ਨਿਰਵੈਰ

“ਨਿਰਵੈਰ” ਹੋਣਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਗਲੀ ਪਰਮ ਸ਼ਕਤੀ ਹੈ । ਇਸ ਪਰਮ ਸ਼ਕਤੀ ਨੂੰ ਗੁਣੀ ਨਿਧਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਪਰਮ ਗੁਣ ਵੀ ਕਿਹਾ ਜਾਂਦਾ ਹੈ । ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ “ਕਰਤਾ ਪੁਰਖ” ਹੈ ਅਤੇ ਸਾਰੀ ਰਚਨਾ ਵਿੱਚ ਆਪ ਸਮਾਇਆ ਹੋਇਆ ਹੈ ਅਤੇ ਸਾਰੀ ਸਿਰਜਨਾ ਦੀ ਆਪ ਸੇਵਾ ਸੰਭਾਲਤਾ ਕਰ ਰਿਹਾ ਹੈ, ਇਸ ਲਈ ਉਸ ਨਾਲ ਕਿਸੇ ਦਾ ਵੈਰ ਨਹੀਂ ਹੈ । ਇਸ ਲਈ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ “ਨਿਰਵੈਰ” ਹੈ । ਕਿਉਂਕਿ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ “ਨਿਰਵੈਰ” ਹੈ ਇਸ ਲਈ ਉਹ “ਇਕ ਦ੍ਰਿਸ਼ਟ” ਹੈ । “ਇਕ ਦ੍ਰਿਸ਼ਟ” ਹੋਣ ਕਾਰਣ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸਾਰੀ ਸ੍ਰਿਸ਼ਟੀ ਨਾਲ ਇਕਸਾਰ ਪਿਆਰ ਹੈ ਅਤੇ ਉਸ ਦੇ ਦਰ ਤੇ ਕਿਸੇ ਨਾਲ ਵੀ ਕੋਈ ਭੇਦਭਾਵ ਨਹੀਂ ਹੈ । ਉਹ ਕਿਸੇ ਦੇ ਵੀ ਅਵਗੁਣ ਨਹੀਂ ਚਿੱਤਾਰਦਾ ਹੈ । ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਸਰਬੱਤ ਖੰਡਾਂ ਬ੍ਰਹਮੰਡਾਂ, ਲਖ ਚਉਰਾਸੀ ਮੇਦਨੀ ਦੇ ਨਾਲ ਵੀ ਵੈਰ ਨਹੀਂ ਹੈ । ਉਹ ਸਭ ਸ੍ਰਿਸ਼ਟੀ ਦਾ ਮਿੱਤਰ ਹੈ । ਉਹ ਸਭਨਾਂ ਦਾ ਮਾਂ-ਪਿਉ ਹੈ । ਮਹਾ ਪਰਉਪਕਾਰੀ ਹੈ ਅਤੇ ਸਭ ਦਾ ਭਲਾ ਮੰਗਦਾ ਹੈ । ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਦਰਗਾਹ ਦੇ ਦਰਵਾਜੇ ਸਾਰੀ ਸ੍ਰਿਸ਼ਟੀ (ਸਾਰੀ ਲੋਕਾਈ) ਲਈ ਸਦਾ ਸਦਾ ਲਈ ਖ਼ੁਲ੍ਹੇ ਹਨ । “ਇਕ ਦ੍ਰਿਸ਼ਟ” ਹੋਣ ਕਾਰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਬੇਅੰਤ ਦਿਆਲੂ ਹੈ, ਬੇਅੰਤ ਕਿਰਪਾਲੂ ਹੈ, ਇਸ ਕਾਰਣ ਉਹ ਬੇਅੰਤ ਬਖਸ਼ਣਹਾਰਾ ਹੈ । ਸਾਡੇ ਸਾਰੇ ਜਨਮਾਂ ਜਨਮਾਂਤਰ੍ਹਾਂ ਦੇ ਬੇਅੰਤ ਗੁਨਾਹ ਬਖ਼ਸ਼ਣ ਵਿੱਚ ਇਕ ਖਿਣ ਵੀ ਨਹੀਂ ਲਾਉਂਦਾਂ ਹੈ । ਆਪਣੀ ਛੋਟੀ ਤੋਂ ਛੋਟੀ ਅਤੇ ਨੀਵੀਂ ਤੋ ਨੀਵੀਂ ਰਚਨਾ ਵਿੱਚ ਵੀ ਆਪ ਸਮਾਇਆ ਹੋਣ ਕਾਰਣ ਉਹ ਬੇਅੰਤ ਨਿੰਮਰਤਾ ਦਾ ਸੋਮਾ ਹੈ ।

ਬੇਅੰਤ ਨਿੰਮਰਤਾ ਦੀ ਇਸ ਪਰਮ ਸ਼ਕਤੀ ਦਾ ਮਾਲਕ ਹੋਣ ਕਾਰਣ ਉਸਦੀ ਪ੍ਰਾਪਤੀ ਦਾ ਮਾਰਗ ਅਤਿ ਹਲੀਮੀ ਦਾ ਮਾਰਗ ਹੈ । ਇਸੇ ਲਈ ਅਤਿ ਬੇਅੰਤ ਨਿਰਮਾਣਤਾ ਅਤੇ ਹਲੀਮੀ ਦਰਗਾਹ ਦੀ ਕੁੰਜੀ ਹੈ । ਇਸ ਲਈ “ਨਿਰਵੈਰ” ਬਣਨ ਦੀ ਇਸ ਪਰਮ ਸ਼ਕਤੀ ਦੀ ਪ੍ਰਾਪਤੀ ਨਾਲ ਹੀ ਅਕਾਲ ਪੁਰਖ ਵਿੱਚ ਅਭੇਦ ਹੋਇਆ ਜਾ ਸਕਦਾ ਹੈ । “ਨਿਰਵੈਰ” ਹੋਣ ਦੀ ਪਰਮ ਸ਼ਕਤੀ ਦੀ ਪ੍ਰਾਪਤੀ ਦਾ ਅਰਥ ਹੈ: ਇਕ ਦ੍ਰਿਸ਼ਟ ਹੋ ਜਾਣ ਦੀ ਪਰਮ ਸ਼ਕਤੀ ਦੀ ਪ੍ਰਾਪਤੀ; ਪਰਮ ਦਿਆਲਤਾ ਦੀ ਪਰਮ ਸ਼ਕਤੀ ਦੀ ਪ੍ਰਾਪਤੀ; ਗੁਨਾਹਗਾਰਾਂ ਨੂੰ ਬਖ਼ਸ਼ਣ ਦੀ ਪਰਮ ਸ਼ਕਤੀ ਦੀ ਪ੍ਰਾਪਤੀ; ਬੇਅੰਤ ਨਿਰਮਾਣਤਾ ਅਤੇ ਹਲੀਮੀ ਦੀ ਪਰਮ ਸ਼ਕਤੀ ਦੀ ਪ੍ਰਾਪਤੀ । “ਨਿਰਵੈਰ” ਹੋਣ ਦਾ ਅਰਥ ਹੈ: ਇਕ ਦ੍ਰਿਸ਼ਟ ਹੋਣ ਦੇ ਪਰਮ ਗੁਣ ਦੀ ਪ੍ਰਾਪਤੀ; ਪਰਮ ਦਿਆਲੂ ਹੋਣ ਦੇ ਪਰਮ ਗੁਣ ਦੀ ਪ੍ਰਾਪਤੀ; ਗੁਨਾਹਗਾਰਾਂ ਨੂੰ ਬਖ਼ਸ਼ਣ ਦੇ ਪਰਮ ਗੁਣ ਦੀ ਪ੍ਰਾਪਤੀ; ਬੇਅੰਤ ਨਿਮਰਤਾ ਅਤੇ ਹਲੀਮੀ ਦੇ ਪਰਮ ਗੁਣ ਦੀ ਪ੍ਰਾਪਤੀ ਅਤੇ ਇਨ੍ਹਾਂ ਪਰਮ ਗੁਣਾਂ ਨਾਲ ਅਪਣੇ ਹਿਰਦੇ ਨੂੰ ਭਰਪੂਰ ਕਰ ਲੈਣ ਦੇ ਗੁਰਪਰਸਾਦਿ ਦੀ ਪ੍ਰਾਪਤੀ । ਸਾਡੇ ਮਨੁੱਖਾ ਜੀਵਨ ਲਈ ਆਪਣੀ ਬੰਦਗੀ ਨੂੰ ਪੂਰਨ ਅਵਸਥਾ ਵਿੱਚ ਵੇਖਣ ਲਈ “ਨਿਰਵੈਰ” ਦਾ ਇਹ ਤੱਥ ਸਮਝਣਾ ਬੇਅੰਤ ਜਰੂਰੀ ਹੈ । ਕਿਉਂਕਿ ਕੇਵਲ “ਨਿਰਵੈਰੁ” ਹੀ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਵਿੱਚ ਜਾ ਸਕਦਾ ਹੈ । ਕੇਵਲ “ਨਿਰਵੈਰੁ” ਹੀ ਪੂਰਨ “ਸਤਿ” ਵਿੱਚ ਸਮਾ ਸਕਦਾ ਹੈ । ਕੇਵਲ “ਨਿਰਵੈਰੁ” ਹੀ ਮਾਇਆ ਨੂੰ ਜਿੱਤ ਕੇ ਤ੍ਰਿਹ ਗੁਣ ਤੇ ਪਰ੍ਹੇ ਜਾਕੇ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਹੋ ਸਕਦਾ ਹੈ । ਕੇਵਲ “ਨਿਰਵੈਰੁ” ਹੀ ਪੂਰਨ ਸਤਿ ਦੀ ਸੇਵਾ ਕਰ ਸਕਦਾ ਹੈ । ਕੇਵਲ “ਨਿਰਵੈਰ” ਹੀ ਪੂਰਨ ਸਤਿ ਨੂੰ ਵਰਤਾ ਸਕਦਾ ਹੈ । ਇਸ ਲਈ ਮਨੁੱਖਾ ਜੀਵਨ ਨੂੰ ਅਕਾਲ ਪੁਰਖ ਵਿੱਚ ਅਭੇਦ ਹੋਣ ਲਈ “ਨਿਰਵੈਰੁ” ਅਵਸਥਾ ਦੀ ਪ੍ਰਾਪਤੀ ਕਰਨਾ ਅਤੇ ਪੂਰਨ ਬੰਦਗੀ ਲਈ ਦਰਗਾਹੀ ਹੁਕਮ ਹੈ । ਕੇਵਲ “ਨਿਰਵੈਰ” ਮਨੁੱਖ ਹੀ ਪਰਉਪਕਾਰ ਅਤੇ ਮਹਾਪਰਉਪਕਾਰ ਦੇ ਗੁਰਪਰਸਾਦਿ ਦੀ ਬਖ਼ਸ਼ਿਸ਼ ਪ੍ਰਾਪਤ ਕਰ ਸਕਦਾ ਹੈ । ਕੇਵਲ “ਨਿਰਵੈਰ” ਮਨੁੱਖ ਹੀ ਪੂਰਨ ਬੰਦਗੀ ਅਤੇ ਸਦਾ ਸੁਹਾਗ ਪ੍ਰਾਪਤ ਕਰ ਸਕਦਾ ਹੈ ।