਮਹੇਸ

ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ

ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ

ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ

ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ

ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ

ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ

ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ੩੫

 

            ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਬੇਅੰਤ ਦਿਆਲਤਾ ਨਾਲ ਪਿੱਛਲੀ ਪਉੜੀ ਵਿਚ ਕਰਮ ਕਾਂਡ ਦੀ ਮਹਿਮਾ ਦੇ ਬਾਰੇ ਪੂਰਨ ਬ੍ਰਹਮ ਗਿਆਨ ਸਾਰੀ ਲੋਕਾਈ ਦੀ ਝੋਲੀ ਵਿਚ ਪਾਇਆ ਹੈ। ਕਰਮ ਵਿਚੋਂ ਹੀ ਧਰਮ ਉਪਜਦਾ ਹੈ। ਮਨੁੱਖ ਦੇ ਕਰਮ ਹੀ ਮਨੁੱਖ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਦਰ ਦਿਖਾਉਂਦੇ ਹਨ। ਮਨੁੱਖ ਦੇ ਕਰਮ ਹੀ ਮਨੁੱਖ ਨੂੰ ਦਰਗਾਹ ਵਿਚ ਪਰਵਾਨਗੀ ਦਿਵਾਉਂਦੇ ਹਨ। ਮਨੁੱਖ ਦੇ ਸਤਿ ਕਰਮ ਹੀ ਮਨੁੱਖ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਰਹਿਮਤ, ਕਿਰਪਾ, ਮਿਹਰ, ਦਇਆ ਅਤੇ ਗੁਰ ਪ੍ਰਸਾਦਿ ਦਾ ਪਾਤਰ ਬਣਾਉਂਦੇ ਹਨ। ਧਰਤੀ ਮਨੁੱਖ ਦੀ ਕਰਮ ਭੂਮੀ ਹੈ। ਪੰਜੇ ਤੱਤ : ਪਵਨ, ਪਾਣੀ, ਬੈਸੰਤਰ, ਧਰਤੀ ਅਤੇ ਆਕਾਸ਼ ਮਨੁੱਖ ਦੇ ਕਰਮ ਕਾਂਡ ਦੀ ਰਚਨਾ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਮਨੁੱਖ ਦੇ ਜਨਮ ਤੋਂ ਲੈ ਕੇ ਸਾਰੇ ਜੀਵਨ ਅਤੇ ਮਰਣ ਤੱਕ ਮਨੁੱਖ ਕਰਮ ਕਰਦਾ ਹੈ। ਮਨੁੱਖ ਦੇ ਕਰਮ ਹੀ ਮਨੁੱਖ ਦਾ ਪ੍ਰਾਲੱਬਧ ਨਿਸ਼ਚਿਤ ਕਰਦੇ ਹਨ। ਮਨੁੱਖ ਆਪਣੇ ਕਰਮਾਂ ਦੇ ਨਾਲ ਆਪਣਾ ਭਵਿੱਖ ਆਪ ਲਿਖਦਾ ਹੈ। ਮਨੁੱਖ ਕਰਮ ਦੇ ਵਿਧਾਨ ਅਨੁਸਾਰ ਆਪਣੇ ਕਰਮਾਂ ਦੇ ਦੁਆਰਾ ਆਪਣਾ ਮੁਕੱਦਰ ਆਪ ਲਿਖਦਾ ਹੈ। ਮਨੁੱਖ ਦੇ ਸਤਿ ਕਰਮ ਮਨੁੱਖ ਨੂੰ ਸਤਿ ਵਿਚ ਸਮਾ ਦਿੰਦੇ ਹਨ ਅਤੇ ਮਨੁੱਖ ਦੇ ਅਸਤਿ ਕਰਮ ਮਨੁੱਖ ਨੂੰ ਜਨਮ ਮਰਣ ਅਤੇ ਜੂਨਾਂ ਵਿਚ ਭਟਕਣ ਲਈ ਉੱਤਰਦਾਈ ਹੁੰਦੇ ਹਨ। ਇਸ ਲਈ ਮਨੁੱਖ ਦੇ ਕਰਮਾਂ ਵਿਚੋਂ ਹੀ ਮਨੁੱਖ ਦਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਾਲ ਮਿਲਾਪ ਹੁੰਦਾ ਹੈ। ਇਸ ਲਈ ਮਨੁੱਖ ਦਾ ਕਰਮ ਕਾਂਡ ਹੀ ਮਨੁੱਖ ਦਾ ਧਰਮ ਖੰਡ ਵਿਚ ਸਥਾਪਿਤ ਹੋਣਾ ਨਿਸ਼ਚਿਤ ਕਰਦਾ ਹੈ। ਜੋ ਮਨੁੱਖ ਬੁਰਿਆਈਆਂ ਦਾ ਤਿਆਗ ਕਰਕੇ ਸਤਿ ਦੀ ਕਰਨੀ ਕਰਦੇ ਹਨ ਉਨ੍ਹਾਂ ਨੂੰ ਧਰਮ ਖੰਡ ਵਿਚ ਦਾਖਲਾ ਮਿਲ ਜਾਂਦਾ ਹੈ ਅਤੇ ਉਨ੍ਹਾਂ ਦਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬੰਦਗੀ ਦਾ ਮਾਰਗ ਨਿਰਮਿਤ ਹੋਣਾ ਸ਼ੁਰੂ ਹੋ ਜਾਂਦਾ ਹੈ।

           ਧੰਨ ਧੰਨ ਸਤਿਗੁਰ ਅਵਤਾਰ ਨਾਨਕ ਪਾਤਸ਼ਾਹ ਜੀ ਨੇ ਮਨੁੱਖ ਦੀ ਆਤਮਿਕ ਅਵਸਥਾ ਨੂੰ ਪੰਜ ਖੰਡਾਂ ਵਿਚ ਵੰਡਿਆ ਹੈ। ਪਉੜੀ ੩੪-੩੭ ਵਿਚ ਇਨ੍ਹਾਂ ਪੰਜ ਖੰਡਾਂ ਦੇ ਬਾਰੇ ਪੂਰਨ ਬ੍ਰਹਮ ਗਿਆਨ ਸਤਿਗੁਰ ਪਾਤਸ਼ਾਹ ਜੀ ਨੇ ਸਾਰੀ ਲੋਕਾਈ ਦੀ ਝੋਲੀ ਵਿਚ ਪਾ ਦਿੱਤਾ ਹੈ। ਇਨ੍ਹਾਂ ੪ ਪਉੜੀਆਂ ਵਿਚ ਸਤਿਗੁਰ ਪਾਤਸ਼ਾਹ ਜੀ ਨੇ ਮਨੁੱਖ ਨੂੰ ਕਰਮ ਕਾਂਡ ਤੋਂ ਲੈ ਕੇ ਪੂਰਨ ਬੰਦਗੀ ਜਦ ਦਰਗਾਹ ਵਿਚ ਪਰਵਾਨ ਚੜ੍ਹਦੀ ਹੈ, ਤੱਕ ਦਾ ਨਕਸ਼ਾ ਪ੍ਰਤੱਖ ਪ੍ਰਗਟ ਕਰ ਦਿੱਤਾ ਹੈ। ਇਨ੍ਹਾਂ ਚਾਰ ਪਉੜੀਆਂ ਵਿਚ ਸਤਿਗੁਰ ਜੀ ਨੇ ਇਹ ਦਰਸਾਇਆ ਹੈ ਕਿ ਮਨੁੱਖ ਕਿਵੇਂ ਇੱਕ ਸਾਧਾਰਨਅਵਸਥਾ ਤੋਂ ਸ਼ੁਰੂ ਕਰਕੇ ਅਤੇ ਰੂਹਾਨੀਅਤ ਵਿਚ ਉੱਚਾ ਉੱਠਦਾ ਹੋਇਆ ਦਰਗਾਹ ਪਰਵਾਨ ਹੁੰਦਾ ਹੈ ਅਤੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ ਰੂਪ ਹੋ ਕੇ ਸਦਾ-ਸਦਾ ਲਈ ਅਭੇਦ ਹੋ ਜਾਂਦਾ ਹੈ। ਬੰਦਗੀ ਦੇ ਇਹ ਪੰਜ ਖੰਡ ਹਨ : ਧਰਮ ਖੰਡ; ਗਿਆਨ ਖੰਡ; ਸਰਮ ਖੰਡ; ਕਰਮ ਖੰਡ ਅਤੇ ਸੱਚ ਖੰਡ।

            ਬੰਦਗੀ ਦੀ ਪੂਰਨ ਅਵਸਥਾ ਨੂੰ ਸੱਚ ਖੰਡ ਕਿਹਾ ਗਿਆ ਹੈ। ਐਸੀ ਸੁੰਦਰ ਸ਼ਿਖਰ ਦੀ ਰੂਹਾਨੀ ਅਵਸਥਾ ਦੀ ਪ੍ਰਾਪਤੀ ਨਾਲ ਦਰਗਾਹ ਦੇ ਸਾਰੇ ਖਜ਼ਾਨਿਆਂ ਦੀ ਕੁੰਜੀ ਅਕਾਲ ਪੁਰਖ ਜੀ ਦੀ ਬਖਸ਼ਿਸ਼ ਗੁਰਪ੍ਰਸਾਦਿ ਵਰਤਾਉਣ ਦੇ ਹੁਕਮ ਅਨੁਸਾਰ ਭਗਤ ਦੀ ਝੋਲੀ ਵਿੱਚ ਪੈ ਜਾਂਦੀ ਹੈ। ਬੰਦਗੀ ਦੇ ਇਨ੍ਹਾਂ ਪੰਜ ਪੜਾਵਾਂ ਦਾ ਸਾਰ ਭਾਵ ਇਸ ਤਰ੍ਹਾਂ ਹੈ :-

 

ਧਰਮ ਖੰਡ :-

 

ਜਦੋਂ ਤੁਹਾਨੂੰ ਇਹ ਗਿਆਨ ਪ੍ਰਾਪਤ ਹੋ ਜਾਂਦਾ ਹੈ ਕਿ ਮਨੁੱਖਾ ਜ਼ਿੰਦਗੀ ਦਾ ਅਸਲੀ ਮੰਤਵ ਜੀਵਨ ਮੁਕਤੀ ਪ੍ਰਾਪਤ ਕਰਨਾ ਹੈ ਅਤੇ ਤੁਸੀਂ ਪਾਠ, ਪੂਜਾ, ਦਇਆ, ਧਰਮ, ਸੰਤੋਖ ਅਤੇ ਸੰਜਮ ਕਰਮਾਂ ਵੱਲ ਰੁਚਿਤ ਹੋ ਜਾਂਦੇ ਹੋ। ਭਾਵ ਤੁਹਾਡੀ ਬਿਰਤੀ ਸਤੋ ਬਿਰਤੀ ਵਿਚ ਪਰਿਵਰਤਿਤ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਤੁਸੀਂ ਸਤਿ ਕਰਮਾਂ ਉੱਪਰ ਆਪਣਾ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿੰਦੇ ਹੋ। ਹੌਲੀ-ਹੌਲੀ ਤੁਹਾਡੇ ਕਰਮ ਸਤਿ ਕਰਮ ਹੋਣੇ ਸ਼ੁਰੂ ਹੋ ਜਾਂਦੇ ਹਨ। ਵਿਚਾਰਨਯੋਗ ਵਿਚਾਰ ਇਹ ਹੈ ਕਿ ਲਗਭਗ ਸਾਰੀ ਸੰਗਤ ਇਸ ਖੰਡ ਵਿੱਚ ਜਾਂ ਇਸ ਤੋਂ ਵੀ ਥੱਲੇ ਦੀ ਅਵਸਥਾ ਵਿੱਚ ਹੀ ਅਟਕੀ ਹੋਈ ਹੈ। ਬਹੁਤ ਘੱਟ ਗਿਣਤੀ ਵਿੱਚ ਸੰਗਤ ਇਸ ਅਵਸਥਾ ਤੋਂ ਅੱਗੇ ਵੱਧਦੀ ਹੈ। ਸਾਰੀ ਸੰਗਤ ਕੇਵਲ ਬਾਣੀ ਪੜ੍ਹਨ ਵਿੱਚ ਹੀ ਲੱਗੀ ਹੋਈ ਹੈ। ਰੋਜ਼ਾਨਾ ਨਿੱਤਨੇਮ – ਪੰਜ ਬਾਣੀਆਂ ਦੇ ਪੜ੍ਹਨ ਵਿੱਚ, ਸੁਖਮਨੀ ਬਾਣੀ ਦੇ ਪੜ੍ਹਨ ਵਿੱਚ, ਆਸਾ ਦੀ ਵਾਰ ਪੜ੍ਹਨ ਵਿੱਚ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪੜ੍ਹਨ ਵਿੱਚ ਲਗਭਗ ਸਾਰੀ ਸੰਗਤ ਰੁੱਝੀ ਹੋਈ ਹੈ। ਸਾਰੀ ਸੰਗਤ ਕੇਵਲ ਇਸ ਭਰਮ ਅਤੇ ਅਗਿਆਨਤਾ ਵਿੱਚ ਹੈ ਕਿ ਸ਼ਾਇਦ ਬਾਣੀ ਪੜ੍ਹਨਾ ਹੀ ਕਾਫੀ ਹੈ। ਇਹ ਸਤਿ ਹੈ ਕਿ ਬਾਣੀ ਪੜ੍ਹਨਾ ਸਤਿ ਕਰਮ ਹੈ, ਪਰੰਤੂ ਇਹ ਸਮਝ ਲੈਣਾ ਕਿ ਕੇਵਲ ਬਾਣੀ ਪੜ੍ਹਨ ਨਾਲ ਹੀ ਰੂਹਾਨੀਅਤ ਦੀਆਂ ਸਾਰੀਆਂ ਪ੍ਰਾਪਤੀਆਂ ਹੋ ਜਾਣਗੀਆਂ, ਕੇਵਲ ਭਰਮ ਹੈ ਅਤੇ ਅਗਿਆਨਤਾ ਹੈ। ਇਹ ਹੀ ਕਾਰਣ ਹੈ ਕਿ ਲਗਭਗ ਸਾਰੀ ਸੰਗਤ ਦੀ ਰੂਹਾਨੀ ਤਰੱਕੀ ਜਿਵੇਂ ਖੱੜ੍ਹ ਗਈ ਹੈ। ਇਸ ਲਈ ਤੁਹਾਡੀ ਰੂਹਾਨੀ ਤਰੱਕੀ ਲਈ ਇਹ ਜ਼ਰੂਰੀ ਹੈ ਕਿ ਬਜਾਏ ਗੁਰਬਾਣੀ ਨੂੰ ਬਾਰ-ਬਾਰ ਪੜ੍ਹਨ ਦੇ ਉਹ ਕੀਤਾ ਜਾਵੇ ਜੋ ਗੁਰਬਾਣੀ ਕਰਨ ਨੂੰ ਆਖਦੀ ਹੈ। ਗੁਰਬਾਣੀ ਦਰਗਾਹੀ ਉਪਦੇਸ਼ ਹੈ। ਇਸ ਉਪਦੇਸ਼ ਨੂੰ ਪੜ੍ਹਨ ਦਾ ਲਾਭ ਤਾਂ ਹੋ ਸਕਦਾ ਹੈ ਜੇਕਰ ਜੀਵਨ ਵਿਚ ਇਸ ਇਲਾਹੀ ਉਪਦੇਸ਼ ਨੂੰ ਕਮਾਇਆ ਜਾਵੇ। ਗੁਰਬਾਣੀ ਕਰਨ ਨਾਲ ਦਰਗਾਹੀ ਗੁਰਪ੍ਰਸਾਦਿ ਦੀ ਪ੍ਰਾਪਤੀ ਹੁੰਦੀ ਹੈ, ਕੇਵਲ ਗੁਰਬਾਣੀ ਪੜ੍ਹਨ ਨਾਲ ਨਹੀਂ। ਗੁਰਬਾਣੀ ਕਰਨ ਨਾਲ ਉਹ ਸਭ ਕੁਝ ਪ੍ਰਾਪਤ ਹੁੰਦਾ ਹੈ ਜੋ ਗੁਰਬਾਣੀ ਵਿੱਚ ਲਿਖਿਆ ਹੈ। ਗੁਰਬਾਣੀ ਕਰਨ ਵਾਲੇ ਹੀ ਰੂਹਾਨੀਅਤ ਦੀ ਅਗਲੀ ਅਤੇ ਅਗਲੀਆਂ ਅਵਸਥਾਵਾਂ ਦੀ ਪ੍ਰਾਪਤੀ ਕਰਦੇ ਹਨ। ਗੁਰਬਾਣੀ ਵਿਚ ਇਸ ਪਰਮ ਸਤਿ ਤੱਤ ਨੂੰ ਪ੍ਰਗਟ ਕੀਤਾ ਗਿਆ ਹੈ :-

 

ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ

(ਪੰਨਾ ੩੦੪)

 

            ਗੁਰਬਾਣੀ ਸਤਿ ਸਰੂਪ ਹੈ। ਭਾਵ ਗੁਰਬਾਣੀ ਅਕਾਲ ਪੁਰਖ ਦਾ ਗਿਆਨ ਸਰੂਪ ਹੈ। ਗੁਰਬਾਣੀ ਪੂਰਨ ਬ੍ਰਹਮ ਗਿਆਨ ਗੁਰੂ ਹੈ। ਗੁਰਬਾਣੀ ਸਤਿ ਹੈ ਇਸ ਲਈ ਗੁਰਬਾਣੀ ਗੁਰੂ ਹੈ। ਗੁਰਬਾਣੀ ਸਤਿ ਹੈ ਇਸ ਲਈ ਗੁਰਬਾਣੀ ਨਿਰੰਕਾਰ ਦਾ ਗਿਆਨ ਸਰੂਪ ਹੈ। ਜੋ ਮਨੁੱਖ ਇਸ ਪੂਰਨ ਬ੍ਰਹਮ ਗਿਆਨ ਗੁਰੂ ਨੂੰ ਆਪਣੇ ਜੀਵਨ ਵਿਚ ਕਮਾਉਂਦੇ ਹਨ, ਉਹ ਜੋ ਗੁਰਬਾਣੀ ਵਿਚ ਲਿਖਿਆ ਹੈ ਬਣ ਜਾਂਦੇ ਹਨ। ਭਾਵ ਜੋ ਮਨੁੱਖ ਗੁਰਬਾਣੀ ਕਰਦੇ ਹਨ ਉਹ ਮਨੁੱਖ ਸਤਿ ਸਰੂਪ ਬਣ ਜਾਂਦੇ ਹਨ। ਜੋ ਮਨੁੱਖ ਗੁਰ ਸ਼ਬਦ ਦੀ ਕਮਾਈ ਆਪਣੇ ਰੋਜ਼ਾਨਾ ਜੀਵਨ ਵਿਚ ਕਰਦੇ ਹਨ ਉਹ ਮਨੁੱਖ ਸਤਿ ਸਰੂਪ ਬਣ ਜਾਂਦੇ ਹਨ। ਸਤਿ ਰੂਪ ਹੋ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿਚ ਸਮਾ ਜਾਂਦੇ ਹਨ। ਸਤਿ ਰੂਪ ਹੋ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿਚ ਅਭੇਦ ਹੋ ਜਾਂਦੇ ਹਨ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਿਰਗੁਣ ਸਰੂਪ ਵਿਚ ਸਮਾ ਜਾਂਦੇ ਹਨ। ਇਸੇ ਲਈ ਗੁਰਬਾਣੀ ਇੱਕ ਉਪਦੇਸ਼ ਹੈ ਜਿਸਨੂੰ ਕਮਾਉਣ ਨਾਲ ਮਨੁੱਖ ਇਸ ਉੱਚੀ ਆਤਮਿਕ ਅਵਸਥਾ ਨੂੰ ਪ੍ਰਾਪਤ ਹੁੰਦਾ ਹੈ। ਇਸ ਲਈ ਸਾਰੀ ਲੋਕਾਈ ਦੇ ਚਰਨਾਂ ਉੱਪਰ ਬੇਨਤੀ ਹੈ ਕਿ ਗੁਰਬਾਣੀ ਨੂੰ ਕਮਾਉਣ ਦਾ ਯਤਨ ਕੀਤਾ ਜਾਏ ਨਾਕਿ ਕੇਵਲ ਗੁਰਬਾਣੀ ਨੂੰ ਪੜ੍ਹ-ਪੜ੍ਹ ਕੇ ਛੱਡ ਦਿੱਤਾ ਜਾਏ।

 

            ਗੁਰਬਾਣੀ ਵਿਚ ਇਸ ਪਰਮ ਸਤਿ ਤੱਤ ਨੂੰ ਵੀ ਪ੍ਰਗਟ ਕੀਤਾ ਗਿਆ ਹੈ ਕਿ ਕੋਈ ਵਿਰਲਾ ਮਨੁੱਖ ਹੀ ਗੁਰਬਾਣੀ ਦੇ ਉਪਦੇਸ਼ ਦੀ ਕਮਾਈ ਕਰਦਾ ਹੈ :-

 

ਗੁਰ ਕਾ ਸਬਦੁ ਕੋ ਵਿਰਲਾ ਬੂਝੈ

(ਪੰਨਾ ੧੨੦)

 

ਗੁਰ ਕੀ ਸਿਖ ਕੋ ਵਿਰਲਾ ਲੇਵੈ

(ਪੰਨਾ ੫੦੯)

 

            ਕੋਈ ਵਿਰਲਾ ਮਨੁੱਖ ਹੈ ਜੋ ਗੁਰ ਸ਼ਬਦ ਦੀ ਆਪਣੇ ਰੋਜ਼ਾਨਾ ਦੇ ਜੀਵਨ ਵਿਚ ਕਮਾਈ ਕਰਦਾ ਹੈ। ਕੋਈ ਵਿਰਲਾ ਮਨੁੱਖ ਹੈ ਜਿਸਨੂੰ ਇਹ ਸੋਝੀ ਦੀ ਬਖ਼ਸ਼ਿਸ਼ ਹੁੰਦੀ ਹੈ ਕਿ ਗੁਰਬਾਣੀ ਦੇ ਸ਼ਬਦ ਦੀ ਕਮਾਈ ਕੀਤੀ ਜਾਵੇ। ਇਹ ਹੀ ਕਾਰਣ ਹੈ ਕਿ ਲਗਭਗ ਸਾਰੀ ਜਿਗਿਆਸੂ ਸੰਗਤ ਇਸ ਪਰਮ ਸਤਿ ਨੂੰ ਜਾਣਦੇ ਹੋਏ ਵੀ ਗੁਰ ਕੇ ਸ਼ਬਦ ਦੀ ਕਮਾਈ ਵਿਚ ਆਪਣੇ ਆਪ ਨੂੰ ਸਮਰਪਿਤ ਨਹੀਂ ਕਰਦੀ ਹੈ। ਬਹੁਤ ਸਾਰੇ ਜਿਗਿਆਸੂਆਂ ਦੇ ਮਨ ਵਿਚ ਇਹ ਪ੍ਰਸ਼ਨ ਆਏਗਾ ਕਿ ਗੁਰ ਸ਼ਬਦ ਦੀ ਕਮਾਈ ਕੀ ਹੈ ਅਤੇ ਕਿਸ ਤਰ੍ਹਾਂ ਇਹ ਕਮਾਈ ਕੀਤੀ ਜਾ ਸਕਦੀ ਹੈ। ਜਿਗਿਆਸੂ ਕਿਵੇਂ ਆਪਣੇ ਰੋਜ਼ਾਨਾ ਕਰਮਾਂ ਨੂੰ ਸਤਿ ਦੀ ਕਰਨੀ ਵਿਚ ਬਦਲ ਸਕਦਾ ਹੈ। ਇਸ ਲਈ ਗੁਰ ਸ਼ਬਦ ਦੀ ਕਮਾਈ ਕਰਨ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਗੁਰ ਸ਼ਬਦ ਦੀ ਕਮਾਈ ਕੀ ਹੈ ਅਤੇ ਕਿਸ ਤਰ੍ਹਾਂ ਨਾਲ ਕੀਤੀ ਜਾ ਸਕਦੀ ਹੈ। ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਬੜਾ ਸੁਖਾਲਾ ਹੈ। ਸਾਨੂੰ ਕੇਵਲ ਉਹ ਕਰਨਾ ਹੈ ਜੋ ਗੁਰਬਾਣੀ ਕਰਨ ਦਾ ਉਪਦੇਸ਼ ਦੇ ਰਹੀ ਹੈ।

            ਉਦਾਹਰਣ ਦੇ ਤੌਰ ਤੇ ਜੇ ਕਰ ਗੁਰਬਾਣੀ ਕਹਿ ਰਹੀ ਹੈ ਕਿ ਨਾਮ ਸਿਮਰਨ ਕਰੋ ਤਾਂ ਇਸ ਵਿਚ ਸਮਝਣ ਵਾਲੀ ਕੀ ਗੱਲ ਹੈ ? ਬੱਸ ਆਪਣੇ ਆਪ ਨੂੰ ਨਾਮ ਸਿਮਰਨ ਕਰਨ ਵਿਚ ਸਮਰਪਿਤ ਕਰ ਦੇਵੋਜੀ। ਨਾਮ ਸਿਮਰਨ ਨੂੰ ਆਪਣਾ ਨਿਤਨੇਮ ਬਣਾ ਲਵੋ ਜੀ। ਜਿਵੇਂ ਰੋਜ਼ਾਨਾ ਪੰਜ ਬਾਣੀਆਂ ਅਤੇ ਸੁਖਮਨੀ ਬਾਣੀ ਨੂੰ ਪੜ੍ਹਦੇ ਹੋ ਉਸੇ ਤਰ੍ਹਾਂ ਨਾਲ ਨਾਮ ਸਿਮਰਨ ਕਰਨਾ ਸ਼ੁਰੂ ਕਰ ਦੇਵੋ ਜੀ। ਗੁਰਬਾਣੀ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਹੁਕਮ ਹੈ ਅਤੇ ਗੁਰਬਾਣੀ ਕਹਿ ਰਹੀ ਹੈ :-

 

ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ

(ਪੰਨਾ ੨੬੨)

 

            ਗੁਰਬਾਣੀ ਇਹ ਵੀ ਕਹਿੰਦੀ ਹੈ ਕਿ “ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥” (੨੬੩) ਤਾਂ ਫਿਰ ਇਸ ਵਿਚ ਸੋਚਣ ਵਾਲੀ ਕਿਹੜੀ ਗੱਲ ਹੈ। ਬਸ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਅਤੇ ਗੁਰਬਾਣੀ ਗੁਰੂ ਦਾ ਹੁਕਮ ਮੰਨੋ ਅਤੇ ਆਪਣੇ ਆਪ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਾਮ ਸਿਮਰਨ ਵਿਚ ਸਮਰਪਿਤ ਕਰ ਦੇਵੋ ਜੀ। ਜਦ ਅਸੀਂ ਐਸਾ ਕਰਨਾ ਸ਼ੁਰੂ ਕਰ ਦਿੰਦੇ ਹਾਂ ਤਾਂ ਅਸੀਂ ਇਨ੍ਹਾਂ ਗੁਰ ਕੇ ਸ਼ਬਦਾਂ ਦੀ ਕਮਾਈ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਹ ਪੂਰਨ ਸਤਿ ਤੱਤ ਹੈ ਕਿ ਜੇ ਕਰ ਅਸੀਂ ਕੇਵਲ ਇਸ ਇੱਕ ਗੁਰ ਸ਼ਬਦ ਦੀ ਕਮਾਈ ਕਰਨ ਵਿਚ ਆਪਣੇ ਆਪ ਨੂੰ ਸਮਰਪਿਤ ਕਰਦੇ ਹਾਂ ਤਾਂ ਸਾਨੂੰ ਉਹ ਸਾਰੇ ਫੱਲ ਪ੍ਰਾਪਤ ਹੋਣਗੇ ਜੋ ਕਿ ਸੁਖਮਨੀ ਬਾਣੀ ਦੀ ਪਹਿਲੀ ਅਸਟਪਦੀ ਵਿਚ ਧੰਨ ਧੰਨ ਸਤਿਗੁਰ ਅਵਤਾਰ ਅਰਜਨ ਦੇਵ ਜੀ ਨੇ ਪ੍ਰਗਟ ਕੀਤੇ ਹਨ। ਕੇਵਲ ਇਸ ਇੱਕ ਗੁਰ ਸ਼ਬਦ ਦੀ ਕਮਾਈ ਕਰਨ ਨਾਲ ਹੀ ਸਾਨੂੰ ਰੂਹਾਨੀਅਤ ਦੀਆਂ ਸਾਰੀਆਂ ਪ੍ਰਾਪਤੀਆਂ ਹੋ ਜਾਣਗੀਆਂ ਅਤੇ ਸਾਨੂੰ ਦਰਗਾਹ ਵਿਚ ਮਾਨ ਪ੍ਰਾਪਤ ਹੋ ਜਾਏਗਾ।

 

ਪ੍ਰਭ ਕੈ ਸਿਮਰਨਿ ਦਰਗਹ ਮਾਨੀ ॥”

(ਪੰਨਾ ੨੬੨)

 

            ਕੇਵਲ ਇਸ ਇੱਕ ਗੁਰ ਸ਼ਬਦ ਦੀ ਕਮਾਈ ਕਰਨ ਨਾਲ ਸਾਨੂੰ ਪੂਰਨ ਬ੍ਰਹਮ ਗਿਆਨ, ਪੂਰਨ ਤੱਤ ਗਿਆਨ ਅਤੇ ਧਿਆਨ ਦੀਆਂ ਪਰਮ ਸ਼ਕਤੀਸ਼ਾਲੀ ਅਤੇ ਪਰਮ ਉੱਚੀਆਂ ਅਵਸਥਾਵਾਂ ਪ੍ਰਾਪਤ ਹੋ ਜਾਣਗੀਆਂ :-

 

“ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ ॥”

(ਪੰਨਾ ੨੬੨)

 

            ਕੇਵਲ ਇਸ ਇੱਕ ਗੁਰ ਸ਼ਬਦ ਦੀ ਕਮਾਈ ਕਰਨ ਦੇ ਨਾਲ ਸਾਨੂੰ ਸਹਿਜ ਸਮਾਧੀ ਦੀ ਪ੍ਰਾਪਤੀ ਹੋ ਜਾਏਗੀ।

 

ਪ੍ਰਭ ਕੈ ਸਿਮਰਨਿ ਸਹਜਿ ਸਮਾਨੀ ॥”

(ਪੰਨਾ ੨੬੨)

 

            ਸਹਿਜ ਸਮਾਧੀ ੨੪ ਘੰਟੇ ਨਿਰੰਤਰ ਸਮਾਧੀ ਦੀ ਅਵਸਥਾ ਹੈ। ਸਹਿਜ ਸਮਾਧੀ ਪੂਰਨ ਅਟੱਲ ਅਵਸਥਾ ਹੈ। ਸਹਿਜ ਸਮਾਧੀ ਪਰਮ ਪੱਦਵੀ ਦੀ ਅਵਸਥਾ ਹੈ। ਸਿਮਰਨ ਵਿਚ ਸਾਡੇ ਹਿਰਦੇ ਵਿਚ ਆਪ ਨਿਰੰਕਾਰ ਪ੍ਰਗਟ ਹੋ ਜਾਂਦਾ ਹੈ।

 

ਹਰਿ ਸਿਮਰਨ ਮਹਿ ਆਪਿ ਨਿਰੰਕਾਰਾ ॥”

(ਪੰਨਾ ੨੬੩)

 

            ਭਾਵ ਸਿਮਰਨ ਕਰਦੇ-ਕਰਦੇ ਮਨੁੱਖ ਦੇ ਹਿਰਦੇ ਵਿਚ ਆਪ ਨਿਰੰਕਾਰ ਪ੍ਰਗਟਿਓ ਜੋਤ ਪੂਰਨ ਬ੍ਰਹਮ ਗਿਆਨੀ ਦੇ ਰੂਪ ਵਿਚ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਪ੍ਰਗਟ ਹੋ ਜਾਂਦਾ ਹੈ। ਨਾਮ ਸਿਮਰਨ ਨਾਲ ਹੋਰ ਕੀ ਕੀ ਸਾਨੂੰ ਪ੍ਰਾਪਤ ਹੋ ਸਕਦਾ ਹੈ; ਇਸ ਪਰਮ ਸਤਿ ਨੂੰ ਜਾਣਨ ਲਈ ਆਪਣਾ ਧਿਆਨ ਸੁਖਮਨੀ ਬਾਣੀ ਦੀ ਪਹਿਲੀ ਅਸਟਪਦੀ ਉੱਪਰ ਕੇਂਦਰਿਤ ਕਰੋ ਤਾਂ ਆਪਨੂੰ ਇਹ ਪਤਾ ਚਲੇਗਾ ਕਿ ਆਪਨੂੰ ਕੀ ਕੀ ਲਾਭ ਹੋਣਗੇ, ਕਿਵੇਂ ਆਪਦੇ ਸਾਰੇ ਬਿਗੜੇ ਹੋਏ ਕਾਰਜ ਸਿੱਧੇ ਹੋਣੇ ਸ਼ੁਰੂ ਹੋ ਜਾਣਗੇ, ਕਿਵੇਂ ਆਪਦੇ ਸਾਰੇ ਦੁੱਖਾਂ ਕਲੇਸ਼ਾਂ ਦਾ ਅੰਤ ਹੋ ਜਾਏਗਾ ਅਤੇ ਆਪ ਉੱਚੀ ਆਤਮਿਕ ਅਵਸਥਾ ਨੂੰ ਪਹੁੰਚ ਕੇ ਸਹਿਜ ਸਮਾਧੀ ਵਿਚ ਸਦਾ-ਸਦਾ ਲਈ ਸਥਿਤ ਹੋ ਜਵੋਗੇ। ਇਸ ਲਈ ਇਸ ਗੁਰ ਪ੍ਰਸਾਦੀ ਕਥਾ ਦੇ ਹਰ ਇੱਕ ਪੜ੍ਹਨ ਵਾਲੇ ਦੇ ਚਰਨਾਂ ਉੱਪਰ ਬੇਨਤੀ ਹੈ ਕਿ ਇਸ ਪਰਮ ਸ਼ਕਤੀਸ਼ਾਲੀ ਪਰਮ ਸਤਿ ਨੂੰ ਆਪਣੇ ਜੀਵਨ ਵਿਚ ਅਪਣਾਓ ਅਤੇ ਗੁਰੂ ਦੀਆਂ ਬੇਅੰਤ ਮਿਹਰਾਂ ਅਤੇ ਕਿਰਪਾ ਦੇ ਪਾਤਰ ਬਣੋ ਜੀ।

            ਅਗਲਾ ਉਦਾਹਰਣ ਗੁਰਬਾਣੀ ਵਿਚ ਪ੍ਰਗਟ ਕੀਤੇ ਗਏ ਪਰਮ ਸ਼ਕਤੀਸ਼ਾਲੀ ਸਤਿ ਤੱਤ ਦਾ ਸੰਬੰਧ ਮਨੁੱਖ ਦਾ ਸਤਿਗੁਰ ਦੇ ਚਰਨਾਂ ਉੱਪਰ ਸੰਪੂਰਨ ਸਮਰਪਣ ਨਾਲ ਹੈ। ਜੋ ਮਨੁੱਖ ਸਤਿਗੁਰ ਦੇ ਚਰਨਾਂ ਉੱਪਰ ਆਪਣਾ ਤਨ, ਮਨ, ਧਨ ਅਰਪਣ ਕਰ ਦਿੰਦੇ ਹਨ; ਉਹ ਮਨੁੱਖ ਧੰਨ ਧੰਨ ਹੋ ਜਾਂਦੇ ਹਨ। ਜੋ ਮਨੁੱਖ ਸਤਿਗੁਰ ਦੇ ਚਰਨਾਂ ਉੱਪਰ ਆਪਣਾ ਤਨ, ਮਨ, ਧਨ ਅਰਪਣ ਕਰ ਦਿੰਦੇ ਹਨ; ਉਹ ਮਨੁੱਖ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ, ਪਰਉਪਕਾਰ ਅਤੇ ਮਹਾ ਪਰਉਪਕਾਰ ਦੇ ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰ ਲੈਂਦੇ ਹਨ। ਜੋ ਮਨੁੱਖ ਸਤਿਗੁਰ ਦੇ ਚਰਨਾਂ ਉੱਪਰ ਆਪਣਾ ਤਨ, ਮਨ, ਧਨ ਅਰਪਣ ਕਰ ਦਿੰਦੇ ਹਨ; ਉਹ ਮਨੁੱਖ ਆਪਣੇ ਸਤਿਗੁਰ ਦੇ ਛੱਤਰ ਹੇਠ ਬੈਠ ਕੇ ਬੰਦਗੀ ਕਰਦੇ ਹੋਏ ਮਾਇਆ ਨੂੰ ਜਿੱਤ ਕੇ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਜਾ ਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿਚ ਅਭੇਦ ਹੋ ਜਾਂਦੇ ਹਨ। ਜੋ ਮਨੁੱਖ ਸਤਿਗੁਰ ਦੇ ਚਰਨਾਂ ਉੱਪਰ ਆਪਣਾ ਤਨ, ਮਨ, ਧਨ ਅਰਪਣ ਕਰ ਦਿੰਦੇ ਹਨ; ਉਹ ਮਨੁੱਖ ਬੰਦਗੀ ਕਰਦੇ ਹੋਏ ਆਪਣੇ ਹਿਰਦੇ ਵਿਚ ਪਰਮ ਜੋਤ ਪੂਰਨ ਪ੍ਰਕਾਸ਼ ਨੂੰ ਪ੍ਰਾਪਤ ਕਰਕੇ ਪ੍ਰਗਟਿਓ ਜੋਤ ਪੂਰਨ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਜੀਵਨ ਮੁਕਤ ਹੋ ਜਾਂਦੇ ਹਨ। ਜੋ ਮਨੁੱਖ ਸਤਿਗੁਰ ਦੇ ਚਰਨਾਂ ਉੱਪਰ ਆਪਣਾ ਤਨ, ਮਨ, ਧਨ ਅਰਪਣ ਕਰ ਦਿੰਦੇ ਹਨ; ਉਹ ਮਨੁੱਖ ਗੁਰ ਕਿਰਪਾ ਅਤੇ ਗੁਰ ਪ੍ਰਸਾਦਿ ਨਾਲ ਬੰਦਗੀ ਕਰਦੇ ਹੋਏ ਆਪਣਾ ਹਿਰਦਾ ਬੇਅੰਤ ਕਰਕੇ ਇਸਨੂੰ ਸਾਰੇ ਇਲਾਹੀ ਦਰਗਾਹੀ ਗੁਣਾਂ ਅਤੇ ਸ਼ਕਤੀਆਂ ਨਾਲ ਭਰਪੂਰ ਕਰ ਕੇ ਸੁਘੜ ਸੁਜਾਨੀ ਬਣ ਜਾਂਦੇ ਹਨ। ਤਨ, ਮਨ ਅਤੇ ਧਨ ਦੇ ਸੰਪੂਰਨ ਸਮਰਪਣ ਦੇ ਇਸ ਇਲਾਹੀ ਦਰਗਾਹੀ ਹੁਕਮ ਨੂੰ ਗੁਰਬਾਣੀ ਵਿਚ ਬਹੁਤ ਸ਼ਲੋਕਾਂ ਵਿਚ ਪ੍ਰਗਟ ਕੀਤਾ ਗਿਆ ਹੈ :-

 

ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ

(ਪੰਨਾ ੯੧੮)

 

ਤਨੁ ਮਨੁ ਧਨੁ ਅਰਪਉ ਤਿਸੈ ਪ੍ਰਭੂ ਮਿਲਾਵੈ ਮੋਹਿ

(ਪੰਨਾ ੨੫੬)

 

ਤਨੁ ਸੰਤਨ ਕਾ ਧਨੁ ਸੰਤਨ ਕਾ ਮਨੁ ਸੰਤਨ ਕਾ ਕੀਆ

ਸੰਤ ਪ੍ਰਸਾਦਿ ਹਰਿ ਨਾਮੁ ਧਿਆਇਆ ਸਰਬ ਕੁਸਲ ਤਬ ਥੀਆ

ਸੰਤਨ ਬਿਨੁ ਅਵਰੁ ਨ ਦਾਤਾ ਬੀਆ

ਜੋ ਜੋ ਸਰਣਿ ਪਰੈ ਸਾਧੂ ਕੀ ਸੋ ਪਾਰਗਰਾਮੀ ਕੀਆ ਰਹਾਉ

(ਪੰਨਾ ੬੧੦)

 

ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ

(ਪੰਨਾ ੬੭੧)

 

            ਜੋ ਮਨੁੱਖ ਸੰਤ ਸਤਿਗੁਰ ਦੇ ਚਰਨਾਂ ਉੱਪਰ ਆਪਣਾ ਤਨ, ਮਨ, ਧਨ ਅਰਪਣ ਕਰ ਦਿੰਦੇ ਹਨ; ਉਹ ਮਨੁੱਖ ਇਸ ਸੰਸਾਰ ਭਵਸਾਗਰ ਮਾਇਆ ਜਾਲ ਤੋਂ ਮੁਕਤ ਹੋ ਜਾਂਦੇ ਹਨ ਅਤੇ ਸਦਾ-ਸਦਾ ਲਈ ਦਰਗਾਹ ਵਿਚ ਮਾਨ ਪ੍ਰਾਪਤ ਕਰਕੇ ਅਮਰ ਹੋ ਜਾਂਦੇ ਹਨ। ਇਹ ਹੀ ਨਾਮ, ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦੇ ਗੁਰ ਪ੍ਰਸਾਦਿ ਨੂੰ ਪ੍ਰਾਪਤ ਕਰਨ ਦਾ ਰਹੱਸ ਹੈ। ਗੁਰ ਪ੍ਰਸਾਦਿ ਦੀ ਪ੍ਰਾਪਤੀ ਕਰਕੇ ਮਨੁੱਖ ਸਿਮਰਨ ਸਮਾਧੀ ਵਿਚ ਚਲਾ ਜਾਂਦਾ ਹੈ। ਸਮਾਧੀ ਅਤੇ ਸੁੰਨ ਸਮਾਧੀ ਵਿਚ ਸਿਮਰਨ ਕਰਦੇ ਹੋਏ ਸਾਰੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ ਅਤੇ ਸਾਰੇ ਸਤਿ ਸਰੋਵਰ ਪ੍ਰਕਾਸ਼ਮਾਨ ਹੋ ਜਾਂਦੇ ਹਨ। ਇਸ ਤਰ੍ਹਾਂ ਸਿਮਰਨ ਕਰਦੇ-ਕਰਦੇ ਮਨੁੱਖ ਮਾਇਆ ਨੂੰ ਜਿੱਤਕੇ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਪ੍ਰਾਪਤ ਕਰਕੇ ਪਰਮ ਪੱਦ ਨੂੰ ਪ੍ਰਾਪਤ ਹੋ ਜਾਂਦਾ ਹੈ।

            ਇਸੇ ਤਰ੍ਹਾਂ ਨਾਲ ਜੇਕਰ ਅਸੀਂ ਆਪਣੇ ਰੋਜ਼ਾਨਾ ਕਰਮਾਂ ਉੱਪਰ ਧਿਆਨ ਕੇਂਦਰਿਤ ਕਰੀਏ ਤਾਂ ਅਸੀਂ ਮਾਇਆ ਦੇ ਪ੍ਰਭਾਵ ਤੋਂ ਬੱਚ ਸਕਦੇ ਹਾਂ ਅਤੇ ਆਪਣੇ ਕਰਮਾਂ ਨੂੰ ਸਤਿ ਕਰਮਾਂ ਵਿਚ ਬਦਲ ਸਕਦੇ ਹਾਂ। ਨਿੰਮਰਤਾ ਵਿਚ ਰਹਿਣਾ; ਦੂਸਰਿਆਂ ਉੱਪਰ ਦਇਆ ਭਾਵ ਰੱਖਣਾ; ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੋਂ ਬੱਚ ਕੇ ਰਹਿਣਾ; ਤ੍ਰਿਸ਼ਨਾ ਦੇ ਜਾਲ ਵਿਚ ਨਾ ਫੱਸਣਾ; ਕਿਸੇ ਦੇ ਹਿਰਦੇ ਨੂੰ ਕੱਸ਼ਟ ਨਾ ਦੇਣਾ; ਕਿਸੇ ਨੂੰ ਦੁੱਖ ਨਾ ਦੇਣਾ; ਸਦਾ ਸਤਿ ਬੋਲਣਾ; ਮਨ ਕਰਕੇ ਅਤੇ ਤਨ ਕਰਕੇ ਪਾਪ ਕਰਮਾਂ ਤੋਂ ਬੱਚਣਾ; ਪਰ ਨਿੰਦਿਆ, ਚੁਗਲੀ ਅਤੇ ਬਖੀਲੀ ਤੋਂ ਬੱਚਣਾ; ਰਿਸ਼ਵਤ ਖ਼ੋਰੀ ਤੋਂ ਬੱਚਣਾ; ਚੋਰ ਬਾਜ਼ਾਰੀ ਤੋਂ ਬੱਚਣਾ; ਕਿਸੇ ਦਾ ਕਿਸੇ ਕਿਸਮ ਦਾ ਨੁਕਸਾਨ ਨਾ ਕਰਨਾ; ਕਿਸੇ ਵਾਸਤੇ ਅਪ ਸ਼ਬਦਾਂ ਨੂੰ ਨਾ ਵਰਤਣਾ; ਸਰਬੱਤਦਾ ਭਲਾ ਮੰਗਣਾ ਅਤੇ ਕਰਨਾ; ਪਰਉਪਕਾਰ ਕਰਨਾ; ਗਰੀਬਾਂ ਨੂੰ ਅਤੇ ਜ਼ਰੂਰਤ ਮੰਦਾਂ ਦੀ ਹਰ ਤਰੀਕੇ ਨਾਲ ਸਹਾਇਤਾ ਕਰਨੀ; ਸ਼ਰਮ, ਧਨ ਅਤੇ ਗਰੀਬਾਂ ਨੂੰ ਸਹਾਇਤਾ ਕਰਨ ਵਾਲੇ ਪਦਾਰਥਾਂ ਦਾ ਦਾਨ ਕਰਨਾ; ਸੰਜਮ ਵਿਚ ਰਹਿਣਾ; ਸਤਿ ਸੰਤੋਖ਼ ਵਿਚ ਰਹਿਣਾ; ਨਾ ਜ਼ੁਲਮ ਕਰਨਾ ਅਤੇ ਨਾ ਹੀ ਜ਼ੁਲਮ ਸਹਿਣਾ; ਸਦਾ ਨਿਆਂ ਵਿਚ ਵਿਸ਼ਵਾਸ ਰੱਖਣਾ ਅਤੇ ਨਿਆਂ ਕਰਨ ਤੋਂ ਕਦੇ ਪਿੱਛੇ ਨਹੀ ਹੱਟਣਾ; ਬੁਰਿਆਈਆਂ ਦਾ ਤਿਆਗ ਕਰਨਾ ਅਤੇ ਚੰਗਿਆਈਆਂ ਉੱਪਰ ਧਿਆਨ ਕੇਂਦਰਿਤ ਕਰਨਾ ਆਦਿ ਇਹ ਸਾਰੇ ਸਤਿ ਕਰਮ ਹਨ ਜਿਨ੍ਹਾਂ ਉੱਪਰ ਆਪਣਾ ਧਿਆਨ ਕੇਂਦਰਿਤ ਕਰਕੇ ਅਸੀਂ ਆਪਣੇ ਕਰਮਾਂ ਨੂੰ ਸਤਿ ਕਰਮਾਂ ਵਿਚ ਬਦਲ ਸਕਦੇ ਹਾਂ ਅਤੇ ਆਪਣੇ ਕਰਮਾਂ ਵਿਚੋਂ ਧਰਮ ਨੂੰ ਉੱਤਪੰਨ ਕਰ ਸਕਦੇ ਹਾਂ। ਭਾਵ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਮਿਲਣ ਦਾ ਮਾਰਗ ਤਿਆਰ ਕਰ ਸਕਦੇ ਹਾਂ।   

 

ਗਿਆਨ ਖੰਡ:

 

            ਇਹ ਉਹ ਅਵਸਥਾ ਹੈ ਜਦ ਤੁਸੀਂ ਗੁਰਬਾਣੀ ਨੂੰ ਪੜ੍ਹਦੇ ਅਤੇ ਸੁਣਦੇ ਹੋ, ਗੁਰਬਾਣੀ ਨੂੰ ਸਵੀਕਾਰ ਕਰਦੇ ਹੋ ਅਤੇ ਫਿਰ ਇਸਨੂੰ ਰੋਜ਼ਾਨਾ ਜੀਵਨ ਵਿੱਚ ਅਮਲ ਵਿੱਚ ਲਿਆਉਂਦੇ ਹੋ। ਜਿਹੜੀ ਵੀ ਬ੍ਰਹਮ ਗਿਆਨ ਅੰਮ੍ਰਿਤ ਦੀ ਬੂੰਦ ਤੁਹਾਡੇ ਅੰਦਰ ਪ੍ਰਕਾਸ਼ਮਾਨ ਹੁੰਦੀ ਹੈ; ਤੁਸੀਂ ਝੱਟ ਪੱਟ ਉਸਨੂੰ ਆਪਣੇ ਰੋਜ਼ਾਨਾ ਜੀਵਨ ਦਾ ਅੰਗ ਬਣਾ ਲੈਂਦੇ ਹੋ। ਜੋ ਜੋ ਗੁਰਬਾਣੀ ਵਿਚਾਰ ਤੁਹਾਨੂੰ ਸਮਝ ਵਿੱਚ ਆਉਂਦਾ ਹੈ ਤੁਸੀਂ ਬਿਨਾਂ ਇੱਕ ਪੱਲ ਗੁਆਏ ਉਸ ਨੂੰ ਆਪਣੇ ਜੀਵਨ ਜੀਉਣ ਦੀ ਕਲਾ ਬਣਾ ਲੈਂਦੇ ਹੋ। ਇਸ ਤਰ੍ਹਾਂ ਤੁਹਾਡੇ ਰੋਜ਼ਾਨਾ ਜੀਵਨ ਵਿੱਚ ਪਰਿਵਰਤਨ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਹੀ ਰਹਿਮਤ ਦਾ ਸਦਕਾ ਤੁਹਾਡਾ ਮਨ ਸਾਫ ਹੋਣਾ ਸ਼ੁਰੂ ਹੋ ਜਾਂਦਾ ਹੈ, ਮਨ ਦੀ ਮੈਲ ਧੁੱਲ੍ਹਣੀ ਸ਼ੁਰੂ ਹੋ ਜਾਂਦੀ ਹੈ ਅਤੇ ਮਨ ਤੇ ਨਵੀਂ ਮੈਲ ਚੜ੍ਹਣੀ ਬੰਦ ਹੋ ਜਾਂਦੀ ਹੈ, ਮਨ ਵਿੱਚ ਮਾੜੇ ਅਤੇ ਹੀਨ ਫੁਰਨੇ ਘੱਟਣੇ ਸ਼ੁਰੂ ਹੋ ਜਾਂਦੇ ਹਨ। ਮਨ ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ ਹੈ। ਤੁਹਾਡੇ ਸਾਰੇ ਕਰਮ ਸਤਿ ਕਰਮ ਹੋਣੇ ਸ਼ੁਰੂ ਹੋ ਜਾਂਦੇ ਹਨ। ਤੁਹਾਡੇ ਸਾਰੇ ਪੁਰਾਤਨ ਅਸਤਿ ਕਰਮਾਂ ਦਾ ਭਾਰ ਘੱਟਣਾ ਸ਼ੁਰੂ ਹੋ ਜਾਂਦਾ ਹੈ। ਜਦ ਮਨੁੱਖ ਦੇ ਕਰਮ ਸਤਿ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਮਨੁੱਖ ਦੇ ਕਰਮਾਂ ਵਿਚ ਸਤਿ ਵਰਤਣਾ ਸ਼ੁਰੂ ਹੋ ਜਾਂਦਾ ਹੈ ਤਾਂ ਫਿਰ ਸਤਿ ਕਰਮ ਕਰਦੇ-ਕਰਦੇ ਇਹ ਅਵਸਥਾ ਬਣ ਜਾਂਦੀ ਹੈ ਜਿਸ ਵਿਚ ਮਨੁੱਖ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਕਿਰਪਾ ਨਾਲ ਸਤੋ ਬਿਰਤੀ ਵਿਚ ਵਿਚਰਦੇ ਹੋਏ ਰੂਹਾਨੀਅਤ ਦੇ ਗਿਆਨ ਦੇ ਅਨੁਭਵ ਹੋਣੇ ਸ਼ੁਰੂ ਹੋ ਜਾਂਦੇ ਹਨ। ਗੁਰਬਾਣੀ ਮਨੁੱਖ ਦੇ ਹਿਰਦੇ ਨੂੰ ਚੀਰ ਕੇ ਅੰਦਰ ਪ੍ਰਵੇਸ਼ ਕਰ ਜਾਂਦੀ ਹੈ। ਗੁਰ ਕਾ ਸ਼ਬਦ ਸੁਣਦੇ ਹੀ ਮਨੁੱਖ ਦਾ ਹਿਰਦਾ ਬੈਰਾਗ ਵਿਚ ਜਾਣਾ ਸ਼ੁਰੂ ਹੋ ਜਾਂਦਾ ਹੈ। ਤੁਸੀਂ ਆਪਣੀ ਰੂਹਾਨੀ ਤਰੱਕੀ ਵੱਲ ਵੱਧਣਾ ਸ਼ੁਰੂ ਕਰ ਦਿੰਦੇ ਹੋ। ਤੁਹਾਡਾ ਰੂਹਾਨੀ ਸਫਰ ਹੁਣ ਸ਼ੁਰੂ ਹੋ ਜਾਂਦਾ ਹੈ। ਗੁਰ ਕੇ ਸ਼ਬਦ ਦੀ ਕਮਾਈ ਦੀ ਤਾਂਘ ਹਿਰਦੇ ਨੂੰ ਘੋਖਣ ਲੱਗ ਜਾਂਦੀ ਹੈ। ਜਿਵੇਂ-ਜਿਵੇਂ ਤੁਸੀਂ ਗੁਰ ਕਾ ਸ਼ਬਦ ਦਾ ਅਭਿਆਸ ਕਰਨ ਦਾ ਯਤਨ ਕਰਦੇ ਹੋ ਤੁਹਾਨੂੰ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਹੈ। ਤੁਸੀਂ ਅੰਤਰ ਮੁਖੀ ਹੋਣਾ ਸ਼ੁਰੂ ਹੋ ਜਾਂਦੇ ਹੋ।

            ਜਿਵੇਂ-ਜਿਵੇਂ ਬੈਰਾਗ ਵੱਧਦਾ ਹੈ, ਗੁਰ ਕਾ ਸ਼ਬਦ ਦੇ ਅਭਿਆਸ ਦੀ ਤਾਂਘ ਵੱਧਦੀ ਹੈ, ਗੁਰਬਾਣੀ ਨਾਲ ਪਿਆਰ ਵੱਧਦਾ ਹੈ, ਗੁਰੂ ਦੇ ਨਾਲ ਪਿਆਰ ਵੱਧਦਾ ਹੈ, ਗੁਰੂ ਉੱਪਰ ਵਿਸ਼ਵਾਸ ਅਤੇ ਸ਼ਰਧਾ ਵੱਧਦੀ ਹੈ, ਸਤਿ ਸੰਗਤ ਵਿਚ ਜਾਣ ਦੀ ਤਾਂਘ ਵੱਧਦੀ ਹੈ, ਨਾਮ ਜੱਪਣ ਦੀ ਤਾਂਘ ਵੱਧਦੀ ਹੈ, ਪੁੰਨ ਕਰਮ ਕਰਨ ਦੀ ਤਾਂਘ ਵੱਧਦੀ ਹੈ, ਪਰਉਪਕਾਰ ਕਰਨ ਦੀ ਤਾਂਘ ਵੱਧਦੀ ਹੈ। ਜਦ ਐਸੀ ਕਿਰਪਾ ਹੁੰਦੀ ਹੈ ਤਾਂ ਭਰਮਾਂ ਦਾ ਨਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਚਿਤ ਦੀ ਇਕਾਗਰਤਾ ਵੱਧਣੀ ਸ਼ੁਰੂ ਹੋ ਜਾਂਦੀ ਹੈ। ਮਾਇਆ ਦਾ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਹੈ। ਪੰਜ ਦੂਤ ਮਨੁੱਖ ਨੂੰ ਆਪਣੇ ਘੇਰੇ ਵਿਚ ਕਿਵੇਂ ਰੱਖਦੇ ਹਨ ਇਹ ਅਨੁਭਵ ਹੋਣੇ ਸ਼ੁਰੂ ਹੋ ਜਾਂਦੇ ਹਨ। ਮਨੁੱਖ ਨੂੰ ਆਪਣੀ ਰੋਜ਼ਾਨਾ ਕਰਨੀ ਵਿਚ ਤਰੁੱਟੀਆਂ ਨਜ਼ਰ ਆਉਣ ਲੱਗ ਪੈਂਦੀਆਂ ਹਨ। ਚੰਗੇ ਮਾੜੇ ਕਰਮਾਂ ਵਿਚ ਅੰਤਰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਤ੍ਰਿਸ਼ਨਾ ਦੀ ਸਮਝ ਪੈ ਜਾਂਦੀ ਹੈ। ਤ੍ਰਿਸ਼ਨਾ ਮਨੁੱਖ ਨੂੰ ਕਿਵੇਂ ਗਲਤ ਕਰਮ ਕਰਨ ਲਈ ਉਕਸਾਉਂਦੀ ਹੈ ਇਸ ਦੀ ਸੋਝੀ ਪੈਣੀ ਸ਼ੁਰੂ ਹੋ ਜਾਂਦੀ ਹੈ। ਮਾਇਆ ਦਾ ਖੇਲ ਸਮਝ ਪੈਣਾ ਸ਼ੁਰੂ ਹੋ ਜਾਂਦਾ ਹੈ। ਸੰਸਾਰ ਨੂੰ ਮਾਇਆ ਕਿਵੇਂ ਚਲਾ ਰਹੀ ਹੈ ਇਹ ਗਿਆਨ ਹੋ ਜਾਂਦਾ ਹੈ। ਸੰਸਾਰ ਮਾਇਆ ਜਾਲ ਹੈ ਭਵਸਾਗਰ ਹੈ ਇਹ ਗਿਆਨ ਹੋ ਜਾਂਦਾ ਹੈ। ਧੰਨ ਧੰਨ ਸੰਤ ਸਤਿਗੁਰ ਕਬੀਰ ਪਾਤਸ਼ਾਹ ਜੀ ਨੇ ਇਸ ਅਵਸਥਾ ਨੂੰ ਆਪਣੀ ਬੰਦਗੀ ਦੇ ਆਧਾਰ ਉੱਪਰ ਆਪਣੇ ਇਸ ਪਰਮ ਸੁੰਦਰ ਸ਼ਲੋਕ ਵਿਚ ਬਿਆਨ ਕੀਤਾ ਹੈ :- 

 

ਰਾਗੁ ਗਉੜੀ ਚੇਤੀ

ਦੇਖੌ ਭਾਈ ਗ੍ਯ੍ਯਾਨ ਕੀ ਆਈ ਆਂਧੀ

ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ ਰਹਾਉ

ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹ ਬਲੇਡਾ ਟੂਟਾ

ਤਿਸਨਾ ਛਾਨਿ ਪਰੀ ਧਰ ਊਪਰਿ ਦੁਰਮਤਿ ਭਾਂਡਾ ਫੂਟਾ

ਆਂਧੀ ਪਾਛੇ ਜੋ ਜਲੁ ਬਰਖੈ ਤਿਹਿ ਤੇਰਾ ਜਨੁ ਭੀਨਾਂ

ਕਹਿ ਕਬੀਰ ਮਨਿ ਭਇਆ ਪ੍ਰਗਾਸਾ ਉਦੈ ਭਾਨੁ ਜਬ ਚੀਨਾ ੪੩

(ਪੰਨਾ ੩੩੧)

 

            ਜਿਵੇਂ ਕਿ ਜੋਰਾਂ ਦੀ ਹਨੇਰੀ ਆਉਣ ਦੇ ਨਾਲ ਕੱਚੀ ਕੱਖਾਂ ਦੀ ਬਣੀ ਹੋਈ ਕੁੱਲੀ ਟੁੱਟ ਜਾਂਦੀ ਹੈ ਅਤੇ ਸਾਰੇ ਕੱਖ ਖੇਰੂੰ-ਖੇਰੂੰ ਹੋ ਕੇ ਉੱਡ ਜਾਂਦੇ ਹਨ ਅਤੇ ਕੁੱਲੀ ਵਿਚ ਰਹਿਣ ਵਾਲੇ ਮਨੁੱਖ ਦਾ ਜੋ ਹਾਲ ਹੁੰਦਾ ਹੈ ਅਤੇ ਇਸ ਸ਼ਿਖਰਾਂ ਦੀ ਹਨੇਰੀ ਵਿਚ ਉਸਦੇ ਬਚਾਵ ਦਾ ਕੋਈ ਸਾਧਨ ਨਹੀਂ ਰਹਿੰਦਾ ਹੈ। ਠੀਕ ਇਸੇ ਤਰ੍ਹਾਂ ਨਾਲ ਜਦ ਗਿਆਨ ਦੀ ਹਨੇਰੀ ਆਉਂਦੀ ਹੈ ਤਾਂ ਮਨੁੱਖੀ ਮਨ ਉੱਪਰ ਬੁਣਿਆ ਹੋਇਆ ਮਾਇਆ ਦਾ ਸਾਰਾ ਜਾਲ ਖੇਰੂੰ-ਖੇਰੂੰ ਹੋ ਜਾਂਦਾ ਹੈ। ਮਨੁੱਖ ਦਾ ਮਨ ਤ੍ਰਿਸ਼ਨਾ ਦੇ ਮਾਇਆ ਜਾਲ ਵਿਚੋਂ ਉੱਡ ਕੇ ਬਾਹਰ ਨਿਕਲਣ ਦੇ ਯਤਨਾਂ ਵਿਚ ਜੁੱਟ ਜਾਂਦਾ ਹੈ। ਦੁਰਮਤਿ ਦਾ ਨਾਸ ਹੋ ਜਾਂਦਾ ਹੈ ਅਤੇ ਗੁਰਮਤਿ ਦਾ ਪ੍ਰਕਾਸ਼ ਹੋ ਜਾਂਦਾ ਹੈ। ਮਨੁੱਖ ਦੇ ਭਰਮਾਂ ਦਾ ਨਾਸ ਹੋ ਜਾਂਦਾ ਹੈ ਅਤੇ ਮਨੁੱਖ ਦੋ ਚਿੱਤੀ ਵਿਚੋਂ ਨਿਕਲ ਕੇ ਇੱਕ ਮਨ ਇੱਕ ਚਿੱਤ ਵੱਲ ਵੱਧਣਾ ਸ਼ੁਰੂ ਹੋ ਜਾਂਦਾ ਹੈ। ਦੁਬਿਧਾ ਦਾ ਨਾਸ ਹੋ ਜਾਂਦਾ ਹੈ ਅਤੇ ਮਨੁੱਖ ਦੇ ਹਿਰਦੇ ਵਿਚ ਅੰਮ੍ਰਿਤ ਦਾ ਪ੍ਰਕਾਸ਼ ਹੋ ਜਾਂਦਾ ਹੈ। ਹਨੇਰੀ ਤੋਂ ਬਾਅਦ ਖੇਰੂੰ- ਖੇਰੂੰ ਹੋਈ ਕੁੱਲੀ ਵਿਚ ਜਿਵੇਂ ਬਰਖਾ ਹੋਣ ਤੇ ਮਨੁੱਖ ਭਿੱਜ ਜਾਂਦਾ ਹੈ; ਠੀਕ ਉਸੇ ਤਰ੍ਹਾਂ ਜਦ ਗਿਆਨ ਦੀ ਹਨੇਰੀ ਆਉਣ ਤੇ ਮਨੁੱਖ ਦੀ ਦੁਬਿਧਾ, ਭਰਮ, ਅਤੇ ਮਾਇਆ ਜਾਲ ਟੁੱਟਦਾ ਹੈ ਅਤੇ ਜਦ ਮਨੁੱਖ ਦੇ ਹਿਰਦੇ ਅੰਦਰ ਗੁਰਮਤਿ ਦਾ ਪ੍ਰਕਾਸ਼ ਹੋ ਜਾਂਦਾ ਹੈ ਤਾਂ ਉਸਦਾ ਹਿਰਦਾ ਇਸ ਪਰਮ ਸ਼ਕਤੀਸ਼ਾਲੀ ਗਿਆਨ ਦੀ ਬਰਖਾ, ਅੰਮ੍ਰਿਤ ਦੀ ਬਰਖਾ ਨਾਲ ਭਿੱਜ ਜਾਂਦਾ ਹੈ। ਸਾਰੇ ਝੂਠੇ ਸੰਸਾਰਕ ਆਸਰਿਆਂ ਦੀ ਥੰਮੀ ਟੁੱਟ ਜਾਂਦੀ ਹੈ। ਭਾਵ ਸੰਸਾਰਕ ਆਸਰਿਆਂ ਵਿਚ ਉਲਝੇ ਹੋਏ ਮਨ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਇੱਕ ਸੱਚੇ ਆਸਰੇ ਦੀ ਸੋਝੀ ਪੈ ਜਾਂਦੀ ਹੈ ਅਤੇ ਮਨ ਅਡੋਲ ਹੋ ਜਾਂਦਾ ਹੈ। ਸੰਸਾਰਕ ਆਸਰਿਆਂ ਉੱਪਰ ਟਿਕਿਆ ਹੋਇਆ ਮੋਹ ਮਾਇਆ ਦੇ ਭਰਮ ਦਾ ਨਾਸ ਹੋ ਜਾਂਦਾ ਹੈ ਅਤੇ ਮਨੁੱਖ ਨੂੰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਇੱਕੋ ਇੱਕ ਸੱਚੇ ਆਸਰੇ ਦਾ ਗਿਆਨ ਹੋ ਜਾਂਦਾ ਹੈ। ਤ੍ਰਿਸ਼ਨਾ ਰੂਪੀ ਛੱਪਰ ਭੂੰਏ ਆਣ ਗਿਰਣ ਨਾਲ ਦੁਰਮਤਿ ਦਾ ਭਾਂਡਾ ਭੱਜ ਜਾਂਦਾ ਹੈ। ਦੁਰਮਤਿ ਮੁੱਕ ਜਾਂਦੀ ਹੈ ਅਤੇ ਗੁਰਮਤਿ ਨਾਲ ਪਿਆਰ, ਸ਼ਰਧਾ ਅਤੇ ਗੁਰਮਤਿ ਉੱਪਰ ਵਿਸ਼ਵਾਸ ਬਣ ਜਾਂਦਾ ਹੈ। ਮਨੁੱਖ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸ਼ਰਧਾ, ਪ੍ਰੀਤ ਅਤੇ ਵਿਸ਼ਵਾਸ ਵਿਚ ਬੱਧ ਜਾਂਦਾ ਹੈ। ਗਿਆਨ ਦੀ ਹਨੇਰੀ ਤੋਂ ਬਾਅਦ ਫਿਰ ਜੋ ਅੰਮ੍ਰਿਤ ਦੀ ਬਰਖਾ ਹੁੰਦੀ ਹੈ ਮਨੁੱਖ ਦਾ ਹਿਰਦਾ ਉਸ ਵਿਚ ਭਿੱਜ ਜਾਂਦਾ ਹੈ।

            ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਸਮਝ ਆ ਜਾਂਦੀ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਪਰਮ ਸ਼ਕਤੀਆਂ ਦੀ ਮਹਿਮਾ ਸਮਝ ਆ ਜਾਂਦੀ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਬਣਾਈ ਹੋਈ ਸ੍ਰਿਸ਼ਟੀ ਦੀ ਰਚਨਾ ਦਾ ਆਧਾਰ ਅਤੇ ਬੇਅੰਤਤਾ ਦੀ ਸਮਝ ਆ ਜਾਂਦੀ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਸ੍ਰਿਸ਼ਟੀ ਵਿਚ ਰਚੀ ਗਈ ਪਵਨ, ਪਾਣੀ ਅਤੇ ਬੈਸੰਤਰ ਦੀ ਮਹਿਮਾ ਸਮਝ ਆ ਜਾਂਦੀ ਹੈ। ਪਵਨ ਗੁਰੂ ਹੈ, ਪਾਣੀ ਜਗਤ ਦਾ ਪਿਤਾ ਹੈ। ਪਵਨ ਤੋਂ ਬਿਨਾਂ ਅਤੇ ਪਾਣੀ ਤੋਂ ਬਿਨਾਂ ਕਿਵੇਂ ਸ੍ਰਿਸ਼ਟੀ ਵਿਚ ਜੀਵਨ ਨਹੀਂ ਹੋ ਸਕਦਾ ਇਸ ਪਰਮ ਸਤਿ ਤੱਤ ਦੀ ਸਮਝ ਆ ਜਾਂਦੀ ਹੈ। ਭਾਵ ਕਿਵੇਂ ਪਵਨ ਗੁਰੂ ਅਤੇ ਪਾਣੀ ਪਿਤਾ ਜੀਵਨ ਦਾਤਾ ਹਨ ਅਤੇ ਇਨ੍ਹਾਂ ਤੱਤਾਂ ਨਾਲ ਕਿਵੇਂ ਜੀਵਨ ਚੱਲਦਾ ਹੈ; ਇਸ ਦਾ ਗਿਆਨ ਹੋ ਜਾਂਦਾ ਹੈ। ਮਨੁੱਖ ਨੂੰ ਕੁਦਰਤ ਅਤੇ ਕੁਦਰਤ ਦੇ ਕਰਿਸ਼ਮੇ ਸਮਝ ਆਉਣੇ ਸ਼ੁਰੂ ਹੋ ਜਾਂਦੇ ਹਨ। ਕੁਦਰਤ ਦੀ ਬੇਅੰਤਤਾ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ।

            ਕਈ ਕਰਮ ਭੂਮੀਆਂ ਹਨ ਅਤੇ ਇਨ੍ਹਾਂ ਕਰਮ ਭੂਮੀਆਂ ਉੱਪਰ ਕਈ ਪਵਨ, ਪਾਣੀ ਅਤੇ ਬੈਸੰਤਰ ਹਨ ਜੋ ਕਿ ਕਰਮ ਕਾਂਡ ਦੀ ਨੀਂਵ ਰੱਖਦੇ ਹਨ। ਕਈ ਧਰਤੀਆਂ ਹਨ ਜਿੱਥੇ ਪਵਨ, ਪਾਣੀ, ਬੈਸੰਤਰ, ਧਰਤੀ ਅਤੇ ਆਕਾਸ਼ ਦੇ ਸੁਮੇਲ ਨਾਲ ਜੀਵਨ ਮੌਜੂਦ ਹੈ। ਇਨ੍ਹਾਂ ਧਰਤੀਆਂ ਉੱਪਰ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਅਨੇਕਾਂ ਖਾਣੀਆਂ ਅਤੇ ਬਾਣੀਆਂ ਵਾਲੇ ਜੀਵਾਂ ਦੀ ਰਚਨਾ ਕਰਕੇ ਉਨ੍ਹਾਂ ਦੇ ਕਰਮ ਕਾਂਡ ਨਿਰਮਿਤ ਕਰਕੇ ਉਨ੍ਹਾਂ ਸ੍ਰਿਸ਼ਟੀਆਂ ਨੂੰ ਆਪਣੀਆਂ ਪਰਮ ਸ਼ਕਤੀਆਂ ਨਾਲ ਚਲਾ ਰਿਹਾ ਹੈ। ਇਨ੍ਹਾਂ ਹਰ ਇੱਕ ਵੱਖੋ-ਵੱਖ ਸ੍ਰਿਸ਼ਟੀਆਂ ਦੀਆਂ ਰਚਨਾਤਮਕ ਸ਼ਕਤੀਆਂ : ਬ੍ਰਹਮਾ – ਰਚਨਾ ਕਰਨ ਵਾਲੀ ਪਰਮ ਸ਼ਕਤੀ; ਵਿਸ਼ਨੂੰ – ਪਾਲਣਾ ਕਰਨ ਵਾਲੀ ਪਰਮ ਸ਼ਕਤੀ; ਅਤੇ ਸ਼ਿਵਾ – ਸੰਘਾਰ ਕਰਨ ਵਾਲੀ ਪਰਮ ਸ਼ਕਤੀ ਹਨ। ਇਸ ਤਰ੍ਹਾਂ ਨਾਲ ਸਾਰੀਆਂ ਸ੍ਰਿਸ਼ਟੀਆਂ ਵਿਚ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਰੂਪੀ ਕਈ ਸ਼ਕਤੀਆਂ ਹਨ।

            ਇਨ੍ਹਾਂ ਸ੍ਰਿਸ਼ਟੀਆਂ ਵਿਚ ਕਈ ਇੰਦਰ ਦੇਵਤੇ ਹਨ ਅਤੇ ਉਨ੍ਹਾਂ ਦੇ ਰਾਜ ਵਿਚ ਕਈ ਦੇਵੀ ਦੇਵਤੇ ਹਨ। ਕਈ ਸੌਰਮੰਡਲ ਹਨ। ਕਈ ਸੂਰਜ ਅਤੇ ਚੰਦਰਮੇ ਹਨ। ਜਿਵੇਂ ਜਿਸ ਧਰਤੀ ਉੱਪਰ ਅਸੀਂ ਵਾਸ ਕਰਦੇ ਹਾਂ ਅਤੇ ਸਾਡੀ ਧਰਤੀ ਦੇ ਚੌਗਿਰਦ ਇੱਕ ਸੌਰ ਮੰਡਲ ਹੈ। ਇਸੇ ਤਰ੍ਹਾਂ ਨਾਲ ਇਨ੍ਹਾਂ ਸਾਰੀਆਂ ਸ੍ਰਿਸ਼ਟੀਆਂ ਦੇ ਆਪੋ ਆਪਣੇ ਸੌਰ ਮੰਡਲ ਹਨ। ਹਰ ਇੱਕ ਸ੍ਰਿਸ਼ਟੀ ਵਿਚ ਅਲਗ-ਅਲਗ ਖਾਣੀਆਂ ਵਿਚ ਪੈਦਾ ਹੋਏ ਅਤੇ ਅਲਗ-ਅਲਗ ਬਾਣੀਆਂ ਬੋਲਣ ਵਾਲੇ ਜੀਵ ਜੀਵਨ ਜੀ ਰਹੇ ਹਨ ਅਤੇ ਆਪਣੇ ਕਰਮ ਕਾਂਡ ਨੂੰ ਅੰਜਾਮ ਦੇ ਰਹੇ ਹਨ। ਜਿਵੇਂ ਕਿ ਸਾਡੀ ਧਰਤੀ ਉੱਪਰ ਅਤੇ ਸ੍ਰਿਸ਼ਟੀ ਵਿਚ ਬੇਅੰਤ ਭਗਤ ਹੋਏ ਹਨ ਅਤੇ ਹੁਣ ਵੀ ਸੰਸਾਰ ਵਿਚ ਵਿਚਰ ਰਹੇ ਹਨ ਅਤੇ ਉਪਦੇਸ਼ ਦੇ ਰਹੇ ਹਨ। ਇਸੇ ਤਰ੍ਹਾਂ ਨਾਲ ਸਾਰੀਆਂ ਸ੍ਰਿਸ਼ਟੀਆਂ ਵਿਚ ਵੀ ਬੇਅੰਤ ਭਗਤ ਗੁਣ ਗਿਆਨ ਵਿਚਾਰ ਕਰਦੇ ਹੋਏ ਬੰਦਗੀ ਵਿਚ ਲੀਨ ਹਨ ਅਤੇ ਬਾਕੀ ਦੇ ਪ੍ਰਾਣੀਆਂ ਨੂੰ ਉਪਦੇਸ਼ ਦੇ ਰਹੇ ਹਨ। ਜਿਵੇਂ ਕਿ ਸਾਡੀ ਧਰਤੀ ਉੱਪਰ ਕਈ ਸਿੱਧ ਪੁਰਖ ਅਤੇ ਮਹਾਤਮਾ ਬੁੱਧ ਵਰਗੇ ਤਪੱਸਵੀ, ਬ੍ਰਹਮ ਗਿਆਨੀ, ਸੰਤ, ਭਗਤ, ਸਤਿਗੁਰ, ਅਵਤਾਰ ਅਤੇ ਖਾਲਸੇ ਹੋਏ ਹਨ ਅਤੇ ਹੋ ਰਹੇ ਹਨ। ਠੀਕ ਇਸੇ ਤਰ੍ਹਾਂ ਹੀ ਇਨ੍ਹਾਂ ਸਾਰੀਆਂ ਸ੍ਰਿਸ਼ਟੀਆਂ ਵਿਚ ਵੀ ਐਸੇ ਹੀ ਕਈ ਸਿੱਧ ਪੁਰਖ ਅਤੇ ਮਹਾਤਮਾ ਬੁੱਧ ਵਰਗੇ ਤਪੱਸਵੀ, ਬ੍ਰਹਮ ਗਿਆਨੀ, ਸੰਤ, ਭਗਤ, ਸਤਿਗੁਰ, ਅਵਤਾਰ ਅਤੇ ਖਾਲਸੇ ਹੋਏ ਹਨ ਅਤੇ ਹੋ ਰਹੇ ਹਨ।

            ਸ੍ਰਿਸ਼ਟੀ ਦੀ ਰਚਨਾ ਵਿਚ ਬੇਅੰਤ ਦੇਵੀ ਦੇਵਤੇ ਹਨ, ਬੇਅੰਤ ਦਾਨਵ ਹਨ, ਬੇਅੰਤ ਰਿਸ਼ੀ ਅਤੇ ਮੁਨੀ ਹਨ, ਬੇਅੰਤ ਕਿਸਮ ਦੀ ਧਨ ਸੰਪਦਾ ਦੇ ਭੰਡਾਰ ਹਨ, ਬੇਅੰਤ ਰਤਨਾਂ ਨਾਲ ਭਰਪੂਰ ਸਮੁੰਦਰ ਹਨ, ਬੇਅੰਤ ਪਾਤਸ਼ਾਹ ਅਤੇ ਰਾਜੇ ਹਨ, ਬੇਅੰਤ ਪ੍ਰਕਾਰ ਦੀਆਂ ਖਾਣੀਆਂ ਹਨ; ਜਿਨ੍ਹਾਂ ਵਿਚ ਜੀਵ ਜੰਮਦੇ ਹਨ, ਬੇਅੰਤ ਪ੍ਰਕਾਰ ਦੀਆਂ ਇਨ੍ਹਾਂ ਜੀਵਾਂ ਦੀਆਂ ਬਾਣੀਆਂ ਹਨ, ਬੇਅੰਤ ਜੀਵ ਸੁਰਤ ਵਿਚ ਧਿਆਨ ਲਗਾ ਕੇ ਬੈਠਦੇ ਹਨ, ਬੇਅੰਤ ਕਿਸਮ ਦੇ ਧਿਆਨ ਲਗਾਉਣ ਦੇ ਤਰੀਕੇ ਹਨ, ਬੇਅੰਤ ਸੇਵਕ ਜਨ ਹਨ, ਇਨ੍ਹਾਂ ਸਾਰਿਆਂ ਦਾ ਕੋਈ ਅੰਤ ਨਹੀਂ ਪਾ ਸਕਦਾ ਹੈ।

            ਇਸ ਪਉੜੀ ਵਿਚ ਪ੍ਰਗਟ ਕੀਤੇ ਗਏ ਪੂਰਨ ਬ੍ਰਹਮ ਗਿਆਨ ਦੇ ਸਾਰੇ ਸ਼ਬਦਾਂ ਦਾ ਇਹ ਹੀ ਭਾਵ ਹੈ ਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਬੇਅੰਤ ਹੈ, ਅਨੰਤ ਹੈ, ਅਪਰੰਪਰ ਹੈ, ਅਪਾਰ ਹੈ, ਅਗੰਮ ਹੈ, ਅਗੋਚਰ ਹੈ ਅਤੇ ਉਸਦੀਆਂ ਬਣਾਈਆਂ ਗਈਆਂ ਸਾਰੀਆਂ ਸ੍ਰਿਸ਼ਟੀਆਂ ਵੀ ਬੇਅੰਤ ਹਨ। ਇਸ ਪਰਮ ਸਤਿ ਤੱਤ ਦਾ ਗਿਆਨ ਮਨੁੱਖ ਨੂੰ ਹੋ ਜਾਂਦਾ ਹੈ। ਸਤਿ ਪਾਰਬ੍ਰਹਮ ਦੀ ਬੇਅੰਤਤਾ ਦੀ ਮਹਿਮਾ ਮਨੁੱਖ ਨੂੰ ਗਿਆਨ ਖੰਡ ਵਿਚ ਸਮਝ ਆ ਜਾਂਦੀ ਹੈ।       

            ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਾਮ ਦੀ ਮਹਿਮਾ ਸਮਝ ਆ ਜਾਂਦੀ ਹੈ। ਨਾਮ ਸਿਮਰਨ ਦੀ ਮਹਿਮਾ ਸਮਝ ਆ ਜਾਂਦੀ ਹੈ। ਨਾਮ ਦੀ ਕਮਾਈ ਦੀ ਮਹਿਮਾ ਸਮਝ ਆ ਜਾਂਦੀ ਹੈ। ਪੂਰਨ ਬੰਦਗੀ ਦੀ ਮਹਿਮਾ ਸਮਝ ਆ ਜਾਂਦੀ ਹੈ। ਗੁਰਬਾਣੀ ਦੇ ਪੂਰਨ ਬ੍ਰਹਮ ਗਿਆਨ ਦੀ ਮਹਿਮਾ ਸਮਝ ਆ ਜਾਂਦੀ ਹੈ। ਸਤਿ ਦੀ ਮਹਿਮਾ ਸਮਝ ਆ ਜਾਂਦੀ ਹੈ। ਸਤਿ ਸੰਗਤ ਦਾ ਗਿਆਨ ਹੋ ਜਾਂਦਾ ਹੈ। ਸਤਿ ਸੰਗਤ ਦੀ ਮਹਿਮਾ ਸਮਝ ਆ ਜਾਂਦੀ ਹੈ। ਸੰਤ ਦੀ ਸੰਗਤ ਦਾ ਗਿਆਨ ਹੋ ਜਾਂਦਾ ਹੈ। ਸੰਤ ਦੀ ਮਹਿਮਾ ਸਮਝ ਆ ਜਾਂਦੀ ਹੈ। ਸਤਿਗੁਰ ਦੀ ਮਹਿਮਾ ਦਾ ਗਿਆਨ ਹੋ ਜਾਂਦਾ ਹੈ। ਬ੍ਰਹਮ ਗਿਆਨੀ ਦੀ ਮਹਿਮਾ ਦਾ ਗਿਆਨ ਹੋ ਜਾਂਦਾ ਹੈ। ਸਤਿਗੁਰ ਅਵਤਾਰਾਂ ਦੀ ਮਹਿਮਾ ਸਮਝ ਆ ਜਾਂਦੀ ਹੈ। ਨਾਮ ਜੱਪਣ ਵਾਲਿਆਂ ਦਾ ਗਿਆਨ ਹੋ ਜਾਂਦਾ ਹੈ। ਸੁਹਾਗਣ ਅਤੇ ਸਦਾ ਸੁਹਾਗਣ ਦੀ ਮਹਿਮਾ ਦਾ ਗਿਆਨ ਹੋ ਜਾਂਦਾ ਹੈ। ਸਿੱਖ, ਗੁਰਸਿੱਖਅਤੇ ਗੁਰਮੁਖ ਦੀ ਮਹਿਮਾ ਸਮਝ ਆ ਜਾਂਦੀ ਹੈ। ਪਰਮ ਪੱਦਵੀ, ਸਹਿਜ ਅਵਸਥਾ ਅਤੇ ਅਟੱਲ ਅਵਸਥਾ ਦੀ ਮਹਿਮਾ ਸਮਝ ਆ ਜਾਂਦੀ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਸਮਝ ਪੈ ਜਾਂਦੀ ਹੈ। ਅੰਦਰਲੀ ਰਹਿਤ ਜੋ ਕਿ ਮਾਇਆ ਨੂੰ ਜਿੱਤਣ ਦੀ ਰਹਿਤ ਹੈ ਉਸ ਦੀ ਸੋਝੀ ਆ ਜਾਂਦੀ ਹੈ। ਸਿਮਰਨ, ਅਜਪਾ ਜਾਪ, ਸਮਾਧੀ, ਸੁੰਨ ਸਮਾਧੀ ਅਤੇ ਰੋਮ ਰੋਮ ਸਿਮਰਨ ਦੀਆਂ ਪਰਮ ਅਵਸਥਾਵਾਂ ਦੀ ਮਹਿਮਾ ਸਮਝ ਆ ਜਾਂਦੀ ਹੈ। ਸਤਿ ਸਰੋਵਰਾਂ ਦੀ ਮਹਿਮਾ ਸਮਝ ਆ ਜਾਂਦੀ ਹੈ। ਸਾਰੇ ਬੱਜਰ ਕਪਾਟਾਂ ਦੀ ਮਹਿਮਾ ਸਮਝ ਆ ਜਾਂਦੀ ਹੈ। ਗੁਰ ਪ੍ਰਸਾਦਿ ਦੀ ਮਹਿਮਾ ਦਾ ਗਿਆਨ ਹੋ ਜਾਂਦਾ ਹੈ।

            ਸਤਿ ਸੰਗਤ ਦੀ ਪ੍ਰਾਪਤੀ ਦੀ ਤਾਂਘ ਬਹੁਤ ਪ੍ਰਬਲ ਹੋ ਜਾਂਦੀ ਹੈ। ਗੁਰ ਪ੍ਰਸਾਦਿ ਦੀ ਪ੍ਰਾਪਤੀ ਦੀ ਤਾਂਘ ਬਹੁਤ ਪ੍ਰਬਲ ਹੋ ਜਾਂਦੀ ਹੈ। ਸੰਤ ਦੀ ਸੰਗਤ ਪ੍ਰਾਪਤ ਕਰਨ ਦੀ ਤਾਂਘ ਬਹੁਤ ਪ੍ਰਬਲ ਹੋ ਜਾਂਦੀ ਹੈ। ਬੈਰਾਗ ਆਉਣਾ ਸ਼ੁਰੂ ਹੋ ਜਾਂਦਾ ਹੈ। ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਦੀ ਤਾਂਘ ਬਹੁਤ ਪ੍ਰਬਲ ਹੋ ਜਾਂਦੀ ਹੈ। ਨਾਮ ਜੱਪਣਅਤੇ ਨਾਮ ਦੀ ਕਮਾਈ ਕਰਨ ਦੀ ਤਾਂਘ ਬਹੁਤ ਪ੍ਰਬਲ ਹੋ ਜਾਂਦੀ ਹੈ। ਬਾਣੀ ਤੁਹਾਡਾ ਮਾਰਗ ਦਰਸ਼ਨ ਕਰਨ ਲੱਗ ਪੈਂਦੀ ਹੈ ਅਤੇ ਤੁਸੀਂ ਬੰਦਗੀ ਦੀ ਅਗਲੀ ਅਵਸਥਾ ਵਿੱਚ ਪਰਵੇਸ਼ ਕਰ ਜਾਂਦੇ ਹੋ। ਅਗਲੀ ਅਵਸਥਾ ਦੀ ਮਹਿਮਾ ਅਗਲੀ ਪਉੜੀ ਵਿਚ ਬਿਆਨ ਕੀਤੀ ਗਈ ਹੈ।